ਲੁਧਿਆਣੇ ’ਚ ਦਹਿਸ਼ਤਗਰਦਾਂ ਦਾ ਪੁਲੀਸ ਨਾਲ ਮੁਕਾਬਲਾ
ਲੁਧਿਆਣਾ ਪੁਲੀਸ ਨਾਲ ਮੁਕਾਬਲੇ ’ਚ ਅੱਜ ਦੋ ਦਹਿਸ਼ਤਗਰਦ ਜ਼ਖਮੀ ਹੋ ਗਏ ਜੋ ਇਥੋਂ ਹੈਂਡ ਗਰਨੇਡ ਲੈਣ ਆਏ ਸਨ। ਪੁਲੀਸ ਨੇ ਇਹ ਕਰਵਾਈ ਕਰਦਿਆਂ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ ਐੱਸ ਆਈ ਨਾਲ ਸਬੰਧਤ ਪਾਕਿਸਤਾਨੀ ਅਤਿਵਾਦੀ ਮੌਡਿਊਲ ਵੱੱਲੋਂ ਪੰਜਾਬ ’ਚ ਅੰਜਾਮ ਦਿੱਤੀ ਜਾਣ ਵਾਲੀ ਵੱਡੀ ਵਾਰਦਾਤ ਨਾਕਾਮ ਬਣਾ ਦਿੱਤੀ। ਜ਼ਖਮੀ ਮੁਲਜ਼ਮਾਂ ਦੀ ਪਛਾਣ ਦੀਪਕ ਅਤੇ ਰਾਮ ਲਾਲ ਵਜੋਂ ਹੋਈ ਹੈ।
ਪੁਲੀਸ ਨੇ ਦੱਸਿਆ ਕਿ ਲੁਧਿਆਣਾ ਪੁਲੀਸ ਦਾ ਦੋ ਦਹਿਸ਼ਤਗਰਦਾਂ ਨਾਲ ਮੁਕਾਬਲਾ ਲਾਡੋਵਾਲ ਨੇੜੇ ਹੋਇਆ। ਦੋਵੇਂ ਮੁਲਜ਼ਮ ਪਾਕਿਸਤਾਨ ਤੋਂ ਦੱਸੀ ਗਈ ਜਗ੍ਹਾ ਤੋਂ ਹੈਂਡ ਗਰਨੇਡ ਲੈਣ ਲਈ ਆਏ ਸਨ। ਸੂਹ ਮਿਲਣ ’ਤੇ ਪਿੱਛਾ ਕਰ ਪੁਲੀਸ ਵੱਲੋਂ ਲਾਡੋਵਾਲ ਟੌਲ ਪਲਾਜ਼ਾ ’ਤੇ ਰੋਕਣ ਦੌਰਾਨ ਦਹਿਸ਼ਤਗਰਦਾਂ ਨੇ ਅੱਗੇ ਜਾ ਕੇ ਪੁਲੀਸ ਵਾਹਨ ’ਤੇ ਗੋਲੀਆਂ ਚਲਾ ਦਿੱਤੀਆਂ। ਪੁਲੀਸ ਦੀ ਜਵਾਬੀ ਕਾਰਵਾਈ ’ਚ ਦੋਵੇਂ ਮੁਲਜ਼ਮ ਜ਼ਖ਼ਮੀ ਹੋ ਗਏ। ਹਸਪਤਾਲ ’ਚ ਰਾਮ ਲਾਲ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮੁਲਜ਼ਮਾਂ ਕੋਲੋਂ ਦੋ ਚੀਨੀ ਹੈਂਡ ਗਰਨੇਡ, ਪੰਜ ਪਿਸਤੌਲ, 50 ਤੋਂ ਵੱਧ ਕਾਰਤੂਸ ਬਰਾਮਦ ਕੀਤੇ ਹਨ। ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ’ਚ ਪਹਿਲਾਂ ਗ੍ਰਿਫ਼ਤਾਰ ਤਿੰਨ ਮੁਲਜ਼ਮਾਂ ’ਚੋਂ ਅਜੈ ਹਰਿਆਣਾ ਦਾ ਰਹਿਣ ਵਾਲਾ ਹੈ ਜਦਕਿ ਅਰਸ਼ ਬਿਹਾਰ ਦਾ ਤੇ ਸ਼ਮਸ਼ੇਰ ਸਿੰਘ ਫਿਰੋਜ਼ਪੁਰ ਦਾ ਵਾਸੀ ਹੈ।
