ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਾਠ ਪੁਸਤਕਾਂ ’ਚ ‘ਭਾਰਤ’ ਤੇ ‘ਇੰਡੀਆ’ ਦੀ ਬਰਾਬਰ ਵਰਤੋਂ: ਐੱਨਸੀਈਆਰਟੀ ਮੁਖੀ

ਸੋਧੀਆਂ ਹੋਈਆਂ ਪਾਠ ਪੁਸਤਕਾਂ ਦੇ ਸਬੰਧ ’ਚ ਬਹਿਸ ਨੂੰ ਪੂਰੀ ਤਰ੍ਹਾਂ ਅਰਥਹੀਣ ਦੱਸਿਆ
Advertisement

ਨਵੀਂ ਦਿੱਲੀ, 17 ਜੂਨ

ਐੱਨਸੀਈਆਰਟੀ ਦੇ ਡਾਇਰੈਕਟਰ ਦਿਨੇਸ਼ ਪ੍ਰਸਾਦ ਸਕਲਾਨੀ ਨੇ ਕਿਹਾ ਕਿ ਐੱਨਸੀਈਆਰਟੀ ਦੀਆਂ ਪਾਠ ਪੁਸਤਕਾਂ ’ਚ ‘ਭਾਰਤ’ ਤੇ ‘ਇੰਡੀਆ’ ਦੀ ਬਰਾਬਰ ਵਰਤੋਂ ਕੀਤੀ ਜਾਵੇਗੀ ਜਿਵੇਂ ਕਿ ਦੇਸ਼ ’ਚ ਸੰਵਿਧਾਨ ਵਿੱਚ ਹੈ। ਇਹ ਟਿੱਪਣੀਆਂ ਸਮਾਜਿਕ ਵਿਗਿਆਨ ਦੀ ਪਾਠ ਪੁਸਤਕ ’ਤੇ ਕੰਮ ਕਰ ਰਹੀ ਇੱਕ ਉੱਚ ਪੱਧਰੀ ਕਮੇਟੀ ਵੱਲੋਂ ਇਹ ਸਿਫਾਰਸ਼ ਕੀਤੇ ਜਾਣ ਦੇ ਮੱਦੇਨਜ਼ਰ ਅਹਿਮ ਹਨ ਕਿ ਸਾਰੀਆਂ ਕਲਾਸਾਂ ਦੀਆਂ ਸਕੂਲੀ ਪਾਠ ਪੁਸਤਕਾਂ ’ਚ ‘ਇੰਡੀਆ’ ਦੀ ਥਾਂ ‘ਭਾਰਤ’ ਸ਼ਬਦ ਹੋਣਾ ਚਾਹੀਦਾ ਹੈ।

Advertisement

ਇੱਥੇ ਪੀਟੀਆਈ ਦੇ ਹੈੱਡਕੁਆਰਟਰ ’ਚ ਸੰਪਾਦਕਾਂ ਨਾਲ ਗੱਲਬਾਤ ਦੌਰਾਨ ਐੱਨਸੀਈਆਰਟੀ ਮੁਖੀ ਨੇ ਕਿਹਾ ਕਿ ਕਿਤਾਬਾਂ ’ਚ ਦੋਵਾਂ ਸ਼ਬਦਾਂ ਦੀ ਵਰਤੋਂ ਕੀਤੀ ਜਾਵੇਗੀ ਅਤੇ ਕੌਂਸਲ ਨੂੰ ‘ਭਾਰਤ’ ਜਾਂ ‘ਇੰਡੀਆ’ ਤੋਂ ਪਰਹੇਜ਼ ਨਹੀਂ ਹੈ। ਉਨ੍ਹਾਂ ਕਿਹਾ, ‘ਇਹ ਬਰਾਬਰ ਵਰਤੋਂ ਯੋਗ ਹਨ। ਸਾਡਾ ਰੁਖ਼ ਉਹੀ ਹੈ ਜੋ ਸਾਡਾ ਸੰਵਿਧਾਨ ਕਹਿੰਦਾ ਹੈ ਅਤੇ ਅਸੀਂ ਉਸ ’ਤੇ ਕਾਇਮ ਹਾਂ। ਅਸੀਂ ਭਾਰਤ ਦੀ ਵਰਤੋਂ ਕਰ ਸਕਦੇ ਹਾਂ, ਅਸੀਂ ਇੰਡੀਆ ਦੀ ਵਰਤੋਂ ਕਰ ਸਕਦੇ ਹਾਂ, ਇਸ ਵਿੱਚ ਸਮੱਸਿਆ ਕੀ ਹੈ? ਅਸੀਂ ਇਸ ਬਹਿਸ ’ਚ ਨਹੀਂ ਹਾਂ। ਜਿੱਥੇ ਵੀ ਸਾਨੂੰ ਠੀਕ ਲੱਗੇ ਅਸੀਂ ਇੰਡੀਆ ਦੀ ਵਰਤੋਂ ਕਰਾਂਗੇ, ਜਿੱਥੇ ਵੀ ਸਾਨੂੰ ਠੀਕ ਲੱਗੇਗਾ ਅਸੀਂ ਭਾਰਤ ਦੀ ਵਰਤੋਂ ਕਰਾਂਗੇ। ਸਾਨੂੰ ਭਾਰਤ ਜਾਂ ਇੰਡੀਆ ਤੋਂ ਪਰਹੇਜ਼ ਨਹੀਂ ਹੈ।’ ਸਕਲਾਨੀ ਨੇ ਕਿਹਾ, ‘ਤੁਸੀਂ ਦੇਖ ਸਕਦੇ ਹੋ ਕਿ ਦੋਵਾਂ ਦੀ ਵਰਤੋਂ ਸਾਡੀਆਂ ਪਾਠ ਪੁਸਤਕਾਂ ’ਚ ਪਹਿਲਾਂ ਤੋਂ ਹੀ ਕੀਤੀ ਜਾ ਰਹੀ ਹੈ ਅਤੇ ਨਵੀਆਂ ਪਾਠ ਪੁਸਤਕਾਂ ’ਚ ਵੀ ਇਹ ਜਾਰੀ ਰਹੇਗੀ। ਇਹ ਇੱਕ ਬੇਕਾਰ ਬਹਿਸ ਹੈ।’

ਕਮੇਟੀ ਦੇ ਪ੍ਰਧਾਨ ਸੀਆਈ ਇਸਾਕ ਨੇ ਕਿਹਾ ਸੀ ਕਿ ਉਨ੍ਹਾਂ ਪਾਠ ਪੁਸਤਕਾਂ ’ਚ ‘ਇੰਡੀਆ’ ਦੀ ਥਾਂ ’ਤੇ ‘ਭਾਰਤ’ ਸ਼ਬਦ ਰੱਖਣ, ਸਿਲੇਬਸ ’ਚ ‘ਪ੍ਰਾਚੀਨ ਇਤਿਹਾਸ’ ਦੀ ਥਾਂ ’ਤੇ ‘ਸ਼ਾਸਤਰੀ ਇਤਿਹਾਸ’ ਨੂੰ ਸ਼ਾਮਲ ਕਰਨ ਤੇ ਸਾਰੇ ਵਿਸ਼ਿਆਂ ਦੇ ਸਿਲੇਬਸ ’ਚ ਭਾਰਤੀ ਗਿਆਨ ਪ੍ਰਣਾਲੀ ਨੂੰ ਸ਼ਾਮਲ ਕਰਨ ਦਾ ਸੁਝਾਅ ਦਿੱਤਾ ਹੈ। -ਪੀਟੀਆਈ

ਆਰਐੱਸਐੱਸ ਦੇ ਸਹਿਯੋਗੀ ਵਜੋਂ ਕੰਮ ਕਰ ਰਹੀ ਹੈ ਐੱਨਸੀਈਆਰਟੀ: ਕਾਂਗਰਸ

ਨਵੀਂ ਦਿੱਲੀ: ਐੱਨਸੀਈਆਰਟੀ ਦੀਆਂ ਪਾਠ ਪੁਸਤਕਾਂ ਸੋਧ ਨੂੰ ਲੈ ਕੇ ਚੱਲ ਰਹੇ ਵਿਵਾਦ ਵਿਚਾਲੇ ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਅੱਜ ਦੋਸ਼ ਲਾਇਆ ਕਿ ਇਹ ਸੰਸਥਾ 2014 ਤੋਂ ਆਰਐੱਸਐੱਸ ਦੀ ਸਹਿਯੋਗੀ ਸੰਸਥਾ ਵਜੋਂ ਕੰਮ ਕਰ ਰਹੀ ਹੈ ਅਤੇ ਸੰਵਿਧਾਨ ’ਤੇ ਹਮਲੇ ਕਰ ਰਹੀ ਹੈ। ਰਮੇਸ਼ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਸ ਪੋਸਟ ’ਚ ਕਿਹਾ ਕਿ ਕੌਮੀ ਪ੍ਰੀਖਿਆ ਏਜੰਸੀ (ਐੱਨਟੀਏ) ਨੇ ਨੀਟ-2024 ਪ੍ਰੀਖਿਆ ’ਚ ਗਰੇਸ ਅੰਕ ਵਿਵਾਦ ਲਈ ਐੱਨਸੀਈਆਰਟੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾ ਦੋਸ਼ ਲਾਇਆ ਕਿ ਇਹ ਸਿਰਫ਼ ਐੱਨਟੀਏ ਦੀਆਂ ਆਪਣੀਆਂ ਨਾਕਾਮੀਆਂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਹੈ। ਕਾਂਗਰਸ ਨੇਤਾ ਨੇ ਕਿਹਾ, ‘ਹਾਲਾਂਕਿ ਇਹ ਸੱਚ ਹੈ ਕਿ ਐੱਨਸੀਈਆਰਟੀ ਹੁਣ ਪੇਸ਼ੇਵਰ ਸੰਸਥਾ ਨਹੀਂ ਰਹੀ। ਇਹ 2014 ਤੋਂ ਆਰਐੱਸਐੱਸ ਨਾਲ ਸਬੰਧਤ ਸੰਸਥਾ ਵਜੋਂ ਕੰਮ ਕਰ ਰਹੀ ਹੈ। ਹੁਣੇ-ਹੁਣੇ ਪਤਾ ਲੱਗਾ ਹੈ ਕਿ ਇਸ ਦੀ 11ਵੀਂ ਕਲਾਸ ਦੀ ਰਾਜਨੀਤੀ ਵਿਗਿਆਨ ਦੀ ਸੋਧੀ ਹੋਈ ਪਾਠ ਪੁਸਤਕ ’ਚ ਧਰਮ ਨਿਰਪੱਖਤਾ ਦੇ ਵਿਚਾਰ ਦੀ ਆਲੋਚਨਾ ਕੀਤੀ ਗਈ ਹੈ।’ ਰਮੇਸ਼ ਨੇ ਕਿਹਾ, ‘ਐੱਨਸੀਈਆਰਟੀ ਦਾ ਕੰਮ ਕਿਤਾਬਾਂ ਪ੍ਰਕਾਸ਼ਤ ਕਰਨਾ ਹੈ, ਸਿਆਸੀ ਪਰਚੇ ਜਾਰੀ ਕਰਨਾ ਜਾਂ ਭੰਡੀ ਪ੍ਰਚਾਰ ਕਰਨਾ ਨਹੀਂ।’ ਉਨ੍ਹਾਂ ਕਿਹਾ, ‘ਐੱਨਸੀਈਆਰਟੀ ਸਾਡੇ ਦੇਸ਼ ਦੇ ਸੰਵਿਧਾਨ ’ਤੇ ਹਮਲਾ ਕਰ ਰਹੀ ਹੈ ਜਿਸ ਦੀ ਪ੍ਰਸਤਾਵਨਾ ’ਚ ਧਰਮ ਨਿਰਪੱਖਤਾ ਨੂੰ ਸਪੱਸ਼ਟ ਤੌਰ ’ਤੇ ਭਾਰਤੀ ਗਣਰਾਜ ਦੇ ਬੁਨਿਆਦੀ ਥੰਮ੍ਹਾਂ ਵਜੋਂ ਦਰਸਾਇਆ ਗਿਆ ਹੈ। ਸੁਪਰੀਮ ਕੋਰਟ ਦੇ ਵੱਖ ਵੱਖ ਫ਼ੈਸਲਿਆਂ ਨੇ ਸਪੱਸ਼ਟ ਤੌਰ ’ਤੇ ਧਰਮ ਨਿਰਪੱਖਤਾ ਨੂੰ ਸੰਵਿਧਾਨ ਦੀ ਮੂਲ ਸੰਰਚਨਾ ਦਾ ਇੱਕ ਲਾਜ਼ਮੀ ਹਿੱਸਾ ਮੰਨਿਆ ਹੈ।’ ਤ੍ਰਿਣਾਮੂਲ ਕਾਂਗਰਸ ਦੇ ਨੇਤਾ ਸਾਕੇਤ ਗੋਖਲੇ ਨੇ ਵੀ ਐੱਨਸੀਈਆਰਟੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ, ‘ਬੇਸ਼ਰਮ ਐੱਨਡੀਏ 1.0 ਸਰਕਾਰ, ਵਿਦਿਆਰਥੀਆਂ ਤੋਂ ਕੁਝ ਤੱਥ ਲੁਕਾ ਰਹੀ ਹੈ ਅਤੇ ਦਾਅਵਾ ਕਰ ਰਹੀ ਹੈ ਕਿ ਇਹ ਤੱਥ ‘ਅਸਹਿਜ ਕਰਨ ਵਾਲੇ’ ਹਨ।’ ਉਨ੍ਹਾਂ ਕਿਹਾ ਕਿ ਇਸ ਤਰਕ ਦੇ ਹਿਸਾਬ ਨਾਲ ਤਾਂ ਬੱਚਿਆਂ ਨੂੰ ਵਿਸ਼ਵ ਜੰਗ ਜਿਹੀਆਂ ਹੋਰ ਹਿੰਸਕ ਘਟਨਾਵਾਂ ਬਾਰੇ ਕਿਉਂ ਪੜ੍ਹਾਇਆ ਜਾਵੇ। -ਪੀਟੀਆਈ

ਯੋਗੇਂਦਰ ਯਾਦਵ ਤੇ ਸੁਹਾਸ ਪਲਸ਼ੀਕਰ ਵੱਲੋਂ ਐੱਨਸੀਈਆਰਟੀ ਨੂੰ ਕਾਨੂੰਨੀ ਕਾਰਵਾਈ ਦੀ ਚਿਤਾਵਨੀ

ਨਵੀਂ ਦਿੱਲੀ: ਰਾਜਨੀਤਕ ਵਿਗਿਆਨੀ ਯੋਗੇਂਦਰ ਯਾਦਵ ਤੇ ਸੁਹਾਸ ਪਲੀਸ਼ਕਰ ਨੇ ਅੱਜ ਐੱਨਸੀਈਆਰਟੀ ਨੂੰ ਪੱਤਰ ਲਿਖ ਕੇ ਨਵੀਆਂ ਪਾਠ ਪੁਸਤਕਾਂ ’ਚ ਉਨ੍ਹਾਂ ਦੇ ਨਾਂ ਹੋਣ ’ਤੇ ਇਤਰਾਜ਼ ਜ਼ਾਹਿਰ ਕੀਤਾ ਤੇ ਕਿਹਾ ਜੇ ਉਨ੍ਹਾਂ ਦੇ ਨਾਵਾਂ ਵਾਲੀਆਂ ਇਹ ਪੁਸਤਕਾਂ ਤੁਰੰਤ ਨਾ ਹਟਾਈਆਂ ਗਈਆਂ ਤਾਂ ਉਹ ਕਾਨੂੰਨੀ ਰਾਹ ਤਲਾਸ਼ਣਗੇ। ਪਲਸ਼ੀਕਰ ਤੇ ਯਾਦਵ ਨੇ ਕਿਹਾ ਕਿ ਪਾਠ ਪੁਸਤਕਾਂ ਦੀ ਸਮੀਖਿਆ ਤੋਂ ਉਨ੍ਹਾਂ ਖੁਦ ਨੂੰ ਵੱਖ ਕਰ ਲਿਆ ਸੀ। ਉਨ੍ਹਾਂ ਆਪਣੇ ਪੱਤਰ ’ਚ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਐੱਨਸੀਈਆਰਟੀ ਉਨ੍ਹਾਂ ਦੇ ਨਾਂ ਹੇਠ ਵਿਦਿਆਰਥੀਆਂ ਨੂੰ ਰਾਜਨੀਤੀ ਵਿਗਿਆਨ ਦੀਆਂ ਅਜਿਹੀਆਂ ਪਾਠ ਪੁਸਤਕਾਂ ਦੇਵੇ ਜੋ ਰਾਜਨੀਤਕ ਪੱਖੋਂ ਪੱਖਪਾਤੀ, ਅਕਾਦਮਿਕ ਤੌਰ ’ਤੇ ਨਾਕਾਮ ਤੇ ਸਿੱਖਿਆ ਪੱਖੋਂ ਬੇਕਾਰ ਹਨ। ਉਹ ਦੋਵੇਂ ਰਾਜਨੀਤੀ ਵਿਗਿਆਨ ਦੀਆਂ ਪਾਠ ਪੁਸਤਕਾਂ ਲਈ ਮੁੱਖ ਸਲਾਹਕਾਰ ਸਨ। ਉਨ੍ਹਾਂ ਪਿਛਲੇ ਸਾਲ ਕਿਹਾ ਸੀ ਕਿ ਪਾਠ ਪੁਸਤਕਾਂ ਦੀ ਸਮੱਗਰੀ ਘਟਾਉਣ ਦੀ ਕਵਾਇਦ ਨੇ ਪੁਸਤਕਾਂ ਨੂੰ ਅਕਾਦਮਿਕ ਤੌਰ ’ਤੇ ਗੈਰ-ਵਾਜਬ ਬਣਾ ਦਿੱਤਾ ਤੇ ਪੁਸਤਕਾਂ ’ਚੋਂ ਉਨ੍ਹਾਂ ਦੇ ਨਾਂ ਹਟਾਏ ਜਾਣ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਪਾਠ ਪੁਸਤਕਾਂ ਪਹਿਲਾਂ ਉਨ੍ਹਾਂ ਲਈ ਮਾਣ ਦਾ ਸਰੋਤ ਸਨ ਜੋ ਹੁਣ ਸ਼ਰਮਿੰਦਗੀ ਦਾ ਸਬੱਬ ਬਣ ਗਈਆਂ ਹਨ। -ਪੀਟੀਆਈ

Advertisement
Tags :
ncert news