ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

‘ਚੋਣਾਂ ਚੋਰੀ’ ਕਰ ਰਿਹੈ ਚੋਣ ਕਮਿਸ਼ਨ: ਰਾਹੁਲ

ਸਾਸਾਰਾਮ ਤੋਂ ‘ਵੋਟਰ ਅਧਿਕਾਰ ਯਾਤਰਾ’ ਸ਼ੁਰੂ; ਬਿਹਾਰ ਵਿੱਚ ‘ਚੋਣ ਚੋਰੀ’ ਨਾ ਹੋਣ ਦੇਣ ਦਾ ਕੀਤਾ ਐਲਾਨ; w ਭਾਜਪਾ ’ਤੇ ਅਰਬਪਤੀਆਂ ਲਈ ਕੰਮ ਕਰਨ ਦਾ ਦੋਸ਼; ਬਿਹਾਰ ’ਚ ਅੈੱਸਆਈਆਰ ਰਾਹੀਂ ਵੋਟਰਾਂ ਨੂੰ ਕੱਢੇ ਜਾਣ ਦਾ ਕੀਤਾ ਦਾਅਵਾ
ਕਾਂਗਰਸ ਆਗੂ ਰਾਹੁਲ ਗਾਂਧੀ ਤੇ ਆਰਜੇਡੀ ਆਗੂ ਤੇਜਸਵੀ ਯਾਦਵ ਸਾਸਾਰਾਮ ’ਚ ‘ਵੋਟਰ ਅਧਿਕਾਰ ਯਾਤਰਾ’ ਮੌਕੇ ਸਮਰਥਕਾਂ ਦਾ ਪਿਆਰ ਕਬੂਲਦੇ ਹੋਏ। -ਫੋਟੋ: ਪੀਟੀਆਈ
Advertisement

ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਦਾਅਵਾ ਕੀਤਾ ਕਿ ਹੁਣ ਸਾਰਾ ਦੇਸ਼ ਜਾਣਦਾ ਹੈ ਕਿ ਚੋਣ ਕਮਿਸ਼ਨ, ਭਾਜਪਾ ਨਾਲ ਮਿਲ ਕੇ ‘ਚੋਣਾਂ ਚੋਰੀ’ ਕਰ ਰਿਹਾ ਹੈ ਪਰ ਇੰਡੀਆ ਗੱਠਜੋੜ ਉਨ੍ਹਾਂ ਨੂੰ ਆਪਣੀ ‘ਨਵੀਂ ਸਾਜ਼ਿਸ਼’ ਤਹਿਤ ਬਿਹਾਰ ਵਿਧਾਨ ਸਭਾ ਚੋਣਾਂ ਚੋਰੀ ਨਹੀਂ ਕਰਨ ਦੇਵੇਗਾ। ਉਨ੍ਹਾਂ ਇਹ ਟਿੱਪਣੀ ਆਪਣੀ 1300 ਕਿਲੋਮੀਟਰ ਲੰਮੀ ‘ਵੋਟਰ ਅਧਿਕਾਰ ਯਾਤਰਾ’ ਦੀ ਸ਼ੁਰੂਆਤ ਮੌਕੇ ਕਹੀ। ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਦੇਸ਼ ਭਰ ’ਚ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ‘ਚੋਰੀ’ ਹੋ ਰਹੀਆਂ ਹਨ ਅਤੇ ਹੁਣ ਬਿਹਾਰ ’ਚ ਵੀ ਵੋਟਰ ਸੂਚੀ ਦੀ ਵਿਸ਼ੇਸ਼ ਮੁੜ ਸੁਧਾਈ (ਐੱਸਆਈਆਰ) ਰਾਹੀਂ ਅਜਿਹਾ ਹੀ ਕਰਨ ਦੀ ਸਾਜ਼ਿਸ਼ ਘੜੀ ਜਾ ਰਹੀ ਹੈ।

ਬਿਹਾਰ ਦੇ 20 ਤੋਂ ਵੱਧ ਜ਼ਿਲ੍ਹਿਆਂ ’ਚ ਯਾਤਰਾ ਦੀ ਸ਼ੁਰੂਆਤ ਮੌਕੇ ਸਮਾਗਮ ’ਚ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਕਿਹਾ ਕਿ ‘ਵੋਟ ਚੋਰੀ’ ਦਾ ਪਰਦਾਫਾਸ਼ ਕਰਨ ਵਾਲੀ ਆਪਣੀ ਪ੍ਰੈੱਸ ਕਾਨਫਰੰਸ ਤੋਂ ਬਾਅਦ ਉਨ੍ਹਾਂ ਨੂੰ ਹਲਫਨਾਮਾ ਦੇਣ ਲਈ ਕਿਹਾ ਗਿਆ ਸੀ ਪਰ ਭਾਜਪਾ ਆਗੂਆਂ ਵੱਲੋਂ ਅਜਿਹੀ ਕੋਈ ਮੰਗ ਨਹੀਂ ਕੀਤੀ ਗਈ। ਗਾਂਧੀ ਨੇ ਦੋਸ਼ ਲਾਇਆ, ‘ਪੂਰੇ ਦੇਸ਼ ’ਚ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਦੀ ਚੋਰੀ ਹੋ ਰਹੀ ਹੈ ਅਤੇ ਉਨ੍ਹਾਂ ਦੀ ਨਵੀਂ ਸਾਜ਼ਿਸ਼ ਬਿਹਾਰ ’ਚ ਚੋਣਾਂ ਚੋਰੀ ਕਰਨ ਲਈ ਐੱਸਆਈਆਰ ਰਾਹੀਂ ਵੋਟਰਾਂ ਨੂੰ ਹਟਾਉਣ ਤੇ ਜੋੜਨ ਦੀ ਹੈ।’ ਉਨ੍ਹਾਂ ਕਿਹਾ, ‘ਅਸੀਂ ਤੁਹਾਨੂੰ ਇੱਥੇ ਇਹ ਦੱਸਣ ਆਏ ਹਾਂ ਕਿ ਅਸੀਂ ਉਨ੍ਹਾਂ ਨੂੰ ਬਿਹਾਰ ’ਚ ਚੋਣਾਂ ਚੋਰੀ ਨਹੀਂ ਕਰਨ ਦੇਵਾਂਗੇ। ਬਿਹਾਰ ਦੇ ਲੋਕ ਉਨ੍ਹਾਂ ਨੂੰ ਚੋਣਾਂ ਚੋਰੀ ਨਹੀਂ ਕਰਨ ਦੇਣਗੇ। ਗਰੀਬਾਂ ਕੋਲ ਸਿਰਫ਼ ਵੋਟ ਦੀ ਤਾਕਤ ਹੈ ਅਤੇ ਅਸੀਂ ਉਨ੍ਹਾਂ ਨੂੰ ਵੋਟ ਚੋਰੀ ਨਹੀਂ ਕਰਨ ਦੇਵਾਂਗੇ।’ ਉਨ੍ਹਾਂ ਕਿਹਾ ਕਿ ਹੁਣ ਸਾਰਾ ਦੇਸ਼ ਜਾਣਦਾ ਹੈ ਕਿ ਚੋਣ ਕਮਿਸ਼ਨ ਕੀ ਕਰਦਾ ਹੈ ਅਤੇ ਕਾਂਗਰਸ ਦੇਸ਼ ਨੂੰ ਦਿਖਾ ਰਹੀ ਹੈ ਕਿ ਇਹ (ਚੋਣ ਕਮਿਸ਼ਨ) ‘ਚੋਰੀ’ ਕਰ ਰਿਹਾ ਹੈ।

Advertisement

ਗਾਂਧੀ ਨੇ ਕਿਹਾ, ‘ਜਿੱਥੇ ਵੀ ਇਹ ਚੋਰੀ ਹੋ ਰਹੀ ਹੈ, ਭਾਵੇਂ ਉਹ ਬਿਹਾਰ ਹੋਵੇ, ਮਹਾਰਾਸ਼ਟਰ ਹੋਵੇ, ਅਸਾਮ ਹੋਵੇ, ਪੱਛਮੀ ਬੰਗਾਲ ਹੋਵੇ, ਅਸੀਂ ਉਨ੍ਹਾਂ ਦੀ ਚੋਰੀ ਫੜਾਂਗੇ ਅਤੇ ਜਨਤਾ ਸਾਹਮਣੇ ਰੱਖਾਂਗੇ।’ ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਰਬਪਤੀਆਂ ਨਾਲ ਮਿਲ ਕੇ ਸਰਕਾਰ ਚਲਾਉਂਦੇ ਹਨ। ਗਾਂਧੀ ਨੇ ਕਿਹਾ, ‘ਤੁਹਾਡੀ ਵੋਟ ਚੋਰੀ ਕੀਤੀ ਜਾਂਦੀ ਹੈ ਅਤੇ ਫਿਰ ਤੁਹਾਡਾ ਪੈਸਾ 5-6 ਅਰਬਪਤੀਆਂ ਨੂੰ ਸੌਂਪ ਦਿੱਤਾ ਜਾਂਦਾ ਹੈ। ਬਿਹਾਰ ’ਚ ਵੋਟਰ ਚੋਰੀ ਦਾ ਸੱਚ, ਐੱਸਆਈਅਰ, ਅਸੀਂ ਜਨਤਾ ਸਾਹਮਣੇ ਰੱਖਾਂਗੇ।’ ਉਨ੍ਹਾਂ ਕਿਹਾ ਕਿ ਇਹ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਹੈ। ਗਾਂਧੀ ਨੇ ਦੋਸ਼ ਲਾਇਆ ਕਿ ਆਰਐੱਸਐੱਸ ਤੇ ਭਾਜਪਾ ਸੰਵਿਧਾਨ ਨੂੰ ‘ਮਿਟਾਉਣ’ ਦੀ ਕੋਸ਼ਿਸ਼ ਕਰ ਰਹੇ ਹਨ।

ਭਾਜਪਾ ਦੀ ਸੱਤਾ ਹੇਠ ਸੰਵਿਧਾਨ ਖਤਰੇ ਵਿੱਚ: ਖੜਗੇ

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦੋਸ਼ ਲਾਇਆ ਹੈ ਕਿ ਜਦੋਂ ਤੱਕ ਕੇਂਦਰ ’ਚ ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ਸੱਤਾ ਵਿੱਚ ਹੈ, ਸੰਵਿਧਾਨ ਖਤਰੇ ਵਿੱਚ ਹੈ ਅਤੇ ਲੋਕਾਂ ਦੇ ਅਧਿਕਾਰ ਸੁਰੱਖਿਅਤ ਨਹੀਂ ਹਨ। ਬਿਹਾਰ ਦੇ ਸਾਸਾਰਾਮ ’ਚ ‘ਵੋਟਰ ਅਧਿਕਾਰ ਯਾਤਰਾ’ ਦੀ ਸ਼ੁਰੂਆਤ ਦੌਰਾਨ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਹਮੇਸ਼ਾ ਲੋਕਾਂ ਦੇ ਅਧਿਕਾਰਾਂ ਲਈ ਲੜਦੀ ਰਹੀ ਹੈ। ਉਨ੍ਹਾਂ ਦੋਸ਼ ਲਾਇਆ, ‘ਜਦੋਂ ਤੱਕ ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ਸੱਤਾ ਵਿੱਚ ਹੈ, ਸੰਵਿਧਾਨ ਖਤਰੇ ਵਿੱਚ ਹੈ ਅਤੇ ਲੋਕਾਂ ਦੇ ਅਧਿਕਾਰ ਸੁਰੱਖਿਅਤ ਨਹੀਂ ਹਨ। ਉਹ ਵੋਟ ਦਾ ਅਧਿਕਾਰ ਖੋਹਣ ਦੀ ਕੋਸ਼ਿਸ਼ ਕਰ ਰਹੇ ਹਨ। ਚੋਣ ਕਮਿਸ਼ਨ ਮੋਦੀ ਸਰਕਾਰ ਦੇ ਏਜੰਟ ਦੀ ਤਰ੍ਹਾਂ ਕੰਮ ਕਰ ਰਿਹਾ ਹੈ।’ ਉਨ੍ਹਾਂ ਦੋਸ਼ ਲਾਇਆ ਕਿ ਚੋਣ ਕਮਿਸ਼ਨ ਨੂੰ ਕੰਟਰੋਲ ਹੇਠ ਰੱਖਣ ਲਈ ਮੋਦੀ ਸਰਕਾਰ ਨੇ ਚੋਣ ਕਮਿਸ਼ਨ ਦੀ ਚੋਣ ਕਮੇਟੀ ’ਚ ਇੱਕ ਕੇਂਦਰੀ ਮੰਤਰੀ ਨੂੰ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ ਜਦਕਿ ਸੁਪਰੀਮ ਕੋਰਟ ਨੇ ਭਾਰਤ ਦੇ ਚੀਫ ਜਸਟਿਸ ਨੂੰ ਇਸ ਵਿੱਚ ਸ਼ਾਮਲ ਕਰਨ ਦੀ ਸਲਾਹ ਦਿੱਤੀ ਸੀ। ਕਾਂਗਰਸ ਪ੍ਰਧਾਨ ਨੇ ਕਿਹਾ, ‘ਪ੍ਰਧਾਨ ਮੰਤਰੀ ਨੇ ਆਰਐੱਸਐੱਸ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਪਿਛਲੇ ਸੌ ਸਾਲ ਤੋਂ ਦੇਸ਼ ਦੀ ਸੇਵਾ ਕਰ ਰਿਹਾ ਹੈ ਪਰ ਇਸ ਸੰਗਠਨ ਨੇ ਅੰਗਰੇਜ਼ਾਂ ਨਾਲ ਮਿਲ ਕੇ ਕੰਮ ਕੀਤਾ ਹੈ। ਉਨ੍ਹਾਂ ਨੇ (ਮੋਦੀ ਨੇ) ਉਨ੍ਹਾਂ ਲੋਕਾਂ ਦੀ ਹਮਾਇਤ ਕੀਤੀ ਜੋ ਭਾਰਤ ਦੀ ਆਜ਼ਾਦੀ ਦੇ ਖ਼ਿਲਾਫ਼ ਸਨ। ਕਾਂਗਰਸ ਹਮੇਸ਼ਾ ਲੋਕਾਂ ਦੇ ਅਧਿਕਾਰਾਂ ਲਈ ਲੜੀ ਹੈ ਅਤੇ ਅੱਗੇ ਵੀ ਲੜਦੀ ਰਹੇਗੀ।’ ਉਨ੍ਹਾਂ ਕਿਹਾ ਕਿ ਦੇਸ਼ ਦੇ ਆਜ਼ਾਦੀ ਘੁਲਾਟੀਏ ਜਿਨ੍ਹਾਂ ਆਪਣੀ ਮਾਤਭੂਮੀ ਲਈ ਖੂਨ, ਪਸੀਨਾ ਤੇ ਹੰਝੂ ਵਹਾਏ, ਨਰਿੰਦਰ ਮੋਦੀ ਦਾ ਬਿਆਨ ਸੁਣ ਕੇ ਆਪਣੀਆਂ ਕਬਰਾਂ ਅੰਦਰ ਵੀ ਪ੍ਰੇਸ਼ਾਨ ਹੋ ਰਹੇ ਹੋਣਗੇ। ਖੜਗੇ ਨੇ ਦਾਅਵਾ ਕੀਤਾ ਕਿ ਅਗਾਮੀ ਵਿਧਾਨ ਸਭਾ ਚੋਣਾਂ ’ਚ ਸੂਬੇ ਦੀ ਐੱਨਡੀਏ ਸਰਕਾਰ ਨੂੰ ਜਨਤਾ ਜੜ੍ਹੋਂ ਪੁੱਟ ਸੁੱਟੇਗੀ।

‘ਕੇਂਦਰ ਨੇ ਚੋਣ ਕਮਿਸ਼ਨ ਨੂੰ ਬਚਾਉਣ ਲਈ ਕਾਨੂੰਨ ਬਦਲਿਆ’

ਔਰੰਗਾਬਾਦ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਚੋਣ ਕਮਿਸ਼ਨ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਦੋਸ਼ ਲਾਇਆ ਕਿ ਸਾਲ 2023 ’ਚ ਕਾਨੂੰਨ ’ਚ ਤਬਦੀਲੀ ਕਰਕੇ ਮੁੱਖ ਚੋਣ ਕਮਿਸ਼ਨਰ ਤੇ ਚੋਣ ਕਮਿਸ਼ਨਰਾਂ ਨੂੰ ਕਾਨੂੰਨੀ ਕਾਰਵਾਈ ਦੇ ਦਾਇਰੇ ਤੋਂ ਮੁਕਤ ਕੀਤਾ ਗਿਆ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਹੀਂ ਚਾਹੁੰਦੇ ਕਿ ‘ਵੋਟ ਚੋਰੀ’ ਕਾਰਨ ਚੋਣ ਕਮਿਸ਼ਨ ’ਤੇ ਕਿਸੇ ਤਰ੍ਹਾਂ ਦੀ ਕਾਰਵਾਈ ਹੋਵੇ। ਉਨ੍ਹਾਂ ਇੱਥੋਂ ਦੇ ਰਮੇਸ਼ ਚੌਕ ’ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਇਹ ਵੀ ਕਿਹਾ ਕਿ ਬਿਹਾਰ ’ਚ ਐੱਸਆਈਆਰ ਰਾਹੀਂ ਵੋਟ ਚੋਰੀ ਕੀਤੀ ਜਾ ਰਹੀ ਹੈ। ਰਾਹੁਲ ਗਾਂਧੀ ਨੇ ਕਿਹਾ, ‘ਮੈਂ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਸੀਸੀਟੀਵੀ ਫੁਟੇਜ ਦੇਣ ਦਾ ਕਾਨੂੰਨ ਬਣਾਇਆ, ਫਿਰ ਇਸ ਨੂੰ ਬਦਲਿਆ ਕਿਉਂ? ਚੋਣ ਕਮਿਸ਼ਨ ’ਤੇ ਕਿਤੇ ਕੇਸ ਦਰਜ ਨਹੀਂ ਹੋ ਸਕਦਾ।’ ਉਨ੍ਹਾਂ ‘ਮੁੱਖ ਚੋਣ ਕਮਿਸ਼ਨਰ ਤੇ ਹੋਰ ਚੋਣ ਕਮਿਸ਼ਨਰ (ਨਿਯੁਕਤੀ, ਸੇਵਾ ਸ਼ਰਤਾਂ ਤੇ ਕਾਰਜਕਾਲ) ਕਾਨੂੰਨ, 2023’ ਦਾ ਹਵਾਲਾ ਦਿੱਤਾ ਜੋ 1991 ਦੇ ਕਾਨੂੰਨ ਦੀ ਥਾਂ ’ਤੇ ਲਿਆਂਦਾ ਗਿਆ ਸੀ। -ਪੀਟੀਆਈ

Advertisement