ਟਰੰਪ ਨਾਲ ਗੱਲਬਾਤ ਦੀ ਬੇਸਬਰੀ ਨਾਲ ਉਡੀਕ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਇਸ ਐਲਾਨ ਦਾ ਸਵਾਗਤ ਕੀਤਾ ਹੈ ਕਿ ਦੋਵੇਂ ਦੇਸ਼ ਵਪਾਰਕ ਅੜਿੱਕਿਆਂ ਨੂੰ ਦੂਰ ਕਰਨ ਲਈ ਗੱਲਬਾਤ ਜ਼ਰੀਏ ਅੱਗੇ ਵਧ ਰਹੇ ਹਨ। ਮੋਦੀ ਨੇ ਭਾਰਤ ਅਤੇ ਅਮਰੀਕਾ ਨੂੰ ‘ਨਜ਼ਦੀਕੀ ਦੋਸਤ ਅਤੇ ਕੁਦਰਤੀ ਭਾਈਵਾਲ’ ਦੱਸਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵੇਂ ਮੁਲਕ ਵਪਾਰ ਵਾਰਤਾ ਨੂੰ ਛੇਤੀ ਤੋਂ ਛੇਤੀ ਪੂਰਾ ਕਰਨ ਲਈ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਮੈਨੂੰ ਰਾਸ਼ਟਰਪਤੀ ਟਰੰਪ ਨਾਲ ਗੱਲਬਾਤ ਦੀ ਬੇਸਬਰੀ ਨਾਲ ਉਡੀਕ ਹੈ। ਅਸੀਂ ਦੋਵੇਂ ਮੁਲਕਾਂ ਦੇ ਲੋਕਾਂ ਦਾ ਉੱਜਵਲ ਤੇ ਖ਼ੁਸ਼ਹਾਲ ਭਵਿੱਖ ਯਕੀਨੀ ਬਣਾਉਣ ਲਈ ਰਲ ਕੇ ਕੰਮ ਕਰਾਂਗੇ।’’ ਮੋਦੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਇਹ ਗੱਲਬਾਤ ਭਾਰਤ-ਅਮਰੀਕਾ ਭਾਈਵਾਲੀ ਦੀਆਂ ਅਸੀਮ ਸੰਭਾਵਨਾਵਾਂ ਖੋਲ੍ਹਣ ਦਾ ਰਾਹ ਪੱਧਰਾ ਕਰੇਗੀ। ਇਸ ਤੋਂ ਪਹਿਲਾਂ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰਕ ਗੱਲਬਾਤ ਦੇ ‘ਸਫ਼ਲ ਸਿੱਟਿਆਂ’ ਉੱਤੇ ਪਹੁੰਚਣ ਵਿੱਚ ‘ਕੋਈ ਮੁਸ਼ਕਲ’ ਨਹੀਂ ਆਵੇਗੀ ਅਤੇ ਉਹ ਜਲਦੀ ਹੀ ‘ਆਪਣੇ ਚੰਗੇ ਦੋਸਤ’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਨਗੇ। ਅਮਰੀਕੀ ਰਾਸ਼ਟਰਪਤੀ ਨੇ ਮੰਗਲਵਾਰ ਨੂੰ ‘ਟਰੁੱਥ ਸੋਸ਼ਲ’ ਉੱਤੇ ਕਿਹਾ, ‘‘ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰ ਸਮਝੌਤੇ ਵਿੱਚ ਅੜਿੱਕਿਆਂ ਨੂੰ ਦੂਰ ਕਰਨ ਲਈ ਗੱਲਬਾਤ ਜਾਰੀ ਹੈ। ਮੈਂ ਆਉਣ ਵਾਲੇ ਹਫ਼ਤਿਆਂ ਵਿੱਚ ਆਪਣੇ ਸਭ ਤੋਂ ਚੰਗੇ ਦੋਸਤ ਪ੍ਰਧਾਨ ਮੰਤਰੀ ਮੋਦੀ ਨਾਲ ਗੱਲ ਕਰਨ ਲਈ ਉਤਸੁਕ ਹਾਂ। ਮੈਨੂੰ ਵਿਸ਼ਵਾਸ ਹੈ ਕਿ ਦੋਵੇਂ ਮੁਲਕਾਂ ਵਿਚਕਾਰ ਗੱਲਬਾਤ ਸਹੀ ਢੰਗ ਨਾਲ ਪੂਰੀ ਹੋਵੇਗੀ ਤੇ ਕੋਈ ਮੁਸ਼ਕਲ ਨਹੀਂ ਆਵੇਗੀ।’’ ਜ਼ਿਕਰਯੋਗ ਹੈ ਕਿ ਰੂਸੀ ਤੇਲ ਖ਼ਰੀਦਣ ਕਰਕੇ ਟਰੰਪ ਨੇ ਭਾਰਤ ’ਤੇ 50 ਫ਼ੀਸਦੀ ਟੈਰਿਫ਼ ਲਗਾ ਦਿੱਤਾ ਸੀ ਜਿਸ ਕਾਰਨ ਦੋਵੇਂ ਮੁਲਕਾਂ ਦੇ ਸਬੰਧਾਂ ’ਚ ਨਿਘਾਰ ਆ ਗਿਆ ਸੀ। -ਪੀਟੀਆਈ
ਭਾਰਤ-ਚੀਨ ’ਤੇ 100 ਫ਼ੀਸਦ ਟੈਰਿਫ਼ ਲਗਾਏ ਯੂਰਪੀ ਯੂਨੀਅਨ: ਟਰੰਪ
ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਯੂਰਪੀ ਯੂਨੀਅਨ ਨੂੰ ਭਾਰਤ ਅਤੇ ਚੀਨ ’ਤੇ 100 ਫ਼ੀਸਦ ਤੱਕ ਟੈਰਿਫ਼ ਲਗਾਉਣ ਲਈ ਆਖਿਆ ਹੈ ਤਾਂ ਜੋ ਰੂਸ ’ਤੇ ਯੂਕਰੇਨ ਜੰਗ ਖ਼ਤਮ ਕਰਨ ਲਈ ਸਾਂਝੇ ਤੌਰ ’ਤੇ ਦਬਾਅ ਪਾਇਆ ਜਾ ਸਕੇ। ‘ਫਾਇਨਾਂਸ਼ੀਅਲ ਟਾਈਮਜ਼’ ਦੀ ਇਹ ਰਿਪੋਰਟ ਉਸ ਸਮੇਂ ਆਈ ਹੈ ਜਦੋਂ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਅਤੇ ਅਮਰੀਕਾ ਦੇ ਸਬੰਧਾਂ ’ਚ ਹਾਂ-ਪੱਖੀ ਨਜ਼ਰੀਏ ਬਾਰੇ ਚਰਚਾ ਕੀਤੀ ਅਤੇ ਦੁਵੱਲੇ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੀਆਂ ਕੋਸ਼ਿਸ਼ਾਂ ਦਾ ਜ਼ਿਕਰ ਕੀਤਾ ਹੈ।
ਰਿਪੋਰਟ ’ਚ ਕਿਹਾ ਗਿਆ ਹੈ ਕਿ ਰੂਸ ’ਤੇ ਜੰਗ ਦਾ ਆਰਥਿਕ ਬੋਝ ਵਧਾਉਣ ਦੇ ਉਪਾਵਾਂ ਬਾਰੇ ਚਰਚਾ ਲਈ ਜਦੋਂ ਅਮਰੀਕਾ ਅਤੇ ਯੂਰਪੀ ਯੂਨੀਅਨ ਦੇ ਅਧਿਕਾਰੀਆਂ ਦੀ ਮੀਟਿੰਗ ਹੋ ਰਹੀ ਸੀ ਤਾਂ ਟਰੰਪ ਨੇ ਭਾਰਤ ਅਤੇ ਚੀਨ ’ਤੇ ਟੈਰਿਫ਼ ਲਗਾਉਣ ਦਾ ਸੱਦਾ ਦਿੱਤਾ। ਇਕ ਅਮਰੀਕੀ ਅਧਿਕਾਰੀ ਦੇ ਹਵਾਲੇ ਨਾਲ ਅਖ਼ਬਾਰ ਨੇ ਕਿਹਾ ਕਿ ਅਮਰੀਕਾ, ਯੂਰਪੀ ਯੂਨੀਅਨ ਵੱਲੋਂ ਭਾਰਤ ਅਤੇ ਚੀਨ ’ਤੇ ਲਗਾਏ ਗਏ ਕਿਸੇ ਵੀ ਟੈਰਿਫ਼ ਨੂੰ ‘ਇਕ ਸਮਾਨ ਲਾਗੂ ਕਰਨ’ ਲਈ ਤਿਆਰ ਹੈ। -ਪੀਟੀਆਈ
ਕਾਂਗਰਸ ਨੇ ਪ੍ਰਧਾਨ ਮੰਤਰੀ ’ਤੇ ਕੀਤਾ ਵਿਅੰਗ
ਨਵੀਂ ਦਿੱਲੀ: ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਮਰੀਕਾ ਨੂੰ ਭਾਰਤ ਦਾ ਕੁਦਰਤੀ ਭਾਈਵਾਲ ਦੱਸਣ ’ਤੇ ਤਨਜ਼ ਕੱਸਿਆ ਹੈ। ਪਾਰਟੀ ਨੇ ਸਵਾਲ ਕੀਤਾ ਕਿ ਕੀ ਉਹ ਇੰਨੇ ਕੁਦਰਤੀ ਭਾਈਵਾਲ ਹਨ ਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ 35 ਵਾਰ ਐਲਾਨ ਕੀਤਾ ਕਿ ਉਨ੍ਹਾਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਰੁਕਵਾਉਣ ਲਈ ਵਿਚੋਲਗੀ ਕੀਤੀ ਹੈ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ’ਤੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਟਰੰਪ ਨੂੰ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਕੁਦਰਤੀ ਭਾਈਵਾਲ ਹਨ ਤਾਂ ਫਿਰ ਇਹ ਸਵਾਲ ਪੈਦਾ ਹੁੰਦਾ ਹੈ ਕਿ ਕੀ ਉਹ ਇੰਨੇ ਕੁਦਰਤੀ ਹਨ ਕਿ ਟਰੰਪ ਨੇ 35 ਤੋਂ ਵੱਧ ਵੱਖ-ਵੱਖ ਮੌਕਿਆਂ ’ਤੇ ਐਲਾਨ ਕੀਤਾ ਕਿ ਉਨ੍ਹਾਂ ਵਪਾਰ ਦੇ ਹਥਿਆਰ ਦੀ ਵਰਤੋਂ ਕਰਦਿਆਂ 10 ਮਈ ਦੀ ਸ਼ਾਮ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਕਰਵਾਈ ਸੀ। -ਪੀਟੀਆਈ
ਮੁਕਤ ਵਪਾਰ ਸਮਝੌਤੇ ਲਈ ਅਮਰੀਕਾ ਨਾਲ ਕਰ ਰਹੇ ਹਾਂ ਗੱਲਬਾਤ: ਪਿਯੂਸ਼
ਨਵੀਂ ਦਿੱਲੀ: ਵਣਜ ਅਤੇ ਸਨਅਤਾਂ ਬਾਰੇ ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਮੁਕਤ ਵਪਾਰ ਸਮਝੌਤੇ ਲਈ ਅਮਰੀਕਾ ਨਾਲ ਪੂਰੀ ਸਰਗਰਮੀ ਨਾਲ ਗੱਲਬਾਤ ਕਰ ਰਿਹਾ ਹੈ। ਗੋਇਲ ਨੇ ਕਿਹਾ ਕਿ ਕੌਮੀ ਰਾਜਧਾਨੀ ’ਚ ਯੂਰਪੀ ਯੂਨੀਅਨ ਨਾਲ ਵੀ ਵਪਾਰ ਸਮਝੌਤੇ ਬਾਰੇ ਵਾਰਤਾ ਜਾਰੀ ਹੈ। ਇਸ ਤੋਂ ਇਲਾਵਾ ਨਿਊਜ਼ੀਲੈਂਡ ਨਾਲ ਵੀ ਵਪਾਰ ਸਮਝੌਤੇ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ। ਗੋਇਲ ਨੇ ਸਨਅਤਾਂ ਦੀ ਜਥੇਬੰਦੀ ਫਿੱਕੀ ਦੇ ਇਕ ਪ੍ਰੋਗਰਾਮ ’ਚ ਕਿਹਾ, ‘‘ਅਸੀਂ ਅਮਰੀਕਾ ਅਤੇ ਨਿਊਜ਼ੀਲੈਂਡ ਨਾਲ ਵਪਾਰ ਸਮਝੌਤੇ ਲਈ ਸਰਗਰਮ ਵਾਰਤਾ ਕਰ ਰਹੇ ਹਾਂ।’’ ਉਨ੍ਹਾਂ ਕਿਹਾ ਕਿ ਭਾਰਤ ਪਹਿਲਾਂ ਹੀ ਮੌਰੀਸ਼ਸ, ਯੂਏਈ ਅਤੇ ਆਸਟਰੇਲੀਆ ਨਾਲ ਵਪਾਰ ਸਮਝੌਤੇ ਕਰ ਚੁੱਕਿਆ ਹੈ। ਮੰਤਰੀ ਨੇ ਕਿਹਾ ਕਿ ਛੇਤੀ ਹੀ ਆਸਟਰੇਲੀਆ ਨਾਲ ਵਪਾਰ ਸਮਝੌਤੇ ਦੇ ਦੂਜੇ ਗੇੜ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। -ਪੀਟੀਆਈ
ਅਮਰੀਕਾ ਨੂੰ ਭਾਰਤ ਨਾਲ ਅਢੁਕਵੇਂ ਵਪਾਰ ਦੀ ਲੋੜ ਨਹੀਂ: ਨਵਾਰੋ
ਵਾਸ਼ਿੰਗਟਨ: ਵ੍ਹਾਈਟ ਹਾਊਸ ਦੇ ਵਪਾਰ ਸਲਾਹਕਾਰ ਪੀਟਰ ਨਵਾਰੋ ਨੇ ਕਿਹਾ ਕਿ ਅਮਰੀਕਾ ਨੂੰ ਭਾਰਤ ਨਾਲ ਅਢੁਕਵੇਂ ਵਪਾਰ ਦੀ ਲੋੜ ਨਹੀਂ ਹੈ, ਪਰ ਨਵੀਂ ਦਿੱਲੀ ਅਮਰੀਕਾ ਦੇ ਬਾਜ਼ਾਰਾਂ ਤਕ ਪਹੁੰਚ ਬਣਾਉਣ ਲਈ ‘ਬੇਤਾਬ’ ਹੈ। ਪਿਛਲੇ ਕੁੱਝ ਹਫ਼ਤਿਆਂ ਦੌਰਾਨ ਨਵਾਰੋ ਨੇ ਭਾਰਤ ਖ਼ਿਲਾਫ਼ ਖਾਸ ਕਰ ਰੂਸ ਤੋਂ ਕੱਚਾ ਤੇਲ ਖ਼ਰੀਦਣ ਨੂੰ ਲੈ ਕੇ ਲਗਾਤਾਰ ਕਈ ਆਲੋਚਨਾਤਮਕ ਟਿੱਪਣੀਆਂ ਕੀਤੀਆਂ ਹਨ। ਵ੍ਹਾਈਟ ਹਾਊਸ ਦੇ ਵਪਾਰ ਸਲਾਹਕਾਰ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ, ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਭਾਰਤ ਅਤੇ ਅਮਰੀਕਾ ਨੇ ਵਪਾਰਕ ਅੜਿੱਕਿਆਂ ਨੂੰ ਦੂਰ ਕਰਨ ਲਈ ਗੱਲਬਾਤ ਜਾਰੀ ਰੱਖ ਹੋਈ ਹੈ। ਟਰੰਪ ਨੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਵਿੱਚ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਨਾਲ ਗੱਲ ਕਰਨ ਲਈ ਉਤਸੁਕ ਹਨ। -ਪੀਟੀਆਈ