Earthquake rocks Afghanistan: ਅਫ਼ਗ਼ਾਨ-ਤਾਜਿਕ ਸਰਹੱਦ ’ਤੇ 5.8 ਸ਼ਿੱਦਤ ਵਾਲੇ ਭੂਚਾਲ ਦੇ ਝਟਕੇ, ਪਾਕਿ ਤੇ ਜੰਮੂ-ਕਸ਼ਮੀਰ ਵੀ ਕੰਬੇ
ਕਾਬੁਲ, 19 ਅਪਰੈਲ
ਅਫ਼ਗ਼ਾਨਿਸਤਾਨ ਦੇ ਕੌਮੀ ਭੂਚਾਲ ਵਿਗਿਆਨ ਕੇਂਦਰ (National Center for Seismology - NCS) ਨੇ ਇੱਕ ਬਿਆਨ ਵਿੱਚ ਕਿਹਾ ਕਿ ਸ਼ਨਿੱਚਰਵਾਰ ਨੂੰ ਆਏ 5.8 ਸ਼ਿੱਦਤ ਦੇ ਭੂਚਾਲ ਨੇ ਅਫਗਾਨਿਸਤਾਨ ਨੂੰ ਹਿਲਾ ਕੇ ਰੱਖ ਦਿੱਤਾ ਹੈ। ਭੂਚਾਲ ਦਾ ਕੇਂਦਰ ਅਫ਼ਗ਼ਾਨਿਸਤਾਨ-ਤਾਜਿਕਿਸਤਾਨ ਸਰਹੱਦ ਦੇ ਕਰੀਬ ਅਫ਼ਗਾਨਿਸਤਾਨ ਵਾਲੇ ਪਾਸੇ ਸੀ।
NCS ਅਨੁਸਾਰ ਭੂਚਾਲ 130 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ। ਖ਼ਬਰ ਲਿਖੇ ਜਾਣ ਤੱਕ ਇਸ ਸਬੰਧੀ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਮਿਲੀ ਸੀ। ਇਸ ਤੋਂ ਪਹਿਲਾਂ 16 ਅਪਰੈਲ ਨੂੰ ਵੀ ਅਫਗਾਨਿਸਤਾਨ ਵਿੱਚ 5.9 ਸ਼ਿੱਦਤ ਦਾ ਭੂਚਾਲ ਆਇਆ ਸੀ।
ਅਫਗਾਨਿਸਤਾਨ ਦਾ ਸ਼ਕਤੀਸ਼ਾਲੀ ਭੂਚਾਲਾਂ ਦਾ ਇਤਿਹਾਸ ਹੈ ਅਤੇ ਰੈੱਡ ਕਰਾਸ ਦੇ ਅਨੁਸਾਰ, ਹਿੰਦੂਕੁਸ਼ ਪਹਾੜੀ ਖਿੱਤਾ ਭੂ-ਵਿਗਿਆਨਕ ਤੌਰ 'ਤੇ ਭੂਚਾਲਾਂ ਲਈ ਇਕ ਸਰਗਰਮ ਖੇਤਰ ਹੈ, ਜਿੱਥੇ ਹਰ ਸਾਲ ਭੂਚਾਲ ਆਉਂਦੇ ਹਨ।
ਜੰਮੂ-ਕਸ਼ਮੀਰ ਤੇ ਪਾਕਿ ’ਚ ਵੀ ਮਹਿਸੂਸ ਕੀਤੇ ਗਏ ਝਟਕੇ
ਇਸਲਾਮਾਬਾਦ: ਸ਼ਨਿੱਚਰਵਾਰ ਨੂੰ ਅਫਗਾਨਿਸਤਾਨ-ਤਾਜਿਕਸਤਾਨ ਸਰਹੱਦੀ ਖੇਤਰ ਵਿਚ ਆਏ ਭੂਚਾਲ ਦੇ ਝਟਕੇ ਪਾਕਿਸਤਾਨ ਦੇ ਬਹੁਤ ਸਾਰੇ ਇਲਾਕਿਆਂ ਵਿਚ ਵੀ ਮਹਿਸੂਸ ਕੀਤੇ ਗਏ। ਭੂਚਾਲ ਪਾਕਿਸਤਾਨੀ ਸਮੇਂ ਮੁਤਾਬਕ ਸਵੇਰੇ 11:47 ਵਜੇ ਦਰਜ ਕੀਤਾ ਗਿਆ।
ਪਾਕਿਸਤਾਨ ਦੇ ਇੱਕ ਵਿਸ਼ਾਲ ਖੇਤਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਵਿੱਚ ਇਸਲਾਮਾਬਾਦ, ਲਾਹੌਰ, ਪਿਸ਼ਾਵਰ, ਰਾਵਲਪਿੰਡੀ ਅਤੇ ਖ਼ੈਬਰ ਪਖ਼ਤੂਨਖ਼ਵਾ ਦੇ ਵੱਖ-ਵੱਖ ਹਿੱਸੇ ਸ਼ਾਮਲ ਹਨ। ਭੂਚਾਲ ਦੇ ਸਭ ਤੋਂ ਤੇਜ਼ ਖ਼ੈਬਰ ਪਖ਼ਤੂਨਖ਼ਵਾ ਦੇ ਹੇਠਲੇ ਦੀਰ, ਬਾਜੌਰ, ਮਲਕੰਦ, ਨੌਸ਼ੇਰਾ, ਦੀਰ ਬਾਲਾ, ਸ਼ਬਕਦਰ ਅਤੇ ਮੋਹਮੰਦ ਖੇਤਰਾਂ ਵਿੱਚ ਆਏ, ਜਿਸ ਕਾਰਨ ਵਸਨੀਕਾਂ ਵਿੱਚ ਭਾਰੀ ਦਹਿਸ਼ਤ ਫੈਲ ਗਈ। ਹੁਣ ਤੱਕ, ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।
ਪਿਛਲੇ ਸ਼ਨਿੱਚਰਵਾਰ ਨੂੰ ਪਾਕਿਸਤਾਨ ਦੀ ਰਾਜਧਾਨੀ ਅਤੇ ਖ਼ੈਬਰ ਪਖ਼ਤੂਨਖ਼ਵਾ ਅਤੇ ਲਹਿੰਦੇ ਪੰਜਾਬ ਦੇ ਕੁਝ ਹਿੱਸਿਆਂ ਵਿੱਚ 5.5 ਸ਼ਿੱਦਤ ਵਾਲੇ ਭੂਚਾਲ ਤੋਂ ਬਾਅਦ ਇਹ ਇੱਕ ਹਫ਼ਤੇ ਵਿੱਚ ਦੂਜਾ ਭੂਚਾਲ ਸੀ।
ਸ੍ਰੀਨਗਰ: ਅਧਿਕਾਰੀਆਂ ਨੇ ਕਿਹਾ ਕਿ ਸ਼ਨੀਵਾਰ ਨੂੰ ਅਫਗਾਨਿਸਤਾਨ ਵਿੱਚ ਕੇਂਦਰ ਵਾਲੇ ਦਰਮਿਆਨੀ ਸ਼ਿੱਦਤ ਦੇ ਭੂਚਾਲ ਦੇ ਝਟਕੇ ਜੰਮੂ-ਕਸ਼ਮੀਰ ਵਿਚ ਵੀ ਮਹਿਸੂਸ ਕੀਤੇ ਗਏ ਪਰ ਇਸ ਕਾਰਨ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਕਾਰਨ ਲੋਕਾਂ ਵਿੱਚ ਦਹਿਸ਼ਤ ਫੈਲ ਗਈ। -ਏਐਨਆਈ/ਪੀਟੀਆਈ