ਜੰਮੂ ਕਸ਼ਮੀਰ ਦੇ ਕਿਸ਼ਤਵਾੜ ’ਚ ਸੁਰੱਖਿਆ ਬਲਾਂ ਤੇ ਦਹਿਸ਼ਤਗਰਦਾਂ ਵਿਚਾਲੇ ਮੁਕਾਬਲਾ
ਕਿਸ਼ਤਵਾੜ ਜ਼ਿਲ੍ਹੇ ਵਿਚ ਬੁੱਧਵਾਰ ਨੂੰ ਸੁਰੱਖਿਆ ਬਲਾਂ ਤੇ ਦਹਿਸ਼ਤਗਰਦਾਂ ਵਿਚਾਲੇ ਮੁਕਾਬਲਾ ਹੋ ਗਿਆ। ਇਸ ਦੌਰਾਨ ਸਲਾਮਤੀ ਦਸਤਿਆਂ ਦਾ ਇਕ ਜਵਾਨ ਮਾਮੂਲੀ ਜ਼ਖ਼ਮੀ ਹੋ ਗਿਆ। ਸੁਰੱਖਿਆ ਬਲਾਂ ਵੱਲੋਂ ਦੋ ਤੋਂ ਤਿੰਨ ਦਹਿਸ਼ਤਗਰਦਾਂ ਦਾ ਮੁਕਾਬਲਾ ਕੀਤਾ ਜਾ ਰਿਹਾ ਹੈ।
ਦਿ ਵ੍ਹਾਈਟ ਨਾਈਟ ਕੋਰਪਸ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘"ਅੱਜ ਸਵੇਰੇ ਖੁਫੀਆ ਜਾਣਕਾਰੀ ਦੇ ਅਧਾਰ ’ਤੇ ਜੰਮੂ ਅਤੇ ਕਸ਼ਮੀਰ ਪੁਲੀਸ ਦੇ ਤਾਲਮੇਲ ਨਾਲ ਸ਼ੁਰੂ ਕੀਤੀ ਗਈ ਕਾਰਵਾਈ ਦੌਰਾਨ ਵ੍ਹਾਈਟ ਨਾਈਟ ਕੋਰ ਦੇ ਚੌਕਸ ਜਵਾਨਾਂ ਦਾ ਛੱਤਰੂ ਦੇ ਜਨਰਲ ਖੇਤਰ ਵਿੱਚ ਦਹਿਸ਼ਤਗਰਦਾਂ ਨਾਲ ਟਾਕਰਾ ਹੋ ਗਿਆ।’’ ਵ੍ਹਾਈਟ ਨਾਈਟ ਕੋਰਪਸ ਨੇ ਕਿਹਾ ਕਿ ਮੁਕਾਬਲਾ ਜਾਰੀ ਹੈ।
ਸਲਾਮਤੀ ਦਸਤਿਆਂ ਵੱਲੋਂ ਪਹਾੜੀ ਜ਼ਿਲ੍ਹੇ ਵਿੱਚ ਅਤਿਵਾਦੀਆਂ ਦੀਆਂ ਸਰਗਰਮੀਆਂ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਜਿਸ ਦੇ ਨਤੀਜੇ ਵਜੋਂ ਡੋਡਾ ਅਤੇ ਊਧਮਪੁਰ ਜ਼ਿਲ੍ਹਿਆਂ ਦੀ ਸਰਹੱਦ ਨਾਲ ਲੱਗਦੀ ਪੱਟੀ ਵਿੱਚ ਕਈ ਮੁਕਾਬਲੇ ਹੋਏ ਹਨ। ਕਿਸ਼ਤਵਾੜ ਵਿੱਚ ਪਿਛਲੇ ਸੱਤ ਮਹੀਨਿਆਂ ਵਿੱਚ ਛੇ ਮੁਕਾਬਲੇ ਹੋਏ ਹਨ ਕਿਉਂਕਿ ਫੌਜਾਂ ਇਨ੍ਹਾਂ ਪਹਾੜੀਆਂ ਵਿੱਚ ਲੁਕੇ ਪਾਕਿਸਤਾਨ-ਅਧਾਰਤ ਅਤਿਵਾਦੀਆਂ ਦੀ ਪੈੜ ਨੱਪ ਰਹੀਆਂ ਹਨ।
