ਈਡੀ ਵੱਲੋਂ ਬੀਬੀਸੀ ਵਰਲਡ ਸਰਵਿਸ ਇੰਡੀਆ ਨੂੰ 3.44 ਕਰੋੜ ਰੁਪਏ ਜੁਰਮਾਨਾ
ਐਨਫੋਰਸਮੈਂਟ ਡਾਇਰੈਕਟੋਰੇਟ ਨੇ ਵਿਦੇਸ਼ੀ ਸਿੱਧੇ ਨਿਵੇਸ਼ (FDI) ਨਿਯਮਾਂ ਦੀ ਕਥਿਤ ਉਲੰਘਣਾ ਲਈ ਬੀਬੀਸੀ ਵਰਲਡ ਸਰਵਿਸ ਇੰਡੀਆ ਨੂੰ 3.34 ਕਰੋੜ ਰੁਪਏ ਤੋਂ ਵੱਧ ਜੁਰਮਾਨਾ ਲਾਇਆ ਹੈ।
ਸੰਘੀ ਜਾਂਚ ਏਜੰਸੀ ਨੇ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (FEMA) ਤਹਿਤ ਬ੍ਰਿਟਿਸ਼ ਪ੍ਰਸਾਰਕ ਖ਼ਿਲਾਫ਼ ਫ਼ੈਸਲਾਕੁੰਨ ਆਦੇਸ਼ ਜਾਰੀ ਕਰਦਿਆਂ ਤਿੰਨ ਡਾਇਰੈਕਟਰਾਂ ਨੂੰ ਵੀ 1.14 ਕਰੋੜ ਰੁਪਏ ਤੋਂ ਵੱਧ ਦਾ ਜੁਰਮਾਨਾ ਲਗਾਇਆ ਹੈ।
ਇਸ ਕਾਨੂੰਨ ਤਹਿਤ ਵੱਖ-ਵੱਖ ‘ਉਲੰਘਣਾਵਾਂ’ ਲਈ 4 ਅਗਸਤ, 2023 ਨੂੰ ਬੀਬੀਸੀ ਡਬਲਿਊਐੱਸ ਇੰਡੀਆ, ਇਸ ਦੇ ਤਿੰਨ ਡਾਇਰੈਕਟਰਾਂ ਅਤੇ ਵਿੱਤ ਮੁਖੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣ ਮਗਰੋਂ ਨਿਰਣਾਇਕ ਕਾਰਵਾਈ ਸ਼ੁਰੂ ਕੀਤੀ ਗਈ ਸੀ।
ਸੂਤਰਾਂ ਨੇ ਦੱਸਿਆ ਕਿ ਬੀਬੀਸੀ ਵਰਲਡ ਸਰਵਿਸ ਇੰਡੀਆ 100 ਫ਼ੀਸਦੀ ਐੱਫਡੀਆਈ ਕੰਪਨੀ ਹੈ ਅਤੇ ਡਿਜੀਟਲ ਮੀਡੀਆ ਰਾਹੀਂ ਖ਼ਬਰਾਂ ਅਤੇ ਮੌਜੂਦਾ ਮਾਮਲਿਆਂ ਨੂੰ ਅਪਲੋਡ/ਸਟ੍ਰੀਮ ਕਰਨ ’ਚ ਰੁੱਝੀ ਹੋਈ ਹੈ ਪਰ ਉਸ ਨੇ ਆਪਣੇ ਐੱਫਡੀਆਈ ਨੂੰ 26 ਫ਼ੀਸਦੀ ਤੱਕ ਨਾ ਘਟਾਇਆ ਅਤੇ ਇਸ ਨੂੰ 100 ਫ਼ੀਸਦੀ ’ਤੇ ਰੱਖ ਕੇ ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਿਯਮਾਂ ਦੀ ‘ਘੋਰ ਉਲੰਘਣਾ’ ਕੀਤੀ ਹੈ।
ਉਨ੍ਹਾਂ ਦੱਸਿਆ ਕਿ 18 ਸਤੰਬਰ, 2019 ਨੂੰ ਡਿਪਾਰਟਮੈਂਟ ਫਾਰ ਪ੍ਰਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟ੍ਰੇਡ (DPIIT) ਵੱਲੋਂ ਜਾਰੀ ਕੀਤੇ ਗਏ ਪ੍ਰੈੱਸ ਨੋਟ 4 ਵਿੱਚ ਸਰਕਾਰੀ ਪ੍ਰਵਾਨਗੀ ਰੂਟ ਤਹਿਤ ਡਿਜੀਟਲ ਮੀਡੀਆ ਲਈ 26 ਫ਼ੀਸਦੀ FDI ਸੀਮਾ ਨਿਰਧਾਰਤ ਕੀਤੀ ਗਈ ਹੈ।
ਸੂਤਰਾਂ ਨੇ ਦੱਸਿਆ ਕਿ FEMA, 1999 ਦੇ ਉਪਬੰਧਾਂ ਦੀ ਉਲੰਘਣਾ ਲਈ 15 ਅਕਤੂਬਰ, 2021 ਤੋਂ ਬਾਅਦ BBC WS India ’ਤੇ ਲਗਾਇਆ ਗਿਆ ਕੁੱਲ ਜੁਰਮਾਨਾ 3,44,48,850 ਰੁਪਏ ਹੈ, ਨਾਲ ਹੀ ਪਾਲਣਾ ਹੋਣ ਦੀ ਮਿਤੀ ਤੱਕ ਹਰ ਦਿਨ ਲਈ 5,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ BBC ਦੇ ਤਿੰਨ ਡਾਇਰੈਕਟਰਾਂ ਗਾਇਲਸ ਐਂਟਨੀ ਹੰਟ, ਇੰਦੂ ਸ਼ੇਖਰ ਸਿਨਹਾ ਅਤੇ ਪਾਲ ਮਾਈਕਲ ਗਿਬਨਸ ਨੂੰ ਉਲੰਘਣਾ ਦੀ ਮਿਆਦ ਦੌਰਾਨ ਕੰਪਨੀ ਦੇ ਕੰਮਕਾਜ ਦੀ ਨਿਗਰਾਨੀ ਕਰਨ ਵਿੱਚ ਉਨ੍ਹਾਂ ਦੀਆਂ ਭੂਮਿਕਾਵਾਂ ਲਈ 1,14,82,950 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। -ਪੀਟੀਆਈ