ਐੱਸ ਆਈ ਆਰ ਮਗਰੋਂ ਨਵੇਂ ਵੋਟਰ ਪਛਾਣ ਪੱਤਰ ਜਾਰੀ ਕਰੇਗਾ ਚੋਣ ਕਮਿਸ਼ਨ
ਚੋਣ ਕਮਿਸ਼ਨ ਬਿਹਾਰ ’ਚ ਵੋਟਰ ਸੂਚੀ ਦੀ ਜਾਰੀ ਵਿਸ਼ੇਸ਼ ਮੁੜ ਸੁਧਾਈ (ਐੱਸਆਈਆਰ) ਦਾ ਕੰਮ ਪੂਰਾ ਹੋਣ ਤੋਂ ਬਾਅਦ ਸੂਬੇ ਦੇ ਸਾਰੇ ਵੋਟਰਾਂ ਨੂੰ ਨਵੇਂ ਵੋਟਰ ਪਛਾਣ ਪੱਤਰ ਜਾਰੀ ਕਰਨ ਦੀ ਯੋਜਨਾ ਬਣਾ ਰਿਹਾ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਨਵੇਂ ਵੋਟਰ ਪਛਾਣ ਪੱਤਰ ਕਦੋਂ ਜਾਰੀ ਕੀਤੇ ਜਾਣਗੇ, ਇਸ ਬਾਰੇ ਚੋਣ ਅਥਾਰਿਟੀ ਨੇ ਅਜੇ ਆਖਰੀ ਫ਼ੈਸਲਾ ਲੈਣਾ ਹੈ।
ਅਧਿਕਾਰੀਆਂ ਨੇ ਕਿਹਾ ਕਿ ਬਿਹਾਰ ਦੇ ਹਰ ਵੋਟਰ ਨੂੰ ਇੱਕ ਨਵਾਂ ਵੋਟਰ ਪਛਾਣ ਪੱਤਰ ਜਾਰੀ ਕਰਨ ਦੀ ਯੋਜਨਾ ਹੈ ਪਰ ਇਹ ਪ੍ਰਕਿਰਿਆ ਕਦੋਂ ਤੇ ਕਿਸ ਤਰ੍ਹਾਂ ਪੂਰੀ ਕੀਤੀ ਜਾਵੇਗੀ, ਇਸ ’ਤੇ ਅਜੇ ਆਖਰੀ ਫ਼ੈਸਲਾ ਲਿਆ ਜਾਣਾ ਬਾਕੀ ਹੈ। ਵੋਟਰਾਂ ਨੂੰ ਜਦੋਂ ਗਣਨਾ ਫਾਰਮ ਦਿੱਤੇ ਗਏ ਤਾਂ ਉਨ੍ਹਾਂ ਨੂੰ ਭਰੇ ਹੋਏ ਦਸਤਾਵੇਜ਼ ਆਪਣੀ ਨਵੀਂ ਤਸਵੀਰ ਨਾਲ ਜਮ੍ਹਾਂ ਕਰਨ ਲਈ ਕਿਹਾ ਗਿਆ। ਨਵੀਂ ਤਸਵੀਰ ਦੀ ਵਰਤੋਂ ਰਿਕਾਰਡ ਨੂੰ ਅਪਡੇਟ ਕਰਨ ਅਤੇ ਨਵੇਂ ਵੋਟਰ ਪਛਾਣ ਪੱਤਰ ਜਾਰੀ ਕਰਨ ਲਈ ਕੀਤੀ ਜਾਵੇਗੀ। ਆਖਰੀ ਵੋਟਰ ਸੂਚੀ 30 ਅਗਸਤ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ ਅਤੇ ਸੂਬੇ ’ਚ ਵਿਧਾਨ ਸਭਾ ਚੋਣਾਂ ਨਵੰਬਰ ’ਚ ਹੋਣ ਦੀ ਸੰਭਾਵਨਾ ਹੈ।
ਐੱਸ ਆਈ ਆਰ ਦੌਰਾਨ ਚੋਣ ਕਮਿਸ਼ਨ ਨੇ ਕਾਂਗਰਸ ਦੀਆਂ 89 ਲੱਖ ਸ਼ਿਕਾਇਤਾਂ ਰੱਦ ਕੀਤੀਆਂ: ਖੇੜਾ
ਪਟਨਾ: ਸੀਨੀਅਰ ਕਾਂਗਰਸ ਆਗੂ ਪਵਨ ਖੇੜਾ ਨੇ ਅੱਜ ਦਾਅਵਾ ਕੀਤਾ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (ਐੱਸ ਆਈ ਆਰ) ਦੌਰਾਨ ਬਿਹਾਰ ਵਿੱਚ ਪਾਰਟੀ ਦੇ ਬੂਥ ਲੈਵਲ ਏਜੰਟਾਂ (ਬੀ ਐੱਲ ਏਜ਼) ਵੱਲੋਂ ਬੇਨਿਯਮੀਆਂ ਦੀਆਂ 89 ਲੱਖ ਸ਼ਿਕਾਇਤਾਂ ਕੀਤੀਆਂ ਗਈਆਂ ਸਨ, ਪਰ ਚੋਣ ਕਮਿਸ਼ਨ ਨੇ ਸਾਰੀਆਂ ਸ਼ਿਕਾਇਤਾਂ ਰੱਦ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਬੇਨਿਯਮੀਆਂ ਰਾਹੀਂ ਚੋਣ ਕਮਿਸ਼ਨ (ਈ ਸੀ) ਦੀ ਨੀਅਤ ’ਤੇ ਸ਼ੱਕ ਹੁੰਦਾ ਹੈ। ਉਨ੍ਹਾਂ ਪੂਰੀ ਪ੍ਰਕਿਰਿਆ ਦੁਬਾਰਾ ਕਰਵਾਉਣ ਦੀ ਮੰਗ ਕੀਤੀ ਹੈ। ਬਿਹਾਰ ਦੇ ਮੁੱਖ ਚੋਣ ਅਧਿਕਾਰੀ (ਸੀ ਈ ਓ) ਦਫ਼ਤਰ ਨੇ ਕਿਹਾ ਹੈ ਕਿ ਕਾਂਗਰਸ ਵੱਲੋਂ ਅਧਿਕਾਰਤ ਕਿਸੇ ਵੀ ਬੀ ਐੱਲ ਏ ਨੇ ਅੱਜ ਤੱਕ ਕੋਈ ਦਾਅਵਾ ਜਾਂ ਇਤਰਾਜ਼ ਦਰਜ ਨਹੀਂ ਕਰਵਾਇਆ। -ਪੀਟੀਆਈ