ਸਿੱਖਿਆ ਕੁੱਝ ਲੋਕਾਂ ਲਈ ਵਿਸ਼ੇਸ਼ ਅਧਿਕਾਰ ਨਾ ਬਣੇ: ਰਾਹੁਲ
ਕਾਂਗਰਸ ਨੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਦੀ ਪੇਰੂ ਵਿੱਚ ਵਿਦਿਆਰਥੀਆਂ ਨਾਲ ਸੰਵਾਦ ਦੀ ਵੀਡੀਓ ਸਾਂਝੀ ਕੀਤੀ
Advertisement
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਨੂੰ ਇੱਕ ਅਜਿਹੀ ਸਿੱਖਿਆ ਪ੍ਰਣਾਲੀ ਦੀ ਲੋੜ ਹੈ, ਜੋ ਦੇਸ਼ ਦੀ ਅਮੀਰ ਵੰਨ-ਸੁਵੰਨਤਾ ਨੂੰ ਦਰਸਾਉਂਦੀ ਹੋਵੇ ਅਤੇ ਕੁਝ ਲੋਕਾਂ ਲਈ ਵਿਸ਼ੇਸ਼ ਅਧਿਕਾਰ ਨਾ ਬਣੇ। ਉਨ੍ਹਾਂ ਕਿਹਾ ਕਿ ਇਹ ਆਜ਼ਾਦੀ ਦਾ ਆਧਾਰ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਨੇ ਕਿਹਾ ਕਿ ਭਾਰਤ ਨੂੰ ਇੱਕ ਬਦਲਵੀਂ ਨਿਰਮਾਣ ਪ੍ਰਣਾਲੀ ਬਣਾਉਣ ਦੀ ਜ਼ਰੂਰਤ ਹੈ ਅਤੇ ਅਮਰੀਕਾ ਜਾਂ ਪੇਰੂ ਨਾਲ ਭਾਈਵਾਲੀ ਅੱਗੇ ਵਧਣ ਦਾ ਸੰਭਾਵੀ ਰਾਹ ਹੋ ਸਕਦਾ ਹੈ। ਕਾਂਗਰਸ ਨੇਤਾ ਨੇ ਪੇਰੂ ਦੀ ਪੌਂਟੀਫਿਕਲ ਕੈਥੋਲਿਕ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ ਚਿਲੀ ਦੇ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਸਿੱਖਿਆ, ਲੋਕਤੰਤਰ ਅਤੇ ਭੂ-ਰਾਜਨੀਤੀ ’ਤੇ ਕੇਂਦਰਿਤ ਡੂੰਘੀ ਚਰਚਾ ਕੀਤੀ।ਕਾਂਗਰਸ ਨੇ ‘ਐਕਸ’ ’ਤੇ ਰਾਹੁਲ ਦੇ ਹਵਾਲੇ ਨਾਲ ਕਿਹਾ, ‘‘ਭਾਰਤ ਨੂੰ ਬਦਲਵੀਂ ਨਿਰਮਾਣ ਪ੍ਰਣਾਲੀ ਬਣਾਉਣ ਦੀ ਜ਼ਰੂਰਤ ਹੈ, ਜੋ ਲੋਕਤੰਤਰੀ ਪ੍ਰਬੰਧ ਵਿੱਚ ਵਧੇ-ਫੁੱਲੇ। ਇਸ ਲਈ ਪੇਰੂ ਜਾਂ ਅਮਰੀਕਾ ਨਾਲ ਭਾਈਵਾਲੀ ਅੱਗੇ ਵਧਣ ਦਾ ਰਾਹ ਹੋ ਸਕਦਾ ਹੈ।’’
ਕਾਂਗਰਸ ਵੱਲੋਂ ਇਸ ਦੇ ਨਾਲ ਹੀ ਦੱਖਣੀ ਅਮਰੀਕਾ ਵਿੱਚ ਵਿਦਿਆਰਥੀਆਂ ਨਾਲ ਰਾਹੁਲ ਦੇ ਸੰਵਾਦ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਗਈ। ਰਾਹੁਲ ਨੇ ਕਿਹਾ, ‘‘ਜਦੋਂ ਸਿੱਖਿਆ ਦੀ ਗੱਲ ਆਉਂਦੀ ਹੈ ਤਾਂ ਇਸ ਦੀ ਸ਼ੁਰੂਆਤ ਉਤਸੁਕਤਾ ਅਤੇ ਖੁੱਲ੍ਹ ਕੇ ਸੋਚਣ ਦੀ ਆਜ਼ਾਦੀ, ਬਿਨਾਂ ਕਿਸੇ ਡਰ ਜਾਂ ਸਮਾਜਿਕ-ਰਾਜਨੀਤਿਕ ਰੁਕਾਵਟਾਂ ਦੇ ਸਵਾਲ ਪੁੱਛਣ ਦੀ ਆਜ਼ਾਦੀ ਨਾਲ ਹੁੰਦੀ ਹੈ। ਸਿੱਖਿਆ ਕੁੱਝ ਚੋਣਵੇਂ ਲੋਕਾਂ ਲਈ ਕੋਈ ਵਿਸ਼ੇਸ਼ ਅਧਿਕਾਰ ਨਹੀਂ ਬਣਨੀ ਚਾਹੀਦੀ ਕਿਉਂਕਿ ਇਹੀ ਆਜ਼ਾਦੀ ਦੀ ਅਸਲ ਬੁਨਿਆਦ ਹੈ। ਭਾਰਤ ਨੂੰ ਅਜਿਹੀ ਸਿੱਖਿਆ ਪ੍ਰਣਾਲੀ ਦੀ ਲੋੜ ਹੈ, ਜੋ ਵਿਗਿਆਨਕ ਸੋਚ ਨੂੰ ਫੈਲਾਵੇ, ਆਲੋਚਨਾਤਮਕ ਵਿਚਾਰਾਂ ਨੂੰ ਉਤਸ਼ਾਹਿਤ ਕਰੇ ਅਤੇ ਸਾਡੇ ਦੇਸ਼ ਦੀ ਅਮੀਰ ਵੰਨ-ਸੁਵੰਨਤਾ ਨੂੰ ਦਰਸਾਵੇ।’’ ਰਾਹੁਲ ਕੋਲੰਬੀਆ, ਬਰਾਜ਼ੀਲ, ਪੇਰੂ ਅਤੇ ਚਿਲੀ ਦੇ ਇੱਕ ਹਫ਼ਤੇ ਦੇ ਦੌਰੇ ’ਤੇ ਗਏ ਹੋਏ ਸਨ।
Advertisement
Advertisement