ਚੋਣਾਂ ਬਿਹਾਰ ਦਾ ਵਿਕਾਸ ਤੈਅ ਕਰਨਗੀਆਂ: ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਬਿਹਾਰ ਵਿਧਾਨ ਸਭਾ ਚੋਣਾਂ ਤੈਅ ਕਰਨਗੀਆਂ ਕਿ ਸੂਬੇ ’ਚ ‘ਜੰਗਲ ਰਾਜ’ ਵਾਪਸ ਆਵੇਗਾ ਜਾਂ ਵਿਕਾਸ ਦੇ ਰਾਹ ’ਤੇ ਅੱਗੇ ਵਧਦਾ ਰਹੇਗਾ।
ਖਗੜੀਆ ਜ਼ਿਲ੍ਹੇ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਵੋਟਰ ਸੂਚੀ ਦੀ ਵਿਸ਼ੇਸ਼ ਮੁੜ ਸੁਧਾਈ (ਐੱਸ ਆਈ ਆਰ) ਦਾ ਵਿਰੋਧ ਕਰਨ ਵਾਲੇ ‘ਇੰਡੀਆ’ ਗੱਠਜੋੜ ਨੂੰ ਨਿਸ਼ਾਨੇ ’ਤੇ ਲਿਆ ਅਤੇ ਕਿਹਾ ਕਿ ‘ਹਰ ਘੁਸਪੈਠੀਏ ਦਾ ਪਤਾ ਲਾਇਆ ਜਾਵੇਗਾ, ਵੋਟਰ ਸੂਚੀ ’ਚੋਂ ਉਨ੍ਹਾਂ ਦਾ ਨਾਂ ਹਟਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਮੁਲਕਾਂ ’ਚ ਵਾਪਸ ਭੇਜਿਆ ਜਾਵੇਗਾ।’ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਨੂੰ ਨਿਸ਼ਾਨੇ ’ਤੇ ਲੈਂਦਿਆਂ ਸ਼ਾਹ ਨੇ ਕਿਹਾ, ‘ਰਾਹੁਲ ਬਾਬਾ ਕਹਿੰਦੇ ਹਨ ਕਿ ਘੁਸਪੈਠੀਆਂ ਨੂੰ ਬਿਹਾਰ ’ਚ ਰਹਿਣ ਦਿੱਤਾ ਜਾਵੇ। ਤੁਸੀਂ ਦੱਸੋ ਕਿ ਕੀ ਘੁਸਪੈਠੀਆਂ ਨੂੰ ਰਹਿਣ ਦੇਣਾ ਚਾਹੀਦਾ ਹੈ? ਭਾਵੇਂ ਉਹ ਕਿੰਨੀਆਂ ਵੀ ਰੈਲੀਆਂ ਕਰ ਲੈਣ। ‘ਘੁਸਪੈਠੀਏ ਬਚਾਓ ਯਾਤਰਾ’ ਕੱਢ ਲੈਣ, ਉਹ ਘੁਸਪੈਠੀਆਂ ਨੂੰ ਬਚਾ ਨਹੀਂ ਸਕਦੇ।’ ਗ੍ਰਹਿ ਮੰਤਰੀ ਨੇ ਦਾਅਵਾ ਕੀਤਾ ਕਿ ਬਿਹਾਰ ’ਚ ਮੁੜ ਐੱਨ ਡੀ ਏ ਦੀ ਸਰਕਾਰ ਬਣੇਗੀ ਅਤੇ ਕਿਹਾ, ‘ਇਹ ਚੋਣਾਂ ਕਿਸੇ ਨੂੰ ਵਿਧਾਇਕ, ਮੰਤਰੀ ਜਾਂ ਮੁੱਖ ਮੰਤਰੀ ਬਣਾਉਣ ਲਈ ਨਹੀਂ ਹਨ। ਇਹ ਚੋਣਾਂ ਤੈਅ ਕਰਨਗੀਆਂ ਕਿ ਬਿਹਾਰ ’ਚ ਲਾਲੂ-ਰਾਬੜੀ ਦਾ ‘ਜੰਗਲ ਰਾਜ’ ਵਾਪਸ ਆਵੇਗਾ ਜਾਂ ਮੁੜ ਐੱਨ ਡੀ ਏ ਆਉਣ ’ਤੇ ਵਿਕਸਿਤ ਬਿਹਾਰ ਪੂਰੇ ਦੇਸ਼ ’ਚ ਪਛਾਣ ਬਣਾਏਗਾ।’ ਉਨ੍ਹਾਂ ਦੋਸ਼ ਲਾਇਆ ਕਿ ਇੰਡੀਆ ਗੱਠਜੋੜ ਦੀ ਪਛਾਣ ਭ੍ਰਿਸ਼ਟਾਚਾਰ ਤੇ ਪਰਿਵਾਰਵਾਦ ਹੈ ਅਤੇ ਆਰ ਜੇ ਡੀ ਮੁਖੀ ਲਾਲੂ ਪ੍ਰਸਾਦ ਨੇ ਸਿਰਫ਼ ਆਪਣੇ ਪਰਿਵਾਰ ਦੀ ਖੁਸ਼ਹਾਲੀ ’ਤੇ ਧਿਆਨ ਦਿੱਤਾ ਹੈ।
