ਚੋਣ ਕਮਿਸ਼ਨ ਨੇ ਬੀਐੱਲਓਜ਼ ਦਾ ਸਾਲਾਨਾ ਮਿਹਨਤਾਨਾ ਦੁੱਗਣਾ ਕੀਤਾ
ਚੋਣ ਕਮਿਸ਼ਨ ਨੇ ਅੱਜ ਦੱਸਿਆ ਕਿ ਉਸ ਨੇ ਵੋਟਰ ਸੂਚੀ ਤਿਆਰ ਕਰਨ ਵਿੱਚ ਮਦਦ ਕਰਨ ਵਾਲੇ ਬੂਥ ਲੈਵਲ ਅਫਸਰਾਂ (ਬੀਐੱਲਓ) ਦਾ ਸਾਲਾਨਾ ਮਿਹਨਤਾਨਾ ਦੁੱਗਣਾ ਕਰ ਦਿੱਤਾ ਹੈ। ਬੀਐੱਲਓਜ਼ ਬੂਥ ਪੱਧਰ ’ਤੇ ਵੋਟਰ ਸੂਚੀ ਤਿਆਰ ਕਰਨ ਅਤੇ ਅਪਡੇਟ ਕਰਨ ਵਿੱਚ ਚੋਣ ਕਮਿਸ਼ਨ ਦੀ ਮਦਦ ਕਰਦੇ ਹਨ। ਇਨ੍ਹਾਂ ਨੂੰ 2015 ਤੋਂ ਆਪਣੇ ਕੰਮ ਲਈ ਸਾਲਾਨਾ 6,000 ਰੁਪਏ ਮਿਲ ਰਹੇ ਸਨ। ਹੁਣ ਇਹ ਰਕਮ ਵਧਾ ਕੇ 12,000 ਰੁਪਏ ਸਾਲਾਨਾ ਕਰ ਦਿੱਤੀ ਗਈ ਹੈ। ਬੀਐੱਲਓਜ਼ ਜ਼ਿਆਦਾਤਰ ਅਧਿਆਪਕ ਜਾਂ ਹੋਰ ਸਰਕਾਰੀ ਕਰਮਚਾਰੀ ਹੁੰਦੇ ਹਨ, ਜੋ ਆਪੋ-ਆਪਣੇ ਬੂਥਾਂ ’ਤੇ ਵੋਟਰਾਂ ਦੇ ਨਾਮ ਜੋੜਨ ਜਾਂ ਹਟਾਉਣ ਦਾ ਕੰਮ ਕਰਦੇ ਹਨ। ਚੋਣ ਕਮਿਸ਼ਨ ਦੇ ਨਵੇਂ ਨਿਯਮਾਂ ਅਨੁਸਾਰ ਇੱਕ ਬੂਥ ’ਤੇ 1,200 ਤੋਂ ਵੱਧ ਵੋਟਰ ਨਹੀਂ ਹੋਣਗੇ। ਇਸ ਤੋਂ ਇਲਾਵਾ ਕਮਿਸ਼ਨ ਨੇ ਵੋਟਰ ਸੂਚੀ ਦੀ ਵਿਸ਼ੇਸ਼ ਵਿਆਪਕ ਸੋਧ ਲਈ ਬੀਐੱਲਓਜ਼ ਨੂੰ 6,000 ਰੁਪਏ ਦੀ ਵਿਸ਼ੇਸ਼ ਰਾਸ਼ੀ ਦੇਣ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਇਸ ਦੀ ਸ਼ੁਰੂਆਤ ਬਿਹਾਰ ਤੋਂ ਹੋਵੇਗੀ, ਜਿੱਥੇ ਇਹ ਕਵਾਇਦ ਚੱਲ ਰਹੀ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਉਸ ਨੇ ਬੀਐੱਲਓ ਨਿਰੀਖਕਾਂ ਦੇ ਮਿਹਨਤਾਨੇ ਨੂੰ ਮੌਜੂਦਾ 12,000 ਰੁਪਏ ਪ੍ਰਤੀ ਸਾਲ ਤੋਂ ਵਧਾ ਕੇ 18,000 ਰੁਪਏ ਪ੍ਰਤੀ ਸਾਲ ਕਰ ਦਿੱਤਾ ਹੈ। ਹੁਣ ਚੋਣ ਰਜਿਸਟ੍ਰੇਸ਼ਨ ਅਫ਼ਸਰਾਂ (ਈਆਰਓਜ਼) ਅਤੇ ਸਹਾਇਕ ਈਆਰਓਜ਼ ਨੂੰ ਵੀ ਕ੍ਰਮਵਾਰ 30,000 ਰੁਪਏ ਅਤੇ 25,000 ਰੁਪਏ ਸਾਲਾਨਾ ਮਾਣਭੱਤਾ ਦਿੱਤਾ ਜਾਵੇਗਾ। ਚੋਣ ਕਮਿਸ਼ਨ ਨੇ ਕਿਹਾ ਕਿ ਵੋਟਰ ਸੂਚੀ ਮਸ਼ੀਨਰੀ, ਜਿਸ ਵਿੱਚ ਈਆਰਓਜ਼, ਏਈਆਰਓਜ਼, ਬੀਐੱਲਓ ਸੁਪਰਵਾਈਜ਼ਰ ਅਤੇ ਬੂਥ ਪੱਧਰ ਦੇ ਅਧਿਕਾਰੀ ਸ਼ਾਮਲ ਹਨ, ਸਖ਼ਤ ਮਿਹਨਤ ਕਰਦੇ ਹਨ ਅਤੇ ਨਿਰਪੱਖ ਤੇ ਪਾਰਦਰਸ਼ੀ ਵੋਟਰ ਸੂਚੀਆਂ ਦੀ ਤਿਆਰੀ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ।