ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

‘ਵਿਦਿਅਕ ਲੋਨ’: ਪੰਜਾਬ ’ਚ ਕਰਜ਼ੇ ਦੀ ਪੰਡ ਹੇਠ ਦੱਬੇ ਵਿਦਿਆਰਥੀ

ਵਿਦਿਆਰਥੀ ਹਰ ਵਰ੍ਹੇ ਚੁੱਕਦੇ ਨੇ 500 ਕਰੋੜ ਦਾ ਕਰਜ਼ਾ
Advertisement

ਪੰਜਾਬ ’ਚ ਇਕੱਲੇ ਕਿਸਾਨ ਕਰਜ਼ਾਈ ਨਹੀਂ ਹਨ ਬਲਕਿ ਉਚੇਰੀ ਸਿੱਖਿਆ ਲੈਣ ਵਾਲੇ ਵਿਦਿਆਰਥੀ ਵੀ ਕਰਜ਼ੇ ਦੇ ਬੋਝ ਹੇਠ ਹਨ। ਮਹਿੰਗੀ ਸਿੱਖਿਆ ਪ੍ਰਣਾਲੀ ਕਰਕੇ ਵਿਦਿਆਰਥੀ ਕਰਜ਼ਾ ਚੁੱਕਣ ਲਈ ਮਜਬੂਰ ਹਨ। ਤਾਜ਼ਾ ਵੇਰਵੇ ਸਾਹਮਣੇ ਆਏ ਹਨ ਕਿ ਪੰਜਾਬ ਦੇ ਵਿਦਿਆਰਥੀ ਇਕੱਲੇ ਪਬਲਿਕ ਸੈਕਟਰ ਦੀਆਂ ਬੈਂਕਾਂ ਤੋਂ ਹੀ ਹਰ ਵਰ੍ਹੇ ਔਸਤਨ 500 ਕਰੋੜ ਦਾ ਕਰਜ਼ਾ ਚੁੱਕਦੇ ਹਨ। ਇਨ੍ਹਾਂ ’ਚੋਂ ਬਹੁਤੇ ਵਿਦਿਆਰਥੀ ਡਿਫਾਲਟਰ ਹੋ ਜਾਂਦੇ ਹਨ। ਪ੍ਰਾਈਵੇਟ ਤੇ ਸਹਿਕਾਰੀ ਬੈਂਕਾਂ ਤੋਂ ‘ਵਿਦਿਅਕ ਲੋਨ’ ਚੁੱਕਣ ਦਾ ਅੰਕੜਾ ਵੱਖਰਾ ਹੈ। ਬਹੁਤੇ ਵਿਦਿਆਰਥੀ ਵਿਦੇਸ਼ ਪੜ੍ਹਾਈ ਲਈ ਕਰਜ਼ਾ ਚੁੱਕਦੇ ਹਨ ਤੇ ਇੱਥੇ ਵੀ ਮੈਡੀਕਲ ਦੀ ਪੜ੍ਹਾਈ ਕਰਨ ਵਾਲੇ ਬਹੁਤੇ ਵਿਦਿਆਰਥੀ ਕਰਜ਼ੇ ’ਤੇ ਨਿਰਭਰ ਹੁੰਦੇ ਹਨ।

ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ’ਚ ਪਬਲਿਕ ਸੈਕਟਰ ਦੇ ਦਰਜਨ ਬੈਂਕ ਹਨ ਜਿਨ੍ਹਾਂ ਤੋਂ ਲੰਘੇ ਚਾਰ ਵਰ੍ਹਿਆਂ ਦੌਰਾਨ ਵਿਦਿਆਰਥੀਆਂ ਨੇ 2114.36 ਕਰੋੜ ਦਾ ਵਿੱਦਿਅਕ ਲੋਨ ਚੁੱਕਿਆ ਹੈ। ਜਦੋਂ ਨਵੇਂ ਦਾਖ਼ਲੇ ਸ਼ੁਰੂ ਹੁੰਦੇ ਹਨ ਤਾਂ ਵਿੱਦਿਅਕ ਲੋਨ ਲੈਣ ਵਾਲਿਆਂ ਦੇ ਗੇੜੇ ਬੈਂਕਾਂ ਵਿਚ ਵਧ ਜਾਂਦੇ ਹਨ। ਪੰਜਾਬ ’ਚ ਪਬਲਿਕ ਸੈਕਟਰ ਦੀਆਂ ਬੈਂਕਾਂ ਨੇ ਸਾਲ 2021-22 ਵਿੱਚ 436.67 ਕਰੋੜ ਰੁਪਏ ਦਾ ਵਿੱਦਿਅਕ ਲੋਨ ਜਾਰੀ ਕੀਤਾ ਅਤੇ ਉਸ ਮਗਰੋਂ ਸਾਲ 2022-23 ਤੋਂ 2024-25 ਦੇ ਤਿੰਨ ਵਰ੍ਹਿਆਂ ’ਚ 1677.69 ਕਰੋੜ ਦਾ ‘ਵਿਦਿਅਕ ਲੋਨ’ ਇਨ੍ਹਾਂ ਬੈਂਕਾਂ ਨੇ ਦਿੱਤਾ ਹੈ।

Advertisement

ਪਬਲਿਕ ਸੈਕਟਰ ਦੀਆਂ ਬੈਂਕਾਂ ਵੱਲੋਂ ਅਲੱਗ ਅਲੱਗ ਸਕੀਮਾਂ ਤਹਿਤ ਵਿੱਦਿਅਕ ਲੋਨ ਦਿੱਤਾ ਜਾਂਦਾ ਹੈ। ਵਿਦੇਸ਼ ’ਚ ਪੜ੍ਹਾਈ ਤੋਂ ਇਲਾਵਾ ਪੰਜਾਬ ’ਚ ਇੱਥੇ ਮੈਡੀਕਲ, ਇੰਜਨੀਅਰਿੰਗ ਅਤੇ ਨਰਸਿੰਗ ਕਾਲਜਾਂ ’ਚ ਪੜ੍ਹਨ ਵਾਲੇ ਵਿਦਿਆਰਥੀ ਵੀ ਵਿਦਿਅਕ ਲੋਨ ਚੁੱਕਦੇ ਹਨ। ਕਈ ਸਕੀਮਾਂ ’ਚ ਤਾਂ ਵਿਦਿਅਕ ਲੋਨ ’ਚ ਕੋਈ ਜਾਇਦਾਦ ਵੀ ਗਹਿਣੇ ਰੱਖਣ ਦੀ ਲੋੜ ਨਹੀਂ ਹੈ।

ਸਟੇਟ ਬੈਂਕ ਪਟਿਆਲਾ ਦੇ ਅਧਿਕਾਰੀ ਨਰੇਸ਼ ਰੁਪਾਣਾ ਆਖਦੇ ਹਨ ਕਿ ਆਮ ਤੌਰ ’ਤੇ ਲੋੜਵੰਦ ਪਰਿਵਾਰਾਂ ਦੇ ਵਿਦਿਆਰਥੀ ਹੀ ਵਿਦਿਅਕ ਲੋਨ ਚੁੱਕਦੇ ਹਨ ਜਿਨ੍ਹਾਂ ’ਚ ਛੋਟੀ ਤੇ ਮੱਧ ਵਰਗੀ ਕਿਸਾਨੀ ਤੋਂ ਇਲਾਵਾ ਮਜ਼ਦੂਰ ਵਰਗ ਦੀ ਕਾਫ਼ੀ ਗਿਣਤੀ ਵੀ ਸ਼ਾਮਲ ਹੈ। ਕੇਂਦਰੀ ਵਿੱਤ ਮੰਤਰਾਲੇ ਦੇ ਵੇਰਵਿਆਂ ਮੁਤਾਬਿਕ ਸਮੁੱਚੇ ਦੇਸ਼ ਵਿੱਚ ਪਬਲਿਕ ਸੈਕਟਰ ਦੀਆਂ ਬੈਂਕਾਂ ’ਚੋਂ ਸਭ ਤੋਂ ਵੱਧ ਸਟੇਟ ਬੈਂਕ ਆਫ਼ ਇੰਡੀਆ ਨੇ 32,311 ਕਰੋੜ ਦਾ ਵਿਦਿਅਕ ਲੋਨ ਲੰਘੇ ਤਿੰਨ ਸਾਲਾਂ ਵਿੱਚ ਦਿੱਤਾ ਹੈ ਜਦਕਿ ਦੂਜੇ ਨੰਬਰ ’ਤੇ ਯੂਨੀਅਨ ਬੈਂਕ ਆਫ਼ ਇੰਡੀਆ ਨੇ ਤਿੰਨ ਸਾਲਾਂ ਦੌਰਾਨ 14,558 ਕਰੋੜ ਦਾ ਵਿੱਦਿਅਕ ਲੋਨ ਜਾਰੀ ਕੀਤਾ ਹੈ। ਤੀਜੇ ਨੰਬਰ ’ਤੇ ਬੈਂਕ ਆਫ਼ ਬੜੌਦਾ ਨੇ ਤਿੰਨ ਸਾਲਾਂ ਦੌਰਾਨ 8468 ਕਰੋੜ ਦਾ ਵਿਦਿਅਕ ਲੋਨ ਦਿੱਤਾ ਹੈ।

ਲੰਘੇ ਤਿੰਨ ਸਾਲਾਂ ’ਚ ਹਰਿਆਣਾ ’ਚ 2316 ਕਰੋੜ ਦਾ ਵਿਦਿਅਕ ਲੋਨ ਦਿੱਤਾ ਗਿਆ ਜਦਕਿ ਰਾਜਸਥਾਨ ’ਚ 1990 ਕਰੋੜ ਦਾ ਵਿਦਿਅਕ ਕਰਜ਼ਾ ਦਿੱਤਾ ਗਿਆ ਹੈ। ਦੇਸ਼ ’ਚ ਸਭ ਤੋਂ ਵੱਧ ਮਹਾਰਾਸ਼ਟਰ ’ਚ ਤਿੰਨ ਸਾਲਾਂ ’ਚ 11,426 ਕਰੋੜ ਦੇ ਵਿਦਿਅਕ ਕਰਜ਼ੇ ਦੀ ਵੰਡ ਕੀਤੀ ਗਈ ਹੈ। ਚੰਡੀਗੜ੍ਹ ਯੂਟੀ ’ਚ ਸਿਰਫ਼ 224 ਕਰੋੜ ਦਾ ਵਿਦਿਅਕ ਲੋਨ ਜਾਰੀ ਹੋਇਆ ਹੈ।

ਸਾਬਕਾ ਸੈਨੇਟ ਮੈਂਬਰ ਅਤੇ ਪ੍ਰਿੰਸੀਪਲ ਤਰਲੋਕ ਬੰਧੂ ਆਖਦੇ ਹਨ ਕਿ ਸਰਕਾਰਾਂ ਸਸਤੀ ਸਿੱਖਿਆ ਮੁਹੱਈਆ ਕਰਾਉਣ ਵਿੱਚ ਨਾਕਾਮ ਰਹੀਆਂ ਹਨ ਜਿਸ ਕਰਕੇ ਕਰਜ਼ਾ ਚੁੱਕਣਾ ਵਿਦਿਆਰਥੀ ਦੀ ਮਜਬੂਰੀ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਿਦਿਅਕ ਲੋਨ ਉਸ ਵਕਤ ਪਰਿਵਾਰਾਂ ਨੂੰ ਸੰਕਟ ’ਚ ਧੱਕ ਦਿੰਦਾ ਹੈ ਜਦੋਂ ਉਚੇਰੀ ਸਿੱਖਿਆ ਹਾਸਲ ਕਰਨ ਮਗਰੋਂ ਵੀ ਨੌਜਵਾਨਾਂ ਨੂੰ ਕਿਧਰੇ ਰੁਜ਼ਗਾਰ ਨਹੀਂ ਮਿਲਦਾ।

Advertisement