Earthquake in Manipur: 5.7 ਦੀ ਸ਼ਿੱਦਤ ਵਾਲੇ ਭੂਚਾਲ ਨਾਲ ਕੰਬਿਆ ਮਨੀਪੁਰ
ਸ਼ਿਲਾਂਗ/ਇੰਫਾਲ/ਗੁਹਾਟੀ, 5 ਮਾਰਚ
5.7 ਤੀਬਰਤਾ ਵਾਲੇ ਇੱਕ ਝਟਕੇ ਸਮੇਤ ਲਗਾਤਾਰ ਦੋ ਭੂਚਾਲਾਂ ਨੇ ਬੁੱਧਵਾਰ ਨੂੰ ਮਨੀਪੁਰ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਇਸ ਦੌਰਾਨ ਪੂਰੇ ਉੱਤਰ-ਪੂਰਬ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸੂਬੇ ’ਚ ਸਵੇਰੇ 11.06 ਵਜੇ 5.7 ਸ਼ਿੱਦਤ ਦਾ ਭੂਚਾਲ ਆਇਆ। ਸ਼ਿਲਾਂਗ ਦੇ ਖੇਤਰੀ ਭੂਚਾਲ ਕੇਂਦਰ ਦੇ ਅਧਿਕਾਰੀਆਂ ਅਨੁਸਾਰ ਇਸ ਦਾ ਕੇਂਦਰ ਇੰਫਾਲ ਪੂਰਬੀ ਜ਼ਿਲ੍ਹੇ ਦੇ ਯਾਈਰੀਪੋਕ ਤੋਂ 44 ਕਿਲੋਮੀਟਰ ਪੂਰਬ ਵਿੱਚ ਅਤੇ 110 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ।
ਉਨ੍ਹਾਂ ਦੱਸਿਆ ਕਿ ਅਸਾਮ, ਮੇਘਾਲਿਆ ਅਤੇ ਖੇਤਰ ਦੇ ਹੋਰ ਹਿੱਸਿਆਂ ’ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੁਪਹਿਰ 12.20 ਵਜੇ ਮਨੀਪੁਰ ਵਿੱਚ 4.1 ਤੀਬਰਤਾ ਦਾ ਦੂਜਾ ਭੂਚਾਲ ਆਇਆ। ਉਨ੍ਹਾਂ ਦੱਸਿਆ ਕਿ ਇਹ 66 ਕਿਲੋਮੀਟਰ ਦੀ ਡੂੰਘਾਈ ’ਤੇ ਰਾਜ ਦੇ ਕਾਮਜੋਂਗ ਜ਼ਿਲ੍ਹੇ ਨਾਲ ਟਕਰਾ ਗਿਆ। ਭੂਚਾਲ ਤੋਂ ਬਾਅਦ ਮਨੀਪੁਰ ਦੀਆਂ ਕਈ ਇਮਾਰਤਾਂ ’ਚ ਤਰੇੜਾਂ ਦੇਖੀਆਂ ਗਈਆਂ ਹਨ।
ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਗਈਆਂ ਵੀਡੀਓਜ਼ ਵਿੱਚ ਥੌਬਲ ਜ਼ਿਲ੍ਹੇ ਦੇ ਵੈਂਗਜਿੰਗ ਲੈਮਡਿੰਗ ਵਿੱਚ ਇੱਕ ਸਕੂਲ ਦੀ ਇਮਾਰਤ ਵਿੱਚ ਤਰੇੜਾਂ ਦਿਖਾਈਆਂ ਗਈਆਂ ਹਨ, ਜਿੱਥੇ ਨਸਲੀ ਝਗੜੇ ਤੋਂ ਪ੍ਰਭਾਵਿਤ ਲੋਕਾਂ ਲਈ ਇੱਕ ਰਾਹਤ ਕੈਂਪ ਚਲਾਇਆ ਜਾ ਰਿਹਾ ਸੀ। ਇੰਫਾਲ ਦੇ ਇਕ ਅਧਿਕਾਰੀ ਨੇ ਕਿਹਾ, ''ਅਸੀਂ ਨੁਕਸਾਨ ਦੀਆਂ ਰਿਪੋਰਟਾਂ ਦੀ ਪੁਸ਼ਟੀ ਕਰ ਰਹੇ ਹਾਂ। ਖੇਤਰ ਦੇ ਹੋਰ ਰਾਜਾਂ ਵਿੱਚ ਅਜੇ ਤੱਕ ਕਿਸੇ ਨੁਕਸਾਨ ਦੀ ਸੂਚਨਾ ਨਹੀਂ ਹੈ।’’ -ਪੀਟੀਆਈ