ਈਡੀ ਵੱਲੋਂ ਸਤੇਂਦਰ ਜੈਨ ਦੀ 7.44 ਕਰੋੜ ਦੀ ਜਾਇਦਾਦ ਕੁਰਕ
ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ ਆਮ ਆਦਮੀ ਪਾਰਟੀ (ਆਪ) ਆਗੂ ਅਤੇ ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਦੀ ਮਲਕੀਅਤ ਅਤੇ ਕੰਟਰੋਲ ਵਾਲੀਆਂ ਕੰਪਨੀਆਂ ਨਾਲ ਸਬੰਧਤ ਲਗਭਗ 7.44 ਕਰੋੜ ਰੁਪਏ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਹਨ।
ਸੰਘੀ ਜਾਂਚ ਏਜੰਸੀ ਨੇ ਕਿਹਾ ਕਿ ਉਸ ਨੇ ਮਨੀ ਲਾਂਡਰਿੰਗ ਰੋਕੂ ਐਕਟ (ਪੀ ਐੱਮ ਐੱਲ ਏ) ਤਹਿਤ ਅਚੱਲ ਜਾਇਦਾਦਾਂ ਕੁਰਕ ਕਰਨ ਲਈ 15 ਸਤੰਬਰ ਨੂੰ ਅਸਥਾਈ ਹੁਕਮ ਜਾਰੀ ਕੀਤਾ ਸੀ। ਇਹ ਜਾਂਚ ਜੈਨ, ਉਨ੍ਹਾਂ ਦੀ ਪਤਨੀ ਪੂਨਮ ਜੈਨ ਅਤੇ ਹੋਰਾਂ ਖ਼ਿਲਾਫ਼ ਬੇਨਾਮੀ ਜਾਇਦਾਦ ਰੱਖਣ ਦੇ ਕਥਿਤ ਮਾਮਲੇ ਅਤੇ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਵੱਖਰੇ ਮਾਮਲੇ ਨਾਲ ਸਬੰਧਤ ਹੈ। ਮਨੀ ਲਾਂਡਰਿੰਗ ਦਾ ਇਹ ਕੇਸ ਸੀ ਬੀ ਆਈ ਦੀ ਐੱਫ ਆਈ ਆਰ ਅਤੇ ਚਾਰਜਸ਼ੀਟ ’ਤੇ ਆਧਾਰਿਤ ਹੈ। ਜੈਨ ’ਤੇ 14 ਫਰਵਰੀ 2015 ਅਤੇ 31 ਮਈ 2017 ਦੇ ਵਿਚਕਾਰ ਦਿੱਲੀ ਸਰਕਾਰ ਵਿੱਚ ਮੰਤਰੀ ਵਜੋਂ ਸੇਵਾ ਨਿਭਾਉਂਦਿਆਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਦੋਸ਼ ਹੈ। ਈਡੀ ਨੇ 2022 ਵਿੱਚ ਜੈਨ ਦੀਆਂ 4.81 ਕਰੋੜ ਰੁਪਏ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਸਨ।
ਇਹ ਤਾਜ਼ਾ ਕਾਰਵਾਈ ਦਿੱਲੀ ਹਾਈ ਕੋਰਟ ਦੇ ਉਸ ਹਾਲੀਆ ਫੈਸਲੇ ਤੋਂ ਬਾਅਦ ਕੀਤੀ ਗਈ ਹੈ, ਜਿਸ ਵਿੱਚ ਅਦਾਲਤ ਨੇ ਮੰਨਿਆ ਸੀ ਕਿ ਜੈਨ ਦੇ ਕਰੀਬੀ ਸਾਥੀ ਅੰਕੁਸ਼ ਜੈਨ ਅਤੇ ਵੈਭਵ ਜੈਨ ਇਸ ਸਿਆਸਤਦਾਨ ਦੇ ‘ਬੇਨਾਮੀ ਧਾਰਕ’ ਸਨ ਅਤੇ ਉਨ੍ਹਾਂ ਨੇ ਇਨਕਮ ਡਿਸਕਲੋਜ਼ਰ ਸਕੀਮ (ਆਈ ਡੀ ਐੱਸ) 2016 ਤਹਿਤ ਐਡਵਾਂਸ ਟੈਕਸ ਵਜੋਂ ਬੈਂਕ ਆਫ ਬੜੌਦਾ ਦੀ ਭੋਗਲ ਬ੍ਰਾਂਚ ਵਿੱਚ 7.44 ਕਰੋੜ ਰੁਪਏ ਨਕਦ ਜਮ੍ਹਾਂ ਕਰਵਾਏ ਸਨ। -ਪੀਟੀਆਈ