ਜੰਮੂ ਕਸ਼ਮੀਰ ਦੇ ਕਿਸ਼ਤਵਾੜ ਵਿਚ ਸੁਰੱਖਿਆ ਬਲਾਂ ਤੇ ਦਹਿਸ਼ਤਗਰਦਾਂ ਵਿਚਾਲੇ ਮੁਕਾਬਲਾ
ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿਚ ਅੱਜ ਵੱਡੇ ਤੜਕੇ ਦਹਿਸ਼ਤਗਰਦਾਂ ਤੇ ਸੁਰੱਖਿਆ ਬਲਾਂ ਦਰਮਿਆਨ ਮੁਕਾਬਲਾ ਹੋ ਗਿਆ। ਅਧਿਕਾਰੀਆਂ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਦਹਿਸ਼ਤਗਰਦਾਂ ਦੀ ਮੌਜੂਦਗੀ ਬਾਰੇ ਸਟੀਕ ਜਾਣਕਾਰੀ ਮਿਲਣ ਮਗਰੋਂ ਪਹਾੜੀ ਜ਼ਿਲ੍ਹੇ ਦੇ ਡੂਲ ਇਲਾਕੇ ਵਿਚ ਤਲਾਸ਼ੀ ਮੁਹਿੰਮ ਵਿੱਢੀ ਗਈ ਸੀ। ਇਸ ਦੌਰਾਨ ਇਕ ਥਾਂ ਲੁਕੇ ਦਹਿਸ਼ਤਗਰਦਾਂ, ਜਿਨ੍ਹਾਂ ਦੀ ਗਿਣਤੀ ਦੋ ਦੱਸੀ ਜਾਂਦੀ ਹੈ, ਨੇ ਤਲਾਸ਼ੀ ’ਚ ਲੱਗੇ ਸਲਾਮਤੀ ਦਸਤਿਆਂ ’ਤੇ ਫਾਇਰਿੰਗ ਕਰ ਦਿੱਤੀ। ਸੁਰੱਖਿਆ ਬਲਾਂ ਨੇ ਜਵਾਬੀ ਫਾਇਰਿੰਗ ਕੀਤੀ ਤਾਂ ਦੁਵੱਲੀ ਗੋਲੀਬਾਰੀ ਸ਼ੁਰੂ ਹੋ ਗਈ।
ਥਲ ਸੈਨਾ ਦੀ ਵ੍ਹਾਈਟ ਨਾਈਟ ਕੋਰ ਨੇ ਐਕਸ ’ਤੇ ਇਕ ਪੋਸਟ ਵਿਚ ਦਹਿਸ਼ਤਗਰਦਾਂ ਨਾਲ ਮੁਕਾਬਲੇ ਦੀ ਪੁਸ਼ਟੀ ਕੀਤੀ ਹੈ। ਪੋਸਟ ਵਿਚ ਕਿਹਾ ਗਿਆ ਕਿ ਚੌਕਸ ਸੁਰੱਖਿਆ ਬਲਾਂ ਨੇ ਖੁਫ਼ੀਆ ਜਾਣਕਾਰੀ ਦੇ ਅਧਾਰ ’ਤੇ ਦਹਿਸ਼ਤਗਰਦਾਂ ਖਿਲਾਫ਼ ਕਾਰਵਾਈ ਵਿੱਢੀ ਸੀ। ਥਲ ਸੈਨਾ ਨੇ ਕਿਹਾ ਕਿ ਅਪਰੇਸ਼ਨ ਅਜੇ ਜਾਰੀ ਹੈ। ਚੇਤੇ ਰਹੇ ਕਿ ਸਲਾਮਤੀ ਦਸਤਿਆਂ ਵੱਲੋਂ ਕੁਲਗਾਮ ਜ਼ਿਲ੍ਹੇ ਦੇ ਜੰਗਲਾਂ ’ਚ ਲੁਕੇ ਦਹਿਸ਼ਤਗਰਦਾਂ ਦੀ ਪੈੜ ਨੱਪਣ ਲਈ ਪਿਛਲੇ 9 ਦਿਨਾਂ ਤੋਂ ਜਾਰੀ ਅਪਰੇਸ਼ਨ ਵਿਚ ਲੰਘੇ ਦਿਨ ਪੰਜਾਬ ਨਾਲ ਸਬੰਧਤ ਦੋ ਫੌਜੀ ਜਵਾਨ ਸ਼ਹੀਦ ਤੇ ਦੋ ਹੋਰ ਜ਼ਖ਼ਮੀ ਹੋ ਗਏ ਸਨ।