Earphones Girl Death: ਕੰਨਾਂ ’ਚ Earphones ਲਗਾ ਕੇ ਲਾਈਨ ਪਾਰ ਕਰਦੀ ਕੁੜੀ ਰੇਲ ਨੇ ਦਰੜੀ
ਕੰਨਾਂ ਵਿਚ ਈਅਰਫੋਨ ਲੱਗੇ ਹੋਣਕਾਰਨ ਨਾ ਸੁਣੀ ਰੇਲ ਗੱਡੀ ਦੀ ਆਵਾਜ਼; ਕੋਚੂਵੇਲੀ-ਅੰਮ੍ਰਿਤਸਰ ਸੁਪਰਫਾਸਟ ਐਕਸਪ੍ਰੈਸ ਵੱਲੋਂ ਦਰੜ ਦਿੱਤੇ ਜਾਣ ਕਾਰਨ ਹੋਈ ਅੱਲੜ੍ਹ ਕੁੜੀ ਦੀ ਮੌਤ
ਪਾਲਘਰ, 24 ਜਨਵਰੀ
ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਵਿੱਚ ਇੱਕ 16 ਸਾਲਾ ਲੜਕੀ ਦੀ ਉਦੋਂ ਐਕਸਪ੍ਰੈਸ ਰੇਲ ਗੱਡੀ ਹੇਠ ਆ ਕੇ ਮੌਤ ਹੋ ਗਈ ਜਦੋਂ ਉਹ ਕੰਨਾਂ ’ਚ ਈਅਰਫੋਨ ਲਗਾ ਕੇ ਰੇਲਵੇ ਲਾਈਨ ਪਾਰ ਕਰ ਰਹੀ ਸੀ। ਇਹ ਘਟਨਾ ਵੀਰਵਾਰ ਬਾਅਦ ਦੁਪਹਿਰ 1.10 ਵਜੇ ਸਾਫਲੇ ਅਤੇ ਕੇਲਵੇ ਰੋਡ ਰੇਲਵੇ ਸਟੇਸ਼ਨਾਂ (Saphale and Kelve Road railway stations) ਵਿਚਕਾਰ ਵਾਪਰੀ।
ਮ੍ਰਿਤਕਾ ਦੀ ਪਛਾਣ ਵੈਸ਼ਨਵੀ ਰਾਵਲ ਵਜੋਂ ਹੋਈ ਹੈ, ਜੋ ਇਸ ਜ਼ਿਲ੍ਹੇ ਦੇ ਪਿੰਡ ਮਕਨੇ ਦੀ ਰਹਿਣ ਵਾਲੀ ਸੀ। ਉਹ ਜਦੋਂ earphones ਲਗਾਈਂ ਰੇਲ ਪਟੜੀ ਪਾਰ ਕਰ ਰਹੀ ਸੀ ਤਾਂ ਉਸ ਨੂੰ ਕੋਚੂਵੇਲੀ-ਅੰਮ੍ਰਿਤਸਰ ਸੁਪਰਫਾਸਟ ਐਕਸਪ੍ਰੈਸ (Kochuveli-Amritsar Superfast Express) ਰੇਲ ਗੱਡੀ ਨੇ ਟੱਕਰ ਮਾਰ ਦਿੱਤੀ। ਸਰਕਾਰੀ ਰੇਲਵੇ ਪੁਲੀਸ (GRP) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਲੜਕੀ ਸ਼ਾਇਦ ਈਅਰਫੋਨ ਲੱਗੇ ਹੋਣ ਕਾਰਨ ਰੇਲਗੱਡੀ ਦੀ ਆਵਾਜ਼ ਨਹੀਂ ਸੁਣ ਸਕੀ।
ਉਨ੍ਹਾਂ ਕਿਹਾ ਕਿ ਲੜਕੀ ਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਅਧਿਕਾਰੀ ਨੇ ਕਿਹਾ ਕਿ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜਿਆ ਗਿਆ ਹੈ ਅਤੇ ਹਾਦਸੇ ਕਾਰਨ ਮੌਤ ਦਾ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ।
ਇਹ ਘਟਨਾ ਉੱਤਰੀ ਮਹਾਰਾਸ਼ਟਰ ਦੇ ਜਲਗਾਓਂ ਜ਼ਿਲ੍ਹੇ ਵਿੱਚ 12 ਯਾਤਰੀਆਂ ਦੀ ਮੌਤ ਤੋਂ ਇੱਕ ਦਿਨ ਬਾਅਦ ਵਾਪਰੀ ਜਦੋਂ ਉਨ੍ਹਾਂ ਨੇ ਅੱਗ ਲੱਗਣ ਦੇ ਡਰੋਂ 12533 ਲਖਨਊ-ਮੁੰਬਈ ਪੁਸ਼ਪਕ ਐਕਸਪ੍ਰੈਸ ਤੋਂ ਛਾਲ ਮਾਰ ਦਿੱਤੀ, ਪਰ ਨਾਲ ਲੱਗਦੀ ਲਾਈਨ 'ਤੇ ਬੰਗਲੁਰੂ ਤੋਂ ਦਿੱਲੀ ਜਾ ਰਹੀ ਕਰਨਾਟਕ ਐਕਸਪ੍ਰੈਸ ਨੇ ਉਨ੍ਹਾਂ ਨੂੰ ਦਰੜ ਦਿੱਤਾ। -ਪੀਟੀਆਈ