ਕੁਲਗਾਮ ਵਿਚ ਸੁਰੱਖਿਆ ਬਲਾਂ ਤੇ ਦਹਿਸ਼ਤਗਰਦਾਂ ਵਿਚਾਲੇ ਮੁਕਾਬਲਾ 10ਵੇਂ ਦਿਨ ਵੀ ਜਰੀ
ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਦਹਿਸ਼ਤਗਰਦਾਂ ਦੀ ਪੈੜ ਨੱਪਣ ਲਈ ਜਾਰੀ ਆਪਰੇਸ਼ਨ ਐਤਵਾਰ ਨੂੰ 10ਵੇਂ ਦਿਨ ਵੀ ਜਾਰੀ ਰਿਹਾ। ਸਲਾਮਤੀ ਦਸਤਿਆਂ ਨੇ ਦਹਿਸ਼ਤਗਰਦਾਂ ਖਿਲਾਫ਼ ਸ਼ਿਕੰਜਾ ਕੱਸਣ ਲਈ ਘੇਰਾਬੰਦੀ ਹੋਰ ਸਖ਼ਤ ਕਰ ਦਿੱਤੀ ਹੈ।
ਇਕ ਅਧਿਕਾਰੀ ਨੇ ਕਿਹਾ, ‘‘ਫੌਜੀ ਕਾਰਵਾਈ ਅਜੇ ਵੀ ਜਾਰੀ ਹੈ। ਸੁਰੱਖਿਆ ਬਲ ਲੁਕੇ ਹੋਏ ਦਹਿਸ਼ਤਗਰਦਾਂ ਦੇ ਟਿਕਾਣਿਆਂ ’ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ।’’ ਉਨ੍ਹਾਂ ਕਿਹਾ ਕਿ ਦਹਿਸ਼ਤਗਰਦ ਜੰਗਲੀ ਖੇਤਰਾਂ ਵਿਚ ਲੜਾਈ ’ਚ ਵਧੇਰੇ ਸਿਖਲਾਈ ਪ੍ਰਾਪਤ ਜਾਪਦੇ ਹਨ ਤੇ ਡਰੋਨਾਂ ਤੋਂ ਬਚਣ ਲਈ ਉਹ ਸੰਘਣੇ ਜੰਗਲਾਂ ਦਾ ਫਾਇਦਾ ਲੈ ਰਹੇ ਹਨ।
ਕੁਲਗਾਮ ਦੇ ਅਖਲ ਜੰਗਲੀ ਖੇਤਰ ਵਿੱਚ 1 ਅਗਸਤ ਨੂੰ ਸ਼ੁਰੂ ਹੋਏ ਮੁਕਾਬਲੇ ਵਿੱਚ ਪੰਜਾਬ ਦੇ ਦੋ ਫੌਜੀ ਜਵਾਨ ਸ਼ਹੀਦ ਹੋ ਗਏ ਹਨ ਜਦੋਂ ਕਿ ਨੌਂ ਹੋਰ ਜ਼ਖ਼ਮੀ ਦੱਸੇ ਜਾਂਦੇ ਹਨ। ਇਹ ਕਸ਼ਮੀਰ ਵਾਦੀ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਸਭ ਤੋਂ ਲੰਮਾ ਅਤਿਵਾਦ ਵਿਰੋਧੀ ਆਪਰੇਸ਼ਨ ਹੈ। ਮੁਕਾਬਲੇ ਵਿੱਚ ਦੋ ਅਤਿਵਾਦੀ ਵੀ ਮਾਰੇ ਗਏ ਹਨ, ਪਰ ਅਜੇ ਤੱਕ ਉਨ੍ਹਾਂ ਦੇ ਸੰਗਠਨ ਦੀ ਪਛਾਣ ਨਹੀਂ ਹੋਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਜੰਮੂ-ਕਸ਼ਮੀਰ ਪੁਲੀਸ ਮੁਖੀ ਨਲਿਨ ਪ੍ਰਭਾਤ ਅਤੇ ਫੌਜ ਦੇ ਉੱਤਰੀ ਕਮਾਂਡਰ ਲੈਫਟੀਨੈਂਟ ਜਨਰਲ ਪ੍ਰਤੀਕ ਸ਼ਰਮਾ ਸਮੇਤ ਸੀਨੀਅਰ ਪੁਲੀਸ ਅਤੇ ਫੌਜੀ ਅਧਿਕਾਰੀ 24 ਘੰਟੇ ਇਸ ਕਾਰਵਾਈ ’ਤੇ ਨਜ਼ਰ ਰੱਖ ਰਹੇ ਹਨ। ਸੁਰੱਖਿਆ ਬਲ ਜੰਗਲੀ ਖੇਤਰ ਵਿੱਚ ਅਤਿਵਾਦੀਆਂ ਦਾ ਪਤਾ ਲਗਾਉਣ ਲਈ ਡਰੋਨ ਅਤੇ ਹੈਲੀਕਾਪਟਰਾਂ ਦੀ ਮਦਦ ਲੈ ਰਹੇ ਹਨ। ਲੁਕੇ ਹੋਏ ਦਹਿਸ਼ਤਗਰਦਾਂ ਨੂੰ ਮਾਰਨ ਦੀ ਕਾਰਵਾਈ ਵਿੱਚ ਪੈਰਾ ਕਮਾਂਡੋ ਵੀ ਸੁਰੱਖਿਆ ਬਲਾਂ ਦੀ ਮਦਦ ਕਰ ਰਹੇ ਹਨ।