ਚੋਣ ਕਮਿਸ਼ਨ ਸੀ ਆਈ ਡੀ ਨੂੰ ਵੋਟ ਚੋਰੀ ਬਾਰੇ ਜਾਣਕਾਰੀ ਨਹੀਂ ਦੇ ਰਿਹਾ: ਰਾਹੁਲ
ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਅੱਜ ਚੋਣ ਕਮਿਸ਼ਨ ’ਤੇ ਦੋਸ਼ ਲਾਇਆ ਕਿ ਉਹ ਸੂਬੇ ਵਿੱਚ ਕਥਿਤ ‘ਵੋਟ ਚੋਰੀ’ ਸਬੰਧੀ ਕਰਨਾਟਕ ਸਰਕਾਰ ਦੀ ਸੀ ਆਈ ਡੀ ਵੱਲੋਂ ਮੰਗੀ ਗਈ ਜਾਣਕਾਰੀ ਮੁਹੱਈਆ ਨਹੀਂ ਕਰਵਾ ਰਿਹਾ। ਬੀਤੇ ਦਿਨ ਆਪਣੀ ਮਾਂ ਸੋਨੀਆ ਗਾਂਧੀ ਨਾਲ ਵਾਇਨਾਡ ਪਹੁੰਚੇ ਰਾਹੁਲ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਕਰਨਾਟਕ ਸੀ ਆਈ ਡੀ ਨੇ ‘ਵੋਟ ਚੋਰੀ’ ਵਿੱਚ ਵਰਤੇ ਗਏ ਨੰਬਰਾਂ ਬਾਰੇ ਜਾਣਕਾਰੀ ਮੰਗਣ ਲਈ ਚੋਣ ਕਮਿਸ਼ਨ ਨੂੰ ਕਈ ਪੱਤਰ ਭੇਜੇ ਹਨ, ਪਰ ਚੋਣ ਪੈਨਲ ਇਹ ਜਾਣਕਾਰੀ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਗਿਆਨੇਸ਼ ਕੁਮਾਰ ਮੁੱਖ ਚੋਣ ਕਮਿਸ਼ਨਰ ਹਨ ਅਤੇ ਉਹ ਪੁਲੀਸ ਵੱਲੋਂ ਮੰਗੀ ਗਈ ਜਾਣਕਾਰੀ ਮੁਹੱਈਆ ਨਹੀਂ ਕਰਵਾ ਰਹੇ ਹਨ।
ਰਾਹੁਲ ਨੇ ਕਿਹਾ, ‘ਮੁੱਖ ਚੋਣ ਕਮਿਸ਼ਨਰ ’ਤੇ ਇਸ ਤੋਂ ਵੱਡਾ ਦੋਸ਼ ਹੋਰ ਕੋਈ ਨਹੀਂ ਹੋ ਸਕਦਾ। ਪੁਲੀਸ ਜਾਣਕਾਰੀ ਮੰਗ ਰਹੀ ਹੈ ਅਤੇ ਉਹ ਦੇ ਨਹੀਂ ਰਹੇ। ਇਹ ਮੇਰਾ ਬਿਆਨ ਨਹੀਂ ਹੈ। ਇਹ ਤੱਥ ਹੈ। ਇਹ ਸਪੱਸ਼ਟ ਰੂਪ ਵਿੱਚ ਸਾਰਿਆਂ ਦੇ ਸਾਹਮਣੇ ਹੈ।’ ਰਾਹੁਲ ਨੇ ਕਿਹਾ ਕਿ ਕਾਂਗਰਸ ਕਥਿਤ ‘ਵੋਟ ਚੋਰੀ’ ਦੇ ਸਬੂਤ ‘ਇਸ ਤਰੀਕੇ ਨਾਲ ਪੇਸ਼ ਕਰੇਗੀ ਕਿ ਕਿਸੇ ਨੂੰ ਕੋਈ ਸ਼ੱਕ ਨਹੀਂ ਰਹੇਗਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜਿਹਾ ਕੀਤਾ ਅਤੇ ਚੋਣ ਜਿੱਤੀ।’ ਉਨ੍ਹਾਂ ਕਿਹਾ, ‘ਜਿਵੇਂ ਕਿ ਮੈਂ ਪਹਿਲਾਂ ਵੀ ਆਪਣੀਆਂ ਦੋ ਪ੍ਰੈਸ ਕਾਨਫਰੰਸਾਂ ਵਿੱਚ ਆਖ ਚੁੱਕਾ ਹਾਂ ਕਿ ਅਸੀਂ ਹਾਈਡ੍ਰੋਜਨ ਬੰਬ ਦਾ ਖੁਲਾਸਾ ਕਰਨ ਜਾ ਰਹੇ ਹਾਂ, ਜੋ ਸਥਿਤੀ ਦੀ ਅਸਲੀਅਤ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵੇਗਾ। ਜੋ ਅਸੀਂ ਕਹਿ ਰਹੇ ਹਾਂ ਉਸ ਦੇ ਸਾਡੇ ਕੋਲ ਪੱਕੇ ਸਬੂਤ ਹਨ।’ ਕਾਂਗਰਸ ਆਗੂ ਨੇ ਕਿਹਾ, ‘ਅਸੀਂ ਬਿਨਾਂ ਸਬੂਤ ਦੇ ਕੁਝ ਨਹੀਂ ਕਹਿ ਰਹੇ। ਮੈਂ ਆਪਣਾ ਕੰਮ ਕਰਾਂਗਾ ਅਤੇ ਮੈਂ ਆਪਣਾ ਕੰਮ ਪੂਰਾ ਕਰਕੇ ਦਿਖਾਵਾਂਗਾ।’ ਰਾਹੁਲ ਨੇ ਬੀਤੇ ਦਿਨ ਵੀ ਆਪਣੇ ‘ਵੋਟ ਚੋਰੀ’ ਦੇ ਦੋਸ਼ਾਂ ਨੂੰ ਦੁਹਰਾਇਆ ਸੀ ਅਤੇ ਚੋਣ ਕਮਿਸ਼ਨ ’ਤੇ ਤਨਜ਼ ਕੱਸਦਿਆਂ ਇਸ ਨੂੰ ਅਜਿਹਾ ‘ਚੋਣ ਚੌਕੀਦਾਰ’ ਕਿਹਾ ਸੀ, ਜੋ ‘ਜਾਗਦਾ ਰਿਹਾ, ਚੋਰੀ ਦੇਖਦਾ ਰਿਹਾ ਅਤੇ ਚੋਰਾਂ ਨੂੰ ਬਚਾਉਂਦਾ ਰਿਹਾ।’ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਦਾ ‘ਹਾਈਡ੍ਰੋਜਨ ਬੰਬ’ ਪ੍ਰਧਾਨ ਮੰਤਰੀ ਦੇ ਵਾਰਾਣਸੀ ਲੋਕ ਸਭਾ ਹਲਕੇ ਨਾਲ ਸਬੰਧਤ ਹੋਵੇਗਾ, ਤਾਂ ਉਨ੍ਹਾਂ ਕਿਹਾ ਕਿ ਮੀਡੀਆ ਦਾ ਕੰਮ ਅੰਦਾਜ਼ਾ ਲਗਾਉਣਾ ਹੈ, ਜਦੋਂ ਕਿ ਉਹ (ਰਾਹੁਲ) ਆਪਣਾ ਕੰਮ ਕਰ ਰਹੇ ਹਨ। -ਪੀਟੀਆਈ