ਚੋਣ ਕਮਿਸ਼ਨ ਵਫ਼ਦ ਨਾਲ ਮੀਟਿੰਗ ਦੇ ਵੇਰਵੇ ਜਾਰੀ ਕਰੇ: ਤ੍ਰਿਣਾਮੂਲ
ਤ੍ਰਿਣਾਮੂਲ ਕਾਂਗਰਸ (ਟੀ ਐੱਮ ਸੀ) ਨੇ ਅੱਜ ਭਾਰਤ ਦੇ ਚੋਣ ਕਮਿਸ਼ਨ ਨੂੰ ਕਮਿਸ਼ਨ ਦੇ ਸਿਖ਼ਰਲੇ ਅਧਿਕਾਰੀਆਂ ਨਾਲ ਪਾਰਟੀ ਵਫ਼ਦ ਦੀ ਮੀਟਿੰੰਗ ਦੇ ਵੇਰਵੇ ਜਾਰੀ ਕਰਨ ਦੀ ਚੁਣੌਤੀ ਦਿੱਤੀ ਕਿਉਂਕਿ ਉਸ ਨੇ ਮੀਟਿੰਗ ਦੌਰਾਨ ਪੱਛਮੀ ਬੰਗਾਲ ’ਚ ਚੱਲ ਰਹੀ ਐੱਸ ਆਈ ਆਰ ਪ੍ਰਕਿਰਿਆ ਦੌਰਾਨ ਕਈ ਮੌਤਾਂ ਹੋਣ ਦਾ ਦੋਸ਼ ਲਾਇਆ ਸੀ।
ਇੱਥੇ ਪੱਤਰਕਾਰ ਸੰਮੇਲਨ ’ਚ ਰਾਜ ਸਭਾ ’ਚ ਪਾਰਟੀ ਦੇ ਆਗੂ ਡੈਰੇਕ ਓ’ਬ੍ਰਾਇਨ, ਰਾਜ ਸਭਾ ਮੈਂਬਰ ਸਾਕੇਤ ਗੋਖਲੇ ਤੇ ਲੋਕ ਸਭਾ ਮੈਂਬਰ ਪ੍ਰਤਿਮਾ ਮੰਡਲ ਤੇ ਸਜਦਾ ਅਹਿਮਦ ਸਮੇਤ ਟੀ ਐੱਮ ਸੀ ਦੇ ਸੰਸਦ ਮੈਂਬਰਾਂ ਨੇ ਚੋਣ ਕਮਿਸ਼ਨ ’ਤੇ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਨਾ ਦੇਣ ਦਾ ਦੋਸ਼ ਲਾਇਆ। ਸ੍ਰੀ ਓ’ਬ੍ਰਾਇਨ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸੰਸਦ ਦੇ ਆਉਂਦੇ ਸੈਸ਼ਨ ’ਚ ਚੋਣ ਕਮਿਸ਼ਨ ਦੇ ਕੰਮਕਾਰ ਬਾਰੇ ਚਰਚਾ ਹੋਵੇ। ਇਸੇ ਦੌਰਾਨ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਟੀ ਐੱਮ ਸੀ ਦੇ ਵਫ਼ਦ ਨੂੰ ਕਿਹਾ ਹੈ ਕਿ ਸਿਆਸੀ ਬਿਆਨਬਾਜ਼ੀ ਉਨ੍ਹਾਂ ਦਾ ਅਧਿਕਾਰ ਹੈ ਪਰ ਉਨ੍ਹਾਂ ਨੂੰ ਚੋਣ ਪ੍ਰਕਿਰਿਆ ਨਾਲ ਸਬੰਧਤ ‘ਗਲਤ ਸੂਚਨਾ’ ਫੈਲਾਉਣ ਤੋਂ ਬਚਣਾ ਚਾਹੀਦਾ ਹੈ। ਦੂਜੇ ਪਾਸੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਸੱਤਾ ਧਿਰ ਭਾਜਪਾ ਤੇ ਚੋਣ ਕਮਿਸ਼ਨ ’ਤੇ ਮਿਲੀਭੁਗਤ ਦਾ ਦੋਸ਼ ਲਾਉਂਦਿਆਂ ਦਾਅਵਾ ਕੀਤਾ ਕਿ ਸਰਕਾਰ ਐੱਸ ਆਈ ਆਰ ਦੇ ਬਹਾਨੇ ਵੋਟ ਪਾਉਣ ਦਾ ਅਧਿਕਾਰ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਦੇ ਸੀਨੀਅਰ ਆਗੂ ਸਚਿਨ ਪਾਇਲਟ ਨੇ ਕਿਹਾ ਕਿ ਫੀਲਡ ਸਟਾਫ ’ਤੇ ਗ਼ੈਰਜ਼ਰੂਰੀ ਦਬਾਅ ਤੇ ਜਲਦਬਾਜ਼ੀ ’ਚ ਸਮਾਂ ਸੀਮਾ ਤੈਅ ਕਰਨ ਤੋਂ ਪਤਾ ਲਗਦਾ ਹੈ ਕਿ ਐੱਸ ਆਈ ਆਰ ’ਚ ‘ਕੁਝ ਗੜਬੜ’ ਹੈ।
ਉੱਧਰ ਪੱਛਮੀ ਬੰਗਾਲ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਸ਼ੁਵੇਂਦੂ ਅਧਿਕਾਰੀ ਨੇ ਅੱਜ ਦੋਸ਼ ਲਾਇਆ ਕਿ ਸੂਬਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਵੋਟਰ ਸੂਚੀ ’ਚ ਅਯੋਗ ਨਾਂ ਰੱਖਣ ਲਈ ਨਿੱਜੀ ਤੌਰ ’ਤੇ ਦਖਲ ਦੇ ਰਹੇ ਸਨ। ਪੱਛਮੀ ਬੰਗਾਲ ਭਾਜਪਾ ਦੇ ਪ੍ਰਧਾਨ ਸਮਿਕ ਭੱਟਾਚਾਰੀਆ ਨੇ ਦੋਸ਼ ਲਾਇਆ ਕਿ ਟੀ ਐੱਮ ਸੀ ਦਾ ਏਜੰਡਾ ਵੋਟਰ ਸੂਚੀ ਵਿੱਚ, ਮ੍ਰਿਤਕਾਂ ਤੇ ਰੋਹਿੰਗਿਆਂ ਸਮੇਤ ਘੁਸਪੈਠੀਆਂ ਦੇ ਨਾਂ ਸ਼ਾਮਲ ਕਰਨ ਦਾ ਹੈ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਆਜ਼ਾਦ ਟਰੱਸਟ ਨੇ ਉੱਤਰ ਪ੍ਰਦੇਸ਼ ’ਚ ਐੱਸ ਆਈ ਆਰ ਦੀ ਮਿਆਦ ਤਿੰਨ ਮਹੀਨੇ ਵਧਾਉਣ ਲਈ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਹੈ।
ਪੱਛਮੀ ਬੰਗਾਲ ’ਚ ਔਰਤ ਵੱਲੋਂ ਆਤਮਦਾਹ
ਕੋਲਕਾਤਾ: ਪੱਛਮੀ ਬੰਗਾਲ ਦੇ ਪੂਰਬੀ ਵਰਧਮਾਨ ਜ਼ਿਲ੍ਹੇ ’ਚ 50 ਸਾਲਾ ਔਰਤ ਮੁਸਤਰਾ ਖਾਤੂਨ ਕਾਜ਼ੀ ਨੇ ਖੁਦ ਨੂੰ ਅੱਗ ਲਗਾ ਕੇ ਆਤਮਦਾਹ ਕਰ ਲਿਆ। ਉਸ ਦੇ ਪਰਿਵਾਰ ਨੇ ਦੱਸਿਆ ਕਿ ਉਹ ਚੱਲ ਰਹੀ ਐੱਸ ਆਈ ਆਰ ਪ੍ਰਕਿਰਿਆ ਕਾਰਨ ਤਣਾਅ ਵਿੱਚ ਸੀ।
