ਈਡੀ ਵੱਲੋਂ ਰੌਬਰਟ ਵਾਡਰਾ ਵਿਰੁੱਧ ਚਾਰਜਸ਼ੀਟ ਦਾਇਰ
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਾਂਗਰਸ ਦੀ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਵਾਡਰਾ ਦੇ ਪਤੀ, ਕਾਰੋਬਾਰੀ ਰੌਬਰਟ ਵਾਡਰਾ ਵਿਰੁੱਧ ਯੂ.ਕੇ. ਅਧਾਰਤ ਹਥਿਆਰ ਸਲਾਹਕਾਰ ਸੰਜੇ ਭੰਡਾਰੀ ਨਾਲ ਜੁੜੇ ਇੱਕ ਮਨੀ ਲਾਂਡਰਿੰਗ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਇਹ ਪ੍ਰੌਸੀਕਿਊਸ਼ਨ ਸ਼ਿਕਾਇਤ ਇੱਥੇ ਇੱਕ ਵਿਸ਼ੇਸ਼ ਪ੍ਰੀਵੈਂਸ਼ਨ ਆਫ਼ ਮਨੀ ਲਾਂਡਰਿੰਗ ਐਕਟ (PMLA) ਅਦਾਲਤ ਵਿੱਚ ਦਾਇਰ ਕੀਤੀ ਗਈ ਹੈ। ਵਾਡਰਾ ਵਿਰੁੱਧ ਇਹ ਦੂਜੀ ਮਨੀ ਲਾਂਡਰਿੰਗ ਚਾਰਜਸ਼ੀਟ ਹੈ। ਜੁਲਾਈ ਵਿੱਚ ਹਰਿਆਣਾ ਦੇ ਸ਼ਿਕੋਹਪੁਰ ਵਿੱਚ ਇੱਕ ਜ਼ਮੀਨ ਸੌਦੇ ਵਿੱਚ ਕਥਿਤ ਬੇਨਿਯਮੀਆਂ ਨਾਲ ਜੁੜੇ ਇੱਕ ਮਨੀ ਲਾਂਡਰਿੰਗ ਮਾਮਲੇ ਵਿੱਚ ਈ.ਡੀ. ਦੁਆਰਾ ਉਸ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਗਈ ਸੀ।
56 ਸਾਲਾ ਵਾਡਰਾ ਤੋਂ ਪਹਿਲਾਂ ਵੀ ਭੰਡਾਰੀ ਨਾਲ ਜੁੜੇ ਇਸ ਮਾਮਲੇ ਵਿੱਚ ਈ.ਡੀ. ਵੱਲੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ।
ਭੰਡਾਰੀ, ਜਿਸਦੀ ਹਵਾਲਗੀ ਦੀ ਬੇਨਤੀ ਇੱਕ ਯੂ.ਕੇ. ਦੀ ਅਦਾਲਤ ਨੇ ਠੁਕਰਾ ਦਿੱਤੀ ਸੀ, ਨੂੰ ਜੁਲਾਈ ਵਿੱਚ ਦਿੱਲੀ ਦੀ ਇੱਕ ਅਦਾਲਤ ਵੱਲੋਂ ਭਗੌੜਾ ਆਰਥਿਕ ਅਪਰਾਧੀ (fugitive economic offender) ਘੋਸ਼ਿਤ ਕੀਤਾ ਗਿਆ ਸੀ।
ਈ.ਡੀ. ਨੇ ਫਰਵਰੀ 2017 ਵਿੱਚ ਭੰਡਾਰੀ ਅਤੇ ਹੋਰਾਂ ਵਿਰੁੱਧ ਪੀ ਐੱਮ.ਐੱਲ.ਏ. ਤਹਿਤ ਇੱਕ ਅਪਰਾਧਿਕ ਮਾਮਲਾ ਦਾਇਰ ਕੀਤਾ ਸੀ। ਇਸ ਵਿੱਚ 2015 ਦੇ ਕਾਲੇ ਧਨ ਵਿਰੋਧੀ ਕਾਨੂੰਨ ਤਹਿਤ ਉਸ ਦੇ ਵਿਰੁੱਧ ਦਾਇਰ ਇਨਕਮ ਟੈਕਸ ਵਿਭਾਗ ਦੀ ਚਾਰਜਸ਼ੀਟ ਦਾ ਨੋਟਿਸ ਲਿਆ ਗਿਆ ਸੀ।
ਵਾਡਰਾ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਸ ਦੀ ਸਿੱਧੇ ਜਾਂ ਅਸਿੱਧੇ ਤੌਰ ’ਤੇ ਕੋਈ ਲੰਡਨ ਸੰਪਤੀ ਹੈ।
