ਬੰਗਾਲ ਸਰਕਾਰ ਦੇ ਅਧਿਕਾਰੀਆਂ ਨੂੰ ਧਮਕਾ ਰਿਹਾ ਹੈ ਚੋਣ ਕਮਿਸ਼ਨ: ਮਮਤਾ ਬੈਨਰਜੀ
ਤ੍ਰਿਣਮੂਲ ਕਾਂਗਰਸ ਦੀ ਮੁਖੀ ਨੇ ਹੈਰਾਨੀ ਜਤਾਈ ਕਿ ਸੂਬੇ ਦਾ ਦੌਰਾ ਕਰਨ ਵਾਲੇ ਚੋਣ ਕਮਿਸ਼ਨ ਦੇ ਅਧਿਕਾਰੀ ਸਰਕਾਰੀ ਅਧਿਕਾਰੀਆਂ ਨੂੰ ਕਿਵੇਂ ਤਲਬ ਕਰ ਸਕਦੇ ਹਨ ਜਦਕਿ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਅਜੇ ਤੱਕ ਨਹੀਂ ਹੋਇਆ ਹੈ। ਸੂਬੇ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਉਨ੍ਹਾਂ ਦਾਅਵਾ ਕੀਤਾ, ‘‘ਇਹ ਐੱਸ ਆਈ ਆਰ ਉਸ ਤਰ੍ਹਾਂ ਨਹੀਂ ਹੈ ਜਿਵੇਂ ਦਿਖਦਾ ਹੈ। ਇਸ ਦਾ ਇਸਤੇਮਾਲ ਪੱਛਮੀ ਬੰਗਾਲ ਵਿੱਚ ਕੌਮੀ ਨਾਗਰਿਕ ਰਜਿਸਟਰ (ਐੱਨ ਸੀ ਆਰ) ਵਰਗੀ ਪ੍ਰਕਿਰਿਆ ਨੂੰ ਲਾਗੂ ਕਰਨ ਵਾਸਤੇ ਇਕ ਕਵਰ ਦੇ ਰੂਪ ਵਿੱਚ ਕੀਤਾ ਜਾ ਰਿਹਾ ਹੈ।’’ -
ਕਿਸੇ ਜਾਇਜ਼ ਵੋਟਰ ਦਾ ਨਾਮ ਨਹੀਂ ਕੱਟਿਆ ਜਾਵੇਗਾ: ਮੁੱਖ ਚੋਣ ਅਧਿਕਾਰੀ
ਚੋਣ ਕਮਿਸ਼ਨ ਨੇ ਅੱਜ ਸੂਬੇ ਦੀ ਸੱਤਾਧਿਰ ਤ੍ਰਿਣਮੂਲ ਕਾਂਗਰਸ ਵੱਲੋਂ ਪ੍ਰਗਟਾਏ ਜਾ ਰਹੇ ਖ਼ਦਸ਼ਿਆਂ ਨੂੰ ਰੱਦ ਕਰਦਿਆਂ ਕਿਹਾ ਕਿ ਵਿਸ਼ੇਸ਼ ਵਿਆਪਕ ਸੁਧਾਈ ਦੌਰਾਨ ਵੋਟਰ ਸੂਚੀ ’ਚੋਂ ਕਿਸੇ ਵੀ ਜਾਇਜ਼ ਵੋਟਰ ਦਾ ਨਾਮ ਨਹੀਂ ਕੱਟਿਆ ਜਾਵੇਗਾ। ਮੁੱਖ ਚੋਣ ਅਧਿਕਾਰੀ ਮਨੋਜ ਕੁਮਾਰ ਅਗਰਵਾਲ ਨੇ ਇਕ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਇਹ ਭਰੋਸਾ ਦਿੱਤਾ। ਐੱਸ ਆਈ ਆਰ ਸਬੰਧੀ ਇਸ ਮੀਟਿੰਗ ਵਿੱਚ ਕੇਂਦਰੀ ਵਫ਼ਦ ਦੇ ਚਾਰ ਮੈਂਬਰ ਸ਼ਾਮਲ ਸਨ, ਜਿਨ੍ਹਾਂ ਵਿੱਚ ਉਪ ਚੋਣ ਕਮਿਸ਼ਨਰ ਗਿਆਨੇਸ਼ ਭਾਰਤੀ ਵੀ ਸ਼ਾਮਲ ਸੀ।