ਉੱਤਰੀ-ਪੂਰਬ ਅਤੇ ਪੱਛਮੀ ਬੰਗਾਲ ਵਿੱਚ ਭੂਚਾਲੇ ਦੇ ਝਟਕੇ; ਰਿਕਟਰ ਸਕੇਲ ’ਤੇ ਤੀਬਰਤਾ 5.8
Earthquake of 5.8 magnitude hits parts of north-east
ਇੱਥੇ ਅੱਜ ਸ਼ਾਮ ਉੱਤਰ-ਪੂਰਬ ਅਤੇ ਨਾਲ ਲੱਗਦੇ ਪੱਛਮੀ ਬੰਗਾਲ ਦੇ ਕੁਝ ਹਿੱਸਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਰਿਕਟਰ ਸਕੇਲ ’ਤੇ ਤੀਬਰਤਾ 5.8 ਮਾਪੀ ਗਈ। ਇਸ ਤੋਂ ਬਾਅਦ ਡੇਢ ਘੰਟੇ ਦੇ ਅੰਦਰ ਤਿੰਨ ਝਟਕੇ ਲੱਗੇ, ਜਿਸ ਕਾਰਨ ਅਸਾਮ ਵਿੱਚ ਦੋ ਜ਼ਖਮੀ ਹੋ ਗਏ ਅਤੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ। 5.8 ਤੀਬਰਤਾ ਦਾ ਪਹਿਲਾ ਝਟਕਾ ਸ਼ਾਮ 4.41 ਵਜੇ, 3.1 ਤੀਬਰਤਾ ਦਾ ਦੂਜਾ ਝਟਕਾ ਸ਼ਾਮ 4.58 ਵਜੇ ਅਤੇ ਇਸ ਤੋਂ ਬਾਅਦ ਸ਼ਾਮ 5.21 ਵਜੇ 2.9 ਤੀਬਰਤਾ ਦਾ ਇੱਕ ਹੋਰ ਝਟਕਾ ਮਹਿਸੂਸ ਕੀਤਾ ਗਿਆ। ਇਸ ਤੋਂ ਬਾਅਦ ਚੌਥਾ ਝਟਕਾ 2.7 ਤੀਬਰਤਾ ਵਾਲਾ ਸੀ ਜੋ ਸ਼ਾਮ 6.11 ਵਜੇ ਰਿਕਾਰਡ ਕੀਤਾ ਗਿਆ।
ਅਸਾਮ ਰਾਜ ਆਫ਼ਤ ਪ੍ਰਬੰਧਨ ਨੇ ਕਿਹਾ ਕਿ ਉਡਲਗੁਰੀ ਵਿੱਚ ਇੱਕ ਹੋਸਟਲ ਦੀ ਛੱਤ ਡਿੱਗਣ ਕਾਰਨ ਦੋ ਕੁੜੀਆਂ ਜ਼ਖਮੀ ਹੋ ਗਈਆਂ ਅਤੇ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ। ਜ਼ਿਲ੍ਹੇ ਦੇ ਅਮਗੁਰੀ ਖੇਤਰ ਵਿੱਚ ਇੱਕ ਘਰ ਦੀ ਛੱਤ ਡਿੱਗ ਗਈ। ਸੋਨਿਤਪੁਰ ਵਿੱਚ ਦੋ ਘਰਾਂ ਅਤੇ ਇੱਕ ਦੁਕਾਨ ਨੂੰ ਅੰਸ਼ਕ ਤੌਰ 'ਤੇ ਨੁਕਸਾਨ ਪਹੁੰਚਿਆ, ਜਦੋਂ ਕਿ ਵਿਸ਼ਵਨਾਥ ਜ਼ਿਲ੍ਹੇ ਵਿੱਚ ਕੁਝ ਘਰਾਂ ਦੀਆਂ ਕੰਧਾਂ 'ਤੇ ਮਾਮੂਲੀ ਤਰੇੜਾਂ ਆਈਆਂ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰ ਵਲੋਂ ਹਰ ਤਰ੍ਹਾਂ ਦੀ ਸਹਾਇਤਾ ਕਰਨ ਦਾ ਭਰੋਸਾ ਦਿੱਤਾ ਹੈ। ਪੀਟੀਆਈ
