‘ਚੋਣਾਂ ਦੇ ਚੌਕੀਦਾਰ’ ਨੇ ‘ਵੋਟ ਚੋਰਾਂ’ ਨੂੰ ਬਚਾਇਆ: ਰਾਹੁਲ ਗਾਂਧੀ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ‘ਵੋਟ ਚੋਰੀ’ ਦੇ ਆਪਣੇ ਦੋਸ਼ਾਂ ਨੂੰ ਦੁਹਰਾਉਂਦਿਆਂ ਚੋਣ ਕਮਿਸ਼ਨ ’ਤੇ ਮੁੜ ਨਿਸ਼ਾਨਾ ਸੇਧਿਆ ਹੈ। ਗਾਂਧੀ ਨੇ ਚੋਣ ਕਮਿਸ਼ਨ ਨੂੰ ‘ਚੋਣ ਚੌਕੀਦਾਰ’ ਕਿਹਾ ਜੋ ‘ਜਾਗਦੇ ਹੋਏ ਵੀ ਚੋਰੀ ਹੁੰਦੀ ਦੇਖਦਾ ਰਿਹਾ ਅਤੇ ਚੋਰਾਂ ਦੀ ਰੱਖਿਆ ਕਰਦਾ ਰਿਹਾ।’ ਉਨ੍ਹਾਂ ਦੀ ਇਹ ਟਿੱਪਣੀ ਵੋਟ ਚੋਰੀ ਦੇ ਮੁੱਦੇ ’ਤੇ ਮੁੱਖ ਚੋਣ ਕਮਿਸ਼ਨਰ ਤੇ ਚੋਣ ਕਮਿਸ਼ਨ ਨੂੰ ਮੁੜ ਘੇਰਨ ਤੋਂ ਇਕ ਦਿਨ ਬਾਅਦ ਆਈ ਹੈ।
ਗਾਂਧੀ ਨੇ ਵੀਰਵਾਰ ਨੂੰ ਕੀਤੀ ਪ੍ਰੈੱਸ ਕਾਨਫਰੰਸ ਵਿਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ’ਤੇ ‘ਲੋਕਤੰਤਰ ਨੂੰ ਤਬਾਹ ਕਰਨ’ ਵਾਲਿਆਂ ਤੇ ‘ਵੋਟ ਚੋਰਾਂ’ ਨੂੰ ਬਚਾਉਣ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਆਪਣੇ ਦੋਸ਼ਾਂ ਦੀ ਹਮਾਇਤ ਵਿਚ ਕਰਨਾਟਕ ਦੇ ਇਕ ਵਿਧਾਨ ਸਭਾ ਹਲਕੇ ਦੇ ਡੇਟਾ ਦਾ ਹਵਾਲਾ ਦਿੱਤਾ ਸੀ। ਗਾਂਧੀ ਨੇ ਦਾਅਵਾ ਕੀਤਾ ਸੀ ਕਿ ਕਾਂਗਰਸੀ ਸਮਰਥਕਾਂ ਦੀਆਂ ਵੋਟਾਂ ਵਿਵਸਥਤ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਹਨ। ਚੋਣ ਕਮਿਸ਼ਨ ਨੇ ਹਾਲਾਂਕਿ ਇਨ੍ਹਾਂ ਦੋਸ਼ਾਂ ਨੂੰ ‘ਗਲਤ ਅਤੇ ਬੇਬੁਨਿਆਦ’ ਕਰਾਰ ਦਿੱਤਾ। ਕਮਿਸ਼ਨ ਨੇ ਕਿਹਾ, ‘‘ਕਿਸੇ ਵੀ ਆਮ ਆਦਮੀ ਵੱਲੋਂ ਔਨਲਾਈਨ ਕਿਸੇ ਵੀ ਵੋਟ ਨੂੰ ਨਹੀਂ ਕੱਟਿਆ ਜਾ ਸਕਦਾ, ਜਿਵੇਂ ਕਿ ਗਾਂਧੀ ਵੱਲੋਂ ਗਲਤ ਧਾਰਨਾ ਬਣਾ ਲਈ ਗਈ ਹੈ।’’
ਗਾਂਧੀ ਨੇ ਸ਼ੁੱਕਰਵਾਰ ਨੂੰ X ’ਤੇ ਹਿੰਦੀ ਵਿੱਚ ਇੱਕ ਪੋਸਟ ਵਿੱਚ ਕਿਹਾ, ‘‘ਸਵੇਰੇ 4 ਵਜੇ ਉੱਠੋ। 36 ਸਕਿੰਟਾਂ ਵਿੱਚ ਦੋ ਵੋਟਰਾਂ ਨੂੰ ਮਿਟਾਓ, ਫਿਰ ਵਾਪਸ ਸੌਂ ਜਾਓ - ਇਸ ਤਰ੍ਹਾਂ ਵੋਟ ਚੋਰੀ ਹੁੰਦੀ ਹੈ!’’ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਨੇ ਦੋਸ਼ ਲਗਾਇਆ, ‘‘ਚੁਨਾਵ ਕਾ ਚੌਕੀਦਾਰ ਜਾਗਤਾ ਰਹਾ, ਚੋਰੀ ਦੇਖਤਾ ਰਿਹਾ, ਚੋਰੋਂ ਕੋ ਬਚਾਤਾ ਰਹਾ (ਚੋਣ ਚੌਕੀਦਾਰ ਜਾਗਦਾ ਰਿਹਾ, ਚੋਰੀ ਦੇਖਦਾ ਰਿਹਾ, ਅਤੇ ਚੋਰਾਂ ਨੂੰ ਬਚਾਉਂਦਾ ਰਿਹਾ।’’ ਗਾਂਧੀ ਨੇ ਪ੍ਰੈੱਸ ਕਾਨਫਰੰਸ ਤੋਂ ਇੱਕ 36-ਸਕਿੰਟ ਦੀ ਵੀਡੀਓ ਵੀ ਸਾਂਝੀ ਕੀਤੀ ਜਿਸ ਵਿੱਚ ਉਹ ਕਥਿਤ ‘ਵੋਟ ਚੋਰੀ’ ਦੇ ਢੰਗ-ਤਰੀਕੇ ਬਾਰੇ ਦੱਸ ਰਹੇ ਹਨ।
ਗਾਂਧੀ ਨੇ ਵੀਰਵਾਰ ਸ਼ਾਮ ਨੂੰ ਇਕ ਪੋਸਟ ਵਿਚ ਕਿਹਾ ਸੀ, ‘‘ਦੇਸ਼ ਦੇ ਨੌਜਵਾਨ, ਦੇਸ਼ ਦੇ ਵਿਦਿਆਰਥੀ, ਦੇਸ਼ ਦੇ GenZ ਸੰਵਿਧਾਨ ਦੀ ਰੱਖਿਆ ਕਰਨਗੇ, ਲੋਕਤੰਤਰ ਦੀ ਰੱਖਿਆ ਕਰਨਗੇ ਅਤੇ ਵੋਟ ਚੋਰੀ ਨੂੰ ਰੋਕਣਗੇ। ਮੈਂ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹਾ ਹਾਂ। ਜੈ ਹਿੰਦ!’’ ਚੋਣ ਕਮਿਸ਼ਨ ਖਿਲਾਫ ਆਪਣੇ ਨਵੇਂ ਹਮਲੇ ਵਿੱਚ ਗਾਂਧੀ ਨੇ ਵੀਰਵਾਰ ਨੂੰ ਕਿਹਾ ਸੀ ਕਿ ਚੋਣ ਪੈਨਲ ਨੂੰ ‘ਵੋਟ ਚੋਰਾਂ’ ਦੀ ਰਾਖੀ ਬੰਦ ਕਰਨੀ ਚਾਹੀਦੀ ਹੈ ਅਤੇ ਇਸ ਪੂਰੇ ਮਾਮਲੇ ਦੀ ਜਾਂਚ ਲਈ ਕਰਨਾਟਕ ਸੀਆਈਡੀ ਵੱਲੋਂ ਮੰਗੀ ਗਈ ਜਾਣਕਾਰੀ ਇੱਕ ਹਫ਼ਤੇ ਦੇ ਅੰਦਰ ਪ੍ਰਦਾਨ ਕਰਨੀ ਚਾਹੀਦੀ ਹੈ। -ਪੀਟੀਆਈ