ਚੋਣ ਕਮਿਸ਼ਨ ਤੁਰੰਤ ਸਾਬਿਤ ਕਰੇ ਕਿ ਉਹ ਭਾਜਪਾ ਦੇ ਪ੍ਰਭਾਵ ਹੇਠ ਨਹੀਂ: ਕਾਂਗਰਸ
ਕਾਂਗਰਸ ਪਾਰਟੀ ਨੇ ਆਪਣੀ 'ਵੋਟ ਚੋਰੀ' ਦੀ ਦਲੀਲ ਨੂੰ ਅੱਗੇ ਵਧਾਉਂਦੇ ਹੋਏ ਕਿਹਾ ਕਿ ਵੋਟਰ ਸੂਚੀਆਂ ਦੀ ਐੱਸਆਈਆਰ ਪ੍ਰਕਿਰਿਆ ਦੌਰਾਨ ਚੋਣ ਕਮਿਸ਼ਨ ਦਾ ਵਿਹਾਰ ਬਹੁਤ ਨਿਰਾਸ਼ਾਜਨਕ ਰਿਹਾ ਹੈ ਅਤੇ ਮੰਗ ਕੀਤੀ ਕਿ ਚੋਣ ਸੰਸਥਾ ਤੁਰੰਤ ਸਾਬਤ ਕਰੇ ਕਿ ਉਹ ਭਾਜਪਾ ਦੇ ਪ੍ਰਭਾਵ ਹੇਠ ਕੰਮ ਨਹੀਂ ਕਰ ਰਹੀ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਇਹ ਵੀ ਦੋਸ਼ ਲਾਇਆ ਕਿ ਭਾਜਪਾ ‘ਵੋਟ ਚੋਰੀ’ ਲਈ ਵੋਟਰ ਸੂਚੀਆਂ ਦੀ ਸੁਧਾਈ (SIR) ਪ੍ਰਕਿਰਿਆ ਨੂੰ ਇੱਕ ਹਥਿਆਰ ਵਜੋਂ ਵਰਤਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ 12 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਅਹੁਦੇਦਾਰਾਂ ਨਾਲ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ ਜਿੱਥੇ ਐੱਸਆਈਆਰ ਪ੍ਰਕਿਰਿਆ ਚੱਲ ਰਹੀ ਹੈ।
ਖੜਗੇ ਨੇ ਮੀਟਿੰਗ ਦੀ ਪ੍ਰਧਾਨਗੀ ਕਰਨ ਤੋਂ ਬਾਅਦ 'ਐਕਸ' (X) 'ਤੇ ਕਿਹਾ, "ਅਸੀਂ ਏਆਈਸੀਸੀ ਦੇ ਜਨਰਲ ਸਕੱਤਰਾਂ, ਇੰਚਾਰਜਾਂ, ਪੀਸੀਸੀਜ਼, ਸੀਐੱਲਪੀਜ਼ ਅਤੇ ਉਨ੍ਹਾਂ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਏਆਈਸੀਸੀ ਸਕੱਤਰਾਂ ਨਾਲ ਇੱਕ ਵਿਆਪਕ ਰਣਨੀਤੀ ਸਮੀਖਿਆ ਕੀਤੀ, ਜਿੱਥੇ ਐੱਸਆਈਆਰ ਪ੍ਰਕਿਰਿਆ ਚੱਲ ਰਹੀ ਹੈ। ਕਾਂਗਰਸ ਪਾਰਟੀ ਚੋਣ ਸੂਚੀਆਂ ਦੀ ਅਖੰਡਤਾ ਦੀ ਰਾਖੀ ਲਈ ਸਪੱਸ਼ਟ ਤੌਰ ’ਤੇ ਵਚਨਬੱਧ ਹੈ।"
ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਜਦੋਂ ਜਮਹੂਰੀ ਸੰਸਥਾਵਾਂ ਵਿੱਚ ਲੋਕਾਂ ਦਾ ਵਿਸ਼ਵਾਸ ਪਹਿਲਾਂ ਹੀ ਘਟਿਆ ਹੋਇਆ ਹੈ ਤਾਂ ਐੱਸਆਈਆਰ ਪ੍ਰਕਿਰਿਆ ਦੌਰਾਨ ਚੋਣ ਕਮਿਸ਼ਨ ਦਾ ਵਿਹਾਰ ਬਹੁਤ ਨਿਰਾਸ਼ਾਜਨਕ ਰਿਹਾ ਹੈ।
ਖੜਗੇ ਨੇ ਕਿਹਾ, ‘‘ਉਸ(ਚੋਣ ਕਮਿਸ਼ਨ) ਨੂੰ ਤੁਰੰਤ ਸਾਬਿਤ ਕਰਨਾ ਚਾਹੀਦਾ ਹੈ ਕਿ ਉਹ ਭਾਜਪਾ ਦੇ ਪ੍ਰਭਾਵ ਹੇਠ ਕੰਮ ਨਹੀਂ ਕਰ ਰਿਹਾ ਹੈ ਅਤੇ ਉਸ ਨੂੰ ਆਪਣੀ ਸੰਵਿਧਾਨਕ ਸਹੁੰ ਅਤੇ ਭਾਰਤ ਦੇ ਲੋਕਾਂ ਪ੍ਰਤੀ ਆਪਣੀ ਵਫ਼ਾਦਾਰੀ ਯਾਦ ਹੈ, ਨਾ ਕਿ ਕਿਸੇ ਸੱਤਾਧਾਰੀ ਪਾਰਟੀ ਪ੍ਰਤੀ।’’
