ਗੁਜਰਾਤ ਵਿੱਚ ਭੂਚਾਲ ਦੇ ਝਟਕੇ; ਰਿਕਟਰ ਸਕੇਲ ’ਤੇ ਤੀਬਰਤਾ 3.9
ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ ਅੱਜ ਦੁਪਹਿਰ ਵੇਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਰਿਕਟਰ ਸਕੇਲ ’ਤੇ ਤੀਬਰਤਾ 3.9 ਮਾਪੀ ਗਈ। ਇਹ ਜਾਣਕਾਰੀ ਇੰਸਟੀਚਿਊਟ ਆਫ਼ ਸਿਸਮਾਲੋਜੀਕਲ ਰਿਸਰਚ (ਆਈ.ਐਸ.ਆਰ.) ਨੇ ਸਾਂਝੀ ਕੀਤੀ ਹੈ।
ਜ਼ਿਲ੍ਹਾ ਆਫ਼ਤ ਪ੍ਰਬੰਧਨ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਇਸ ਭੂਚਾਲ ਨਾਲ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ।
ਗਾਂਧੀਨਗਰ ਸਥਿਤ ਆਈ.ਐਸ.ਆਰ. ਨੇ ਕਿਹਾ ਕਿ ਭੂਚਾਲ ਦੇ ਝਟਕੇ ਦੁਪਹਿਰ 2:47 ਵਜੇ ਆਏ ਜਿਸ ਦਾ ਕੇਂਦਰ ਜ਼ਿਲ੍ਹੇ ਦੇ ਗੜ੍ਹਸ਼ੀਸ਼ਾ ਤੋਂ 13 ਕਿਲੋਮੀਟਰ ਉੱਤਰ-ਪੂਰਬ ਵੱਲ ਸੀ। ਜ਼ਿਕਰਯੋਗ ਹੈ ਕਿ ਇਸ ਮਹੀਨੇ ਕੱਛ ਵਿੱਚ ਪੰਜ ਵਾਰ ਭੂਚਾਲ ਦੇ ਝਟਕੇ ਆ ਚੁੱਕੇ ਹਨ।
ਆਈ.ਐਸ.ਆਰ. ਦੀ ਰਿਪੋਰਟ ਅਨੁਸਾਰ ਸ਼ੁੱਕਰਵਾਰ ਨੂੰ ਜ਼ਿਲ੍ਹੇ ਵਿੱਚ 3.3 ਤੀਬਰਤਾ ਵਾਲਾ ਭੂਚਾਲ ਆਇਆ ਸੀ ਅਤੇ ਬੁੱਧਵਾਰ ਨੂੰ 3.7 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਆਏ ਸਨ। ਦੱਸਣਯੋਗ ਹੈ ਕਿ ਕੱਛ ਉੱਚ ਜੋਖਮ ਵਾਲਾ ਖੇਤਰ ਹੈ ਜਿੱਥੇ ਘੱਟ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਆਉਂਦੇ ਰਹਿੰਦੇ ਹਨ। ਇੱਥੇ 2001 ਵਿੱਚ ਜ਼ਬਰਦਸਤ ਭੂਚਾਲ ਦੇ ਝਟਕੇ ਆਏ ਸਨ ਜਿਸ ਕਾਰਨ 13,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਪੀਟੀਆਈ
