‘ਚੋਣ ਕਮਿਸ਼ਨ ਨੇ ਮੈਨੂੰ ਦਾਦੀ ਬਣਾਇਆ’: ਪਹਿਲੀ ਵਾਰ ਵੋਟ ਪਾਉਣ ਵਾਲੀ ਮਿੰਤਾ ਦੇਵੀ ਨੂੰ ਖਰੜਾ ਸੂਚੀ ’ਚ 124 ਸਾਲ ਦੀ ਦਿਖਾਇਆ
ਅਗਾਮੀ ਬਿਹਾਰ ਅਸੈਂਬਲੀ ਚੋਣਾਂ ਦੌਰਾਨ First-time voter ਵਜੋਂ ਵੋਟ ਪਾਉਣ ਦੀ ਉਡੀਕ ਕਰ ਰਹੀ ਮਿੰਤਾ ਦੇਵੀ ਨੇ ਕਿਹਾ ਚੋਣ ਕਮਿਸ਼ਨ ਨੇ ਵੋਟਰ ਸੂਚੀਆਂ ਦੀ ਵਿਆਪਕ ਸੋਧ (SIR) ਦੇ ਚੱਲ ਰਹੇ ਅਮਲ ਦੌਰਾਨ ‘ਉਸ ਨੂੰ ਦਾਦੀ’ ਬਣਾ ਦਿੱਤਾ ਹੈ। ਮਿੰਤਾ ਦੇਵੀ ਨੇ ਆਪਣਾ ਹਾਸਾ ਰੋਕਦਿਆਂ ਕਿਹਾ, ‘ਚੋਣ ਕਮਿਸ਼ਨ ਨੇ ਮੈਨੂੰ ਦਾਦੀ ਬਣਾ ਦਿੱਤਾ ਹੈ।’ ਉਧਰ ਕਾਂਗਰਸ ਆਗੂ ਤੇ ਲੋਕ ਸਭਾ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਦੀ ਅਗਵਾਈ ਵਿੱਚ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੇ ਕੌਮੀ ਰਾਜਧਾਨੀ ਵਿੱਚ ਮਿੰਟਾ ਦੇਵੀ ਦੇ ਨਾਮ ਅਤੇ ਫੋਟੋ ਨੂੰ ਆਪਣੀਆਂ ਕਮੀਜ਼ਾਂ ’ਤੇ ਛਪਵਾ ਕੇ ਪ੍ਰਦਰਸ਼ਨ ਕੀਤਾ।
ਬਿਹਾਰ ਵਿੱਚ ਵੋਟਰ ਸੂਚੀਆਂ ਦੇ ਖਰੜੇ ’ਤੇ ਵਿਸ਼ਵਾਸ ਕੀਤਾ ਜਾਵੇ ਤਾਂ ‘ਪਹਿਲੀ ਵਾਰ’ ਵੋਟ ਪਾਉਣ ਵਾਲਾ ‘124 ਸਾਲ’ ਦਾ ਰਾਜ ਦਾ ਸਭ ਤੋਂ ਪੁਰਾਣਾ ਵੋਟਰ ਹੋ ਸਕਦਾ ਹੈ, ਜਿੱਥੇ ਕੁਝ ਮਹੀਨਿਆਂ ਵਿੱਚ 7 ਕਰੋੜ ਤੋਂ ਵੱਧ ਵੋਟਰ ਆਪਣੇ ਵੋਟ ਦੀ ਵਰਤੋਂ ਕਰਨਗੇ।
ਮਿੰਤਾ ਦੇਵੀ ਜਿਸ ਦੀ ਉਮਰ 35 ਸਾਲ ਹੈ ਤੇ ਜਿਸ ਦਾ ਨਾਮ ਹੁਣ ਸੋਸ਼ਲ ਮੀਡੀਆ ’ਤੇ ਟਰੈਂਡ ਕਰ ਰਿਹਾ ਹੈ, ਨੇ ਕਿਹਾ, ‘‘ਮੈਨੂੰ ਇਸ ਮੂਰਖਤਾ ਲਈ ਕਿਵੇਂ ਦੋਸ਼ੀ ਠਹਿਰਾਇਆ ਜਾ ਸਕਦਾ ਹੈ? ਮੈਂ ਬੂਥ ਲੈਵਲ ਅਧਿਕਾਰੀ ਦੀ ਲੰਮਾ ਸਮਾਂ ਉਡੀਕ ਕਰਨ ਤੋਂ ਬਾਅਦ ਆਪਣਾ ਗਣਨਾ ਫਾਰਮ ਆਨਲਾਈਨ ਭਰਿਆ ਸੀ।’’ ਹਾਲਾਂਕਿ, ਸੀਵਾਨ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਬਿਆਨ ਵਿੱਚ ਦਾਅਵਾ ਕੀਤਾ ਹੈ ਕਿ ਪਹਿਲੀ ਵਾਰ ਵੋਟ ਪਾਉਣ ਜਾ ਰਹੇ ਦਰੌਂਦਾ ਵਿਧਾਨ ਸਭਾ ਖੇਤਰ ਦੇ ਇਸ ਵੋਟਰ ਨਾਲ ਸੰਪਰਕ ਕੀਤਾ ਗਿਆ ਹੈ ਅਤੇ ਇਸ ਗ਼ਲਤੀ ਦੇ ਸੁਰਖੀਆਂ ਬਣਨ ਤੋਂ ਬਹੁਤ ਪਹਿਲਾਂ ਹੀ ਵੋਟਰ ਸੂਚੀ ਵਿਚ ਦਰੁਸਤੀ ਲਈ ਕਦਮ ਚੁੱਕੇ ਗਏ ਸਨ।
ਉਧਰ ਸੀਵਾਨ ਦੇ ਕੁਲੈਕਟਰ ਨੇ ਇੱਕ ਬਿਆਨ ਵਿਚ ਕਿਹਾ, ‘‘ਗਲਤੀ ਨੂੰ ਸੁਧਾਰਨ ਲਈ ਮਿੰਤਾ ਦੇਵੀ ਤੋਂ 10 ਅਗਸਤ ਨੂੰ ਇੱਕ ਅਰਜ਼ੀ ਪ੍ਰਾਪਤ ਕੀਤੀ ਗਈ ਸੀ, ਇਸ ਨਾਲ ਦਾਅਵਿਆਂ ਅਤੇ ਇਤਰਾਜ਼ਾਂ ਦੇ ਪੜਾਅ (ਚੋਣ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੋਧ) ਦੌਰਾਨ ਨਜਿੱਠਿਆ ਜਾਵੇਗਾ।’’ ਇਹ ਮਾਮਲਾ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਵਿਰੋਧੀ ਪਾਰਟੀਆਂ ਸੱਤਾਧਾਰੀ ਐਨਡੀਏ ਨੂੰ ਸੰਸਦ ਦੇ ਮੌਨਸੂਨ ਸੈਸ਼ਨ ਦੇ ਨਾਲ ਨਾਲ ਸੁਪਰੀਮ ਕੋਰਟ ਵਿੱਚ ਵੀ ਨਿਸ਼ਾਨਾ ਬਣਾ ਰਹੀਆਂ ਹਨ।
ਉਧਰ ਮਿੰਤਾ ਦੇਵੀ ਹੱਸ ਹੱਸ ਕੇ ਦੂਹਰੀ ਹੋ ਗਈ ਹੈ। ਉਸ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਮੈਂ ਬਹੁਤ ਖੁਸ਼ ਹਾਂ ਕਿ, ਆਖਿਰਕਾਰ, 35 ਸਾਲ ਦੀ ਉਮਰ ਵਿੱਚ, ਮੈਨੂੰ ਆਪਣੀ ਵੋਟ ਪਾਉਣ ਦਾ ਮੌਕਾ ਮਿਲ ਸਕਦਾ ਹੈ। ਮੇਰੇ ਯੋਗ ਬਣਨ ਤੋਂ ਬਾਅਦ ਬਹੁਤ ਸਾਰੀਆਂ ਚੋਣਾਂ ਲੰਘ ਚੁੱਕੀਆਂ ਹਨ, ਪਰ ਕਿਸੇ ਤਰ੍ਹਾਂ ਮੇਰਾ ਨਾਮ ਕਦੇ ਵੀ ਵੋਟਰ ਸੂਚੀ ਵਿੱਚ ਨਹੀਂ ਆਇਆ। ਜੇਕਰ ਚੋਣ ਕਮਿਸ਼ਨ ਨੇ ਇਸ ਪ੍ਰਕਿਰਿਆ ਵਿੱਚ ਮੈਨੂੰ ਦਾਦੀ ਬਣਾਇਆ ਹੈ, ਤਾਂ ਇਹ ਮੇਰੇ ਲਈ ਠੀਕ ਹੈ। ਮੈਨੂੰ ਡਰਨ ਦੀ ਕੋਈ ਲੋੜ ਨਹੀਂ ਹੈ। ਮੈਂ ਆਪਣਾ ਜਨਮ ਸਾਲ 1990 ਦੱਸਿਆ ਸੀ, ਜੋ ਮੇਰੇ ਆਧਾਰ ਕਾਰਡ ਵਿੱਚ ਵੀ ਸੀ। ਜੇਕਰ ਖਰੜਾ ਸੂਚੀ ਵਿੱਚ 1990 ਨੂੰ 1900 ਕਰ ਦਿੱਤਾ ਗਿਆ ਹੈ ਤਾਂ ਮੈਂ ਇਸ ਤੋਂ ਬਚ ਨਹੀਂ ਸਕਦੀ।’’