ED ਨੇ ਕਰਨਾਟਕ ਦੇ ਕਾਂਗਰਸੀ ਵਿਧਾਇਕ ਦੇ ਘਰੋਂ 1.41 ਕਰੋੜ ਰੁਪਏ ਤੇ 6.7 ਕਿਲੋ ਸੋਨਾ ਜ਼ਬਤ
ਇਹ ਮਾਮਲਾ 59 ਸਾਲਾ ਵਿਧਾਇਕ ਨਾਲ ਕਥਿਤ ਤੌਰ ’ਤੇ ਜੁੜੀ ਇੱਕ ਕੰਪਨੀ ਦੁਆਰਾ ਲੋਹੇ ਦੇ ਕਥਿਤ ਗੈਰ-ਕਾਨੂੰਨੀ ਨਿਰਯਾਤ ਨਾਲ ਸਬੰਧਤ ਹੈ।
ਸਤੀਸ਼ ਕ੍ਰਿਸ਼ਨ ਉੱਤਰ ਕੰਨੜ ਜ਼ਿਲ੍ਹੇ ਦੇ ਕਾਰਵਾਰ ਤੋਂ ਵਿਧਾਇਕ ਹਨ। ਜਾਂਚ ਏਜੰਸੀ ਨੇ ਇਸ ਮਾਮਲੇ ਵਿੱਚ 13-14 ਅਗਸਤ ਨੂੰ ਕਾਰਵਾਰ, ਗੋਆ, ਮੁੰਬਈ ਅਤੇ ਦਿੱਲੀ ਵਿੱਚ ਤਲਾਸ਼ੀ ਲਈ ਸੀ।
ਈਡੀ ਅਨੁਸਾਰ ਮਨੀ ਲਾਂਡਰਿੰਗ ਰੋਕਥਾਮ ਐਕਟ ਦੇ ਉਪਬੰਧਾਂ ਤਹਿਤ ਜਿਨ੍ਹਾਂ ਹੋਰ ਸੰਸਥਾਵਾਂ ਦੀ ਤਲਾਸ਼ੀ ਲਈ ਗਈ, ਉਨ੍ਹਾਂ ਵਿੱਚ ਆਸ਼ਾਪੁਰਾ ਮਾਈਨਕੇਮ, ਸ੍ਰੀ ਲਾਲ ਮਹਿਲ, ਸਵਾਸਤਿਕ ਸਟੀਲਜ਼ (ਹੋਸਪੇਟ), ਆਈਐੱਲਸੀ ਇੰਡਸਟਰੀਜ਼ ਅਤੇ ਸ੍ਰੀ ਲਕਸ਼ਮੀ ਵੈਂਕਟੇਸ਼ਵਰ ਮਿਨਰਲਜ਼ ਵਰਗੀਆਂ ਕੰਪਨੀਆਂ ਸ਼ਾਮਲ ਹਨ।
ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਤੀਸ਼ ਕ੍ਰਿਸ਼ਨ ਸਣੇ ਇਨ੍ਹਾਂ ਸਾਰੀਆਂ ਸੰਸਥਾਵਾਂ ਨੂੰ ਬੰਗਲੁਰੂ ਵਿੱਚ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਲਈ ਵਿਸ਼ੇਸ਼ ਅਦਾਲਤ ਨੇ ਮਲਿਕਾਰਜੁਨ ਸ਼ਿਪਿੰਗ ਪ੍ਰਾਈਵੇਟ ਲਿਮਟਿਡ ਵੱਲੋਂ ਦੂਜਿਆਂ ਨਾਲ ਮਿਲੀਭੁਗਤ ਨਾਲ ਕੀਤੇ ਗਏ ਲੋਹੇ ਦੇ ‘ਗੈਰ-ਕਾਨੂੰਨੀ’ ਨਿਰਯਾਤ ਲਈ ਦੋਸ਼ੀ ਠਹਿਰਾਇਆ ਸੀ।
ਮਲਿਕਾਰਜੁਨ ਸ਼ਿਪਿੰਗ ਸਤੀਸ਼ ਕ੍ਰਿਸ਼ਨ ਦੀ ਇੱਕ ਕੰਪਨੀ ਦੱਸੀ ਜਾਂਦੀ ਹੈ।
ਈਡੀ ਨੇ ਕਿਹਾ ਕਿ ਵਿਧਾਇਕ ਅਤੇ ਹੋਰਾਂ ਖ਼ਿਲਾਫ਼ ਜਾਂਚ ਵਿਸ਼ੇਸ਼ ਅਦਾਲਤ ਦੁਆਰਾ ਜਾਰੀ ਕੀਤੇ ਗਏ ਇਸ ਦੋਸ਼ੀ ਠਹਿਰਾਉਣ ਦੇ ਹੁਕਮ ’ਤੇ ਆਧਾਰਤ ਹੈ।