ਈਡੀ ਵੱਲੋਂ ਰੌਬਿਨ ਉਥੱਪਾ, ਯੁਵਰਾਜ ਸਿੰਘ ਤੇ ਸੋਨੂ ਸੂਦ ਤਲਬ
ਐਨਫੋਰਮੈਂਟ ਡਾਇਰੈਕਟਰੋਟ (ਈਡੀ) ਨੇ ਕਥਿਤ ਨਾਜਾਇਜ਼ ਆਨਲਾਈਨ ਸੱਟੇਬਾਜ਼ੀ ਐਪ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਆਪਣੀ ਜਾਂਚ ਦਾ ਦਾਇਰਾ ਵਧਾਉਂਦਿਆਂ ਸਾਬਕਾ ਕ੍ਰਿਕਟਰਾਂ ਰੌਬਿਨ ਉਥੱਪਾ ਤੇ ਯੁਵਰਾਜ ਸਿੰਘ ਅਤੇ ਅਦਾਕਾਰ ਸੋਨੂ ਸੂਦ ਨੂੰ ਪੁੱਛ ਪੜਤਾਲ ਲਈ ਤਲਬ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਉਥੱਪਾ (39), ਯੁਵਰਾਜ ਸਿੰਘ (43) ਨੂੰ ਸੋਨੂ ਸੂਦ (52) ਨੂੰ ‘1ਐਕਸਬੈੱਟ’ ਨਾਂ ਦੇ ਪਲੈਟਫਾਰਮ ਨਾਲ ਜੁੜੇ ਮਾਮਲੇ ’ਚ ਪੀ ਐੱਮ ਐੱਲ ਏ ਤਹਿਤ ਅਗਲੇ ਹਫ਼ਤੇ ਦਿੱਲੀ ’ਚ ਏਜੰਸੀ ਦੇ ਹੈੱਡਕੁਆਰਟਰ ’ਚ ਜਾਂਚ ਇਕਾਈ ਦੇ ਸਾਹਮਣੇ ਪੇਸ਼ ਹੋਣ ਅਤੇ ਬਿਆਨ ਦਰਜ ਕਰਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਥੱਪਾ ਨੂੰ 22 ਸਤੰਬਰ ਨੂੰ ਬਿਆਨ ਦਰਜ ਕਰਾਉਣ ਲਈ ਕਿਹਾ ਗਿਆ ਹੈ ਜਦਕਿ ਯੁਵਰਾਜ ਨੂੰ 23 ਤੇ ਸੂਦ ਨੂੰ 24 ਸਤੰਬਰ ਨੂੰ ਸੱਦਿਆ ਗਿਆ ਹੈ।
ਸੰਘੀ ਜਾਂਚ ਏਜੰਸੀ ਪਿਛਲੇ ਕੁਝ ਹਫ਼ਤਿਆਂ ਅੰਦਰ ਸਾਬਕਾ ਕ੍ਰਿਕਟਰ ਸੁਰੇਸ਼ ਰੈਣਾ ਅਤੇ ਸ਼ਿਖਰ ਧਵਨ ਤੋਂ ਪੁੱਛ ਪੜਤਾਲ ਕਰ ਚੁੱਕੀ ਹੈ। ਇਸ ਮਾਮਲੇ ’ਚ ਬੀਤੇ ਦਿਨ ਟੀ ਐੱਮ ਸੀ ਦੀ ਸਾਬਕਾ ਸੰਸਦ ਮੈਂਬਰ ਤੇ ਅਦਾਕਾਰਾ ਮਿਮੀ ਚਕਰਵਰਤੀ ਦਾ ਵੀ ਬਿਆਨ ਦਰਜ ਕੀਤਾ ਗਿਆ ਸੀ। ਸੂਤਰਾਂ ਨੇ ਦੱਸਿਆ ਕਿ ਬੰਗਾਲੀ ਅਦਾਕਾਰ ਅੰਕੁਸ਼ ਹਾਜਰਾ (36) ਇਸ ਮਾਮਲੇ ’ਚ ਆਪਣੇ ਨਿਰਧਾਰਤ ਸੰਮਨ ’ਤੇ ਅੱਜ ਈਡੀ ਸਾਹਮਣੇ ਪੇਸ਼ ਹੋਏ ਜਦਕਿ ‘1ਐਕਸਬੈੱਟ’ ਦੀ ਭਾਰਤ ਦੀ ਬਰਾਂਡ ਅੰਬੈਸਡਰ ਤੇ ਅਦਾਕਾਰਾ ਉਰਵਸ਼ੀ ਰੌਤੇਲਾ ਅੱਜ ਆਪਣੀ ਨਿਰਧਾਰਤ ਤਰੀਕ ’ਤੇ ਅਜੇ ਤੱਕ ਪੇਸ਼ ਨਹੀਂ ਹੋਈ ਹੈ।