‘ਐਜੂਕੇਟ ਗਰਲਜ਼’ ਨੂੰ ਰੇਮਨ ਮੈਗਸੈਸੇ ਪੁਰਸਕਾਰ
ਦੂਰ-ਦੁਰਾਡੇ ਦੇ ਪਿੰਡਾਂ ਵਿੱਚ ਸਕੂਲ ਨਾ ਜਾਣ ਵਾਲੀਆਂ ਕੁੜੀਆਂ ਦੀ ਸਿੱਖਿਆ ਲਈ ਕੰਮ ਕਰਨ ਵਾਲੀ ਭਾਰਤੀ ਗੈਰ-ਲਾਭਕਾਰੀ ਸੰਸਥਾ ‘ਐਜੂਕੇਟ ਗਰਲਜ਼’ ਨੂੰ 2025 ਦੇ ਰੇਮਨ ਮੈਗਸੈਸੇ ਪੁਰਸਕਾਰ ਜੇਤੂਆਂ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਐਲਾਨ ਅੱਜ ਕੀਤਾ ਗਿਆ।
ਰੇਮਨ ਮੈਗਸੈਸੇ ਪੁਰਸਕਾਰ ਫਾਊਂਡੇਸ਼ਨ (ਆਰ ਐੱਮ ਏ ਐੱਫ) ਵੱਲੋਂ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ‘ਫਾਊਂਡੇਸ਼ਨ ਟੂ ਐਜੂਕੇਟ ਗਰਲਜ਼ ਗਲੋਬਲੀ’ ਜਿਸ ਨੂੰ ਵਿਆਪਕ ਤੌਰ ’ਤੇ ‘ਐਜੂਕੇਟ ਗਰਲਜ਼’ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਨੇ ਰੇਮਨ ਮੈਗਸੈਸੇ ਪੁਰਸਕਾਰ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਸੰਸਥਾ ਬਣ ਕੇ ਇਤਿਹਾਸ ਸਿਰਜ ਦਿੱਤਾ ਹੈ। ਏਸ਼ੀਆ ਦਾ ਨੋਬੇਲ ਪੁਰਸਕਾਰ, ਏਸ਼ੀਆ ਦੇ ਲੋਕਾਂ ਦੀ ਬਿਨਾ ਕਿਸੇ ਸਵਾਰਥ ਤੋਂ ਸੇਵਾ ਵਿੱਚ ਦਿਖਾਈ ਗਈ ਮਹਾਨ ਭਾਵਨਾ ਨੂੰ ਮਾਨਤਾ ਦਿੰਦਾ ਹੈ। ਹੋਰ ਦੋ ਜੇਤੂਆਂ ਵਿੱਚ ਮਾਲਦੀਵ ਦੀ ਸ਼ਾਹੀਨਾ ਅਲੀ ਨੂੰ ਉਸ ਦੇ ਵਾਤਾਵਰਨ ਸਬੰਧੀ ਕਾਰਜਾਂ ਲਈ ਅਤੇ ਫਿਲਪੀਨਜ਼ ਦੇ ਫਲੈਵਿਆਨੋ ਅੰਟੋਨੀਓ ਐੱਲ ਵਿਲਾਨੁਏਵਾ ਨੂੰ ਉਸ ਦੇ ਯੋਗਦਾਨ ਲਈ ਚੁਣਿਆ ਗਿਆ ਹੈ।
ਬਿਆਨ ਵਿੱਚ ਕਿਹਾ ਗਿਆ ਹੈ ਕਿ 2025 ਦੇ ਰੇਮਨ ਮੈਗਸੈਸੇ ਪੁਰਸਕਾਰ ਜੇਤੂਆਂ ਨੂੰ ਫਿਲਪੀਨ ਦੇ ਸਾਬਕਾ ਰਾਸ਼ਟਰਪਤੀ ਰੇਮਨ ਮੈਗਸੈਸੇ ਦੀ ਤਸਵੀਰ ਵਾਲਾ ਇਕ ਤਗ਼ਮਾ, ਪ੍ਰਮਾਣ ਪੱਤਰ ਅਤੇ ਨਕਦ ਪੁਰਸਕਾਰ ਦਿੱਤਾ ਜਾਵੇਗਾ। ਮਨੀਲਾ ਦੇ ਮੈਟਰੋਪੌਲੀਟਨ ਥੀਏਟਰ ਵਿੱਚ 67ਵਾਂ ਰੇਮਨ ਮੈਗਸੈਸੇ ਪੁਰਸਕਾਰ ਸਮਾਰੋਹ 7 ਨਵੰਬਰ ਨੂੰ ਹੋਵੇਗਾ।
ਆਰ ਐੱਮ ਏ ਐੱਫ ਦੇ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੁੜੀਆਂ ਅਤੇ ਮਹਿਲਾਵਾਂ ਦੀ ਸਿੱਖਿਆ ਰਾਹੀਂ ਸਭਿਆਚਾਰਕ ਰੂੜ੍ਹੀਵਾਦੀ ਵਿਚਾਰਧਾਰਾ ਨੂੰ ਖ਼ਤਮ ਕਰਨ, ਉਨ੍ਹਾਂ ਨੂੰ ਅਨਪੜ੍ਹਤਾ ਦੇ ਬੰਧਨ ਤੋਂ ਮੁਕਤ ਕਰਨ ਅਤੇ ਉਨ੍ਹਾਂ ਦੇ ਵਿਕਾਸ, ਬਹਾਦਰੀ, ਜਜ਼ਬਾ ਵਧਾਉਣ ਦੀ ਵਚਨਬੱਧਤਾ ਲਈ ‘ਐਜੂਕੇਟ ਗਰਲਜ਼’ ਨੂੰ ਇਹ ਪੁਰਸਕਾਰ ਦਿੱਤਾ ਜਾ ਰਿਹਾ ਹੈ। ‘ਐਜੂਕੇਸਟ ਗਰਲਜ਼’ ਦੀ ਸਥਾਪਨਾ 2007 ਵਿੱਚ ‘ਲੰਡਨ ਸਕੂਲ ਆਫ ਇਕਨੌਮਿਕਸ’ ਦੀ ਗ੍ਰੈਜੂਏਟ ਸਫੀਨਾ ਹੁਸੈਨ ਨੇ ਕੀਤੀ ਸੀ ਜੋ ਕਿ ਉਸ ਸਮੇਂ ਸਾਂ ਫਰਾਂਸਿਸਕੋ ਵਿੱਚ ਨੌਕਰੀ ਕਰਦੀ ਸੀ। ਉਸ ਨੇ ਮਹਿਲਾ ਅਨਪੜ੍ਹਤਾ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਭਾਰਤ ਪਰਤਣ ਦਾ ਫੈਸਲਾ ਲਿਆ। ਇਸ ਸੰਸਥਾ ਨੇ ਰਾਜਸਥਾਨ ਤੋਂ ਸ਼ੁਰੂਆਤ ਕੀਤੀ ਸੀ।