ਚੋਣ ਕਮਿਸ਼ਨ ਜਗਦੀਪ ਧਨਖੜ ਦੇ ਜਾਨਸ਼ੀਨ ਦੀ ਚੋਣ ਲਈ ਜਲਦੀ ਸ਼ੁਰੂ ਕਰੇਗਾ ਅਮਲ
Vice-Presidential poll ਸੂਤਰਾਂ ਨੇ ਮੰਗਲਵਾਰ ਨੂੰ ਸੰਕੇਤ ਦਿੱਤਾ ਕਿ ਜਗਦੀਪ ਧਨਖੜ ਦੇ ਅਹੁਦਾ ਛੱਡਣ ਤੋਂ ਬਾਅਦ ਚੋਣ ਕਮਿਸ਼ਨ (EC) ਜਲਦੀ ਹੀ ਅਗਲੇ ਉਪ ਰਾਸ਼ਟਰਪਤੀ ਦੀ ਚੋਣ ਲਈ ਚੋਣਾਂ ਕਰਵਾਉਣ ਦਾ ਅਮਲ ਸ਼ੁਰੂ ਕਰੇਗਾ। ਹਾਲਾਂਕਿ ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ, ਪਰ ਸੂਤਰਾਂ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਮੰਗਲਵਾਰ ਨੂੰ ਧਨਖੜ ਦੇ ਅਸਤੀਫ਼ੇ ਨੂੰ ਅਧਿਕਾਰਤ ਤੌਰ ’ਤੇ ਨੋਟੀਫਾਈ ਕੀਤੇ ਜਾਣ ਨਾਲ, ਉਨ੍ਹਾਂ ਦੇ ਜਾਨਸ਼ੀਨ ਦੀ ਚੋਣ ਦਾ ਅਮਲ ਜਲਦੀ ਹੀ ਸ਼ੁਰੂ ਹੋ ਸਕਦਾ ਹੈ।
ਸੰਵਿਧਾਨ ਮੁਤਾਬਕ ਜੇਕਰ ਕਿਸੇ ਉਪ-ਰਾਸ਼ਟਰਪਤੀ ਦੀ ਆਪਣੇ ਕਾਰਜਕਾਰਲ ਦੌਰਾਨ ਮੌਤ ਹੁੰਦੀ ਹੈ ਜਾਂ ਉਹ ਅਸਤੀਫਾ ਦੇ ਦਿੰਦਾ ਹੈ ਜਾਂ ਹਟਾ ਦਿੱਤਾ ਜਾਂਦਾ ਹੈ, ਤਾਂ ਜਾਨਸ਼ੀਨ ਦੀ ਚੋਣ ਲਈ ਵੋਟਿੰਗ ‘ਜਿੰਨੀ ਛੇਤੀ ਹੋ ਸਕੇ’ ਹੋਣੀ ਚਾਹੀਦੀ ਹੈ। ਸੰਵਿਧਾਨਕ ਉਪਬੰਧਾਂ ਅਨੁਸਾਰ ਅਗਲੇ ਉਪ-ਰਾਸ਼ਟਰਪਤੀ ਨੂੰ ਅਹੁਦੇ ’ਤੇ ਪੂਰੇ ਪੰਜ ਸਾਲ ਦਾ ਕਾਰਜਕਾਲ ਮਿਲੇਗਾ। ਧਨਖੜ ਨੇ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਸੋਮਵਾਰ ਨੂੰ ਤੁਰੰਤ ਪ੍ਰਭਾਵ ਨਾਲ ਅਸਤੀਫਾ ਦੇ ਦਿੱਤਾ ਸੀ। ਲੋਕ ਸਭਾ ਅਤੇ ਰਾਜ ਸਭਾ ਦੋਵਾਂ ਦੇ ਮੈਂਬਰ, ਜਿਨ੍ਹਾਂ ਵਿਚ ਨਾਮਜ਼ਦ ਕੀਤੇ ਮੈਂਬਰ ਵੀ ਸ਼ਾਮਲ ਹਨ, ਉਪ-ਰਾਸ਼ਟਰਪਤੀ ਦੀ ਚੋਣ ਕਰਦੇ ਹਨ।
ਚੋਣ ਲਈ ਨੋਟੀਫਿਕੇਸ਼ਨ ਜਾਰੀ ਹੋਣ ਦੇ ਦਿਨ ਤੋਂ ‘ਚੋਣ ਮੰਡਲ (Electoral college) ਨੂੰ ਵੋਟ ਪਾਉਣ ਲਈ ਸੱਦਾ ਦੇਣਾ’ ਅਤੇ ਵੋਟਾਂ ਪੈਣ ਵਾਲੇ ਦਿਨ ਤੱਕ, 30 ਦਿਨਾਂ ਦੀ ਮਿਆਦ ਨਿਰਧਾਰਤ ਕੀਤੀ ਜਾਂਦੀ ਹੈ। ਕੋਈ ਵਿਅਕਤੀ ਉਪ ਰਾਸ਼ਟਰਪਤੀ ਵਜੋਂ ਉਦੋਂ ਤੱਕ ਨਹੀਂ ਚੁਣਿਆ ਜਾ ਸਕਦਾ ਜਦੋਂ ਤੱਕ ਉਹ ਭਾਰਤ ਦਾ ਨਾਗਰਿਕ ਨਾ ਹੋਵੇ, 35 ਸਾਲ ਦੀ ਉਮਰ ਪੂਰੀ ਨਾ ਕਰ ਲਵੇ ਅਤੇ ਰਾਜ ਸਭਾ ਦੇ ਮੈਂਬਰ ਵਜੋਂ ਚੋਣ ਲਈ ਯੋਗ ਨਾ ਹੋਵੇ। ਕੋਈ ਵਿਅਕਤੀ, ਜੋ ਭਾਰਤ ਸਰਕਾਰ ਜਾਂ ਰਾਜ ਸਰਕਾਰ ਜਾਂ ਕਿਸੇ ਅਧੀਨ ਸਥਾਨਕ ਅਥਾਰਟੀ ਦੇ ਅਧੀਨ ਕੋਈ ਲਾਭ ਦਾ ਅਹੁਦਾ ਰੱਖਦਾ ਹੋਵੇ, ਉਹ ਇਹ ਚੋਣ ਲੜਨ ਦੇ ਯੋਗ ਨਹੀਂ ਹੈ। -ਪੀਟੀਆਈ