ਆਰਥਿਕ ਅਭਿਆਸ ਨਿਰਪੱਖ ਤੇ ਪਾਰਦਰਸ਼ੀ ਹੋਣੇ ਚਾਹੀਦੇ ਹਨ: ਜੈਸ਼ੰਕਰ
ਬ੍ਰਿਕਸ ਸੰਮੇਲਨ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਦਾ ਦ੍ਰਿੜ ਵਿਸ਼ਵਾਸ ਹੈ ਕਿ ਕੌਮਾਂਤਰੀ ਵਪਾਰ ਪ੍ਰਣਾਲੀ ਦੇ ਖੁੱਲ੍ਹੇ, ਨਿਰਪੱਖ, ਪਾਰਦਰਸ਼ੀ ਅਤੇ ਗੈਰ-ਪੱਖਪਾਤੀ ਪਹੁੰਚ ਵਰਗੇ ਬੁਨਿਆਦੀ ਸਿਧਾਂਤਾਂ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਸਿਖਰ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੁਮਾਇੰਦਗੀ ਕੀਤੀ, ਜਿਸ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਸਮੂਹ ਦੇ ਕਈ ਹੋਰ ਨੇਤਾਵਾਂ ਨੇ ਹਿੱਸਾ ਲਿਆ।
ਵਪਾਰ ਅਤੇ ਟੈਰਿਫ ’ਤੇ ਵਾਸ਼ਿੰਗਟਨ ਦੀਆਂ ਨੀਤੀਆਂ ਕਾਰਨ ਪੈਦਾ ਹੋਈਆਂ ਵਪਾਰਕ ਰੁਕਾਵਟਾਂ ’ਤੇ ਚਰਚਾ ਕਰਨ ਲਈ ਇਹ ਸੰਮੇਲਨ ਬ੍ਰਾਜ਼ੀਲ ਦੇ ਰਾਸ਼ਟਰਪਤੀ Luiz Inacio Lula da Silva ਵੱਲੋਂ ਬੁਲਾਇਆ ਗਿਆ ਸੀ।
ਜੈਸ਼ੰਕਰ ਨੇ ਕਿਹਾ, ‘‘ਇੱਕ ਸਮੂਹ ਵਜੋਂ ਦੁਨੀਆ ਵਪਾਰ ਅਤੇ ਨਿਵੇਸ਼ ਲਈ ਇੱਕ ਸਥਿਰ ਮਾਹੌਲ ਦੀ ਮੰਗ ਕਰ ਰਹੀ ਹੈ। ਇਸ ਦੇ ਨਾਲ ਹੀ ਇਹ ਜ਼ਰੂਰੀ ਹੈ ਕਿ ਆਰਥਿਕ ਅਭਿਆਸ ਨਿਰਪੱਖ, ਪਾਰਦਰਸ਼ੀ ਅਤੇ ਹਰ ਕਿਸੇ ਦੇ ਫਾਇਦੇ ਲਈ ਹੋਣ।’’
ਜੈਸ਼ੰਕਰ ਨੇ ਕਿਹਾ ਕਿ ਦੁਨੀਆ ਨੂੰ ਟਿਕਾਊ ਵਪਾਰ ਨੂੰ ਉਤਸ਼ਾਹਿਤ ਕਰਨ ਲਈ ‘ਰਚਨਾਤਮਕ ਅਤੇ ਸਹਿਯੋਗੀ’ ਪਹੁੰਚਾਂ ਦੀ ਲੋੜ ਹੈ।
ਉਨ੍ਹਾਂ ਕਿਹਾ, ‘‘ਵਧਦੀਆਂ ਰੁਕਾਵਟਾਂ ਅਤੇ ਗੁੰਝਲਦਾਰ ਲੈਣ-ਦੇਣ ਮਦਦ ਨਹੀਂ ਕਰਨਗੇ। ਨਾ ਹੀ ਵਪਾਰਕ ਉਪਾਵਾਂ ਨੂੰ ਗੈਰ-ਵਪਾਰਕ ਮਾਮਲਿਆਂ ਨਾਲ ਜੋੜਨਾ ਸਹੀ ਰਹੇਗਾ।’’
ਵਿਦੇਸ਼ ਮੰਤਰੀ ਨੇ ਕਿਹਾ ਕਿ ਬ੍ਰਿਕਸ ਖੁਦ ਆਪਣੇ ਮੈਂਬਰ ਦੇਸ਼ਾਂ ਵਿੱਚ ਵਪਾਰ ਪ੍ਰਵਾਹ ਦੀ ਸਮੀਖਿਆ ਕਰਕੇ ਇੱਕ ਉਦਾਹਰਨ ਸਥਾਪਤ ਕਰ ਸਕਦਾ ਹੈ। ਇਹ ਟਿੱਪਣੀਆਂ ਇਸ ਲਈ ਮਹੱਤਵਪੂਰਨ ਮੰਨੀਆਂ ਗਈਆਂ ਕਿਉਂਕਿ ਇਹ ਚੀਨ ਨਾਲ ਭਾਰਤ ਦੇ ਵਧਦੇ ਵਪਾਰ ਦਰਮਿਆਨ ਆਈਆਂ ਹਨ।
ਜੈਸ਼ੰਕਰ ਨੇ ਕਿਹਾ, ‘‘ਕੌਮਾਂਤਰੀ ਵਪਾਰ ਪ੍ਰਣਾਲੀ ਵਿਕਾਸਸ਼ੀਲ ਦੇਸ਼ਾਂ ਲਈ ਵਿਸ਼ੇਸ਼ ਅਤੇ ਵਿਭਿੰਨ ਵਿਵਹਾਰ ਦੇ ਨਾਲ ਖੁੱਲ੍ਹੇ, ਨਿਰਪੱਖ, ਪਾਰਦਰਸ਼ੀ, ਗੈਰ-ਭੇਦਭਾਵਪੂਰਨ, ਸਮਾਵੇਸ਼ੀ, ਬਰਾਬਰੀ ਵਾਲੇ ਅਤੇ ਨਿਯਮ-ਅਧਾਰਤ ਪਹੁੰਚ ਦੇ ਬੁਨਿਆਦੀ ਸਿਧਾਂਤਾਂ ’ਤੇ ਅਧਾਰਤ ਹੈ।’’
ਉਨ੍ਹਾਂ ਕਿਹਾ, ‘‘ਭਾਰਤ ਦ੍ਰਿੜਤਾ ਨਾਲ ਮੰਨਦਾ ਹੈ ਕਿ ਇਸ ਦੀ ਰੱਖਿਆ ਅਤੇ ਪਾਲਣ-ਪੋਸ਼ਣ ਕੀਤਾ ਜਾਣਾ ਚਾਹੀਦਾ ਹੈ।’’
ਵਿਦੇਸ਼ ਮੰਤਰੀ ਨੇ ਕਿਹਾ ਕਿ ‘ਦੁਨੀਆ ਦੀ ਅਜੋਕੀ ਸਥਿਤੀ ਚਿੰਤਾ ਦਾ ਅਸਲ ਕਾਰਨ ਹੈ।’
ਉਨ੍ਹਾਂ ਕੋਵਿਡ ਮਹਾਮਾਰੀ ਦੇ ਵਿਨਾਸ਼ਕਾਰੀ ਪ੍ਰਭਾਵ, ਯੂਕਰੇਨ ਅਤੇ ਮੱਧ ਪੂਰਬ ਵਿੱਚ ਵੱਡੇ ਟਕਰਾਅ ਅਤੇ ਵਪਾਰ ਤੇ ਨਿਵੇਸ਼ ਪ੍ਰਵਾਹ ਵਿੱਚ ਅਸਥਿਰਤਾ ਦੇ ਨਾਲ-ਨਾਲ ਅਤਿਅੰਤ ਜਲਵਾਯੂ ਘਟਨਾਵਾਂ ਨੂੰ ਪਿਛਲੇ ਕੁਝ ਸਾਲਾਂ ਵਿੱਚ ਦੁਨੀਆ ਦੇ ਸਾਹਮਣੇ ਆਉਣ ਵਾਲੀਆਂ ਕੁਝ ਪ੍ਰਮੁੱਖ ਚੁਣੌਤੀਆਂ ਵਜੋਂ ਸੂਚੀਬੱਧ ਕੀਤਾ।