'Drunk' Teacher: ‘ਟੱਲੀ’ ਹੋ ਕੇ ਸਕੂਲ ਪੁੱਜੀ ਅਧਿਆਪਕਾ ਮੁਅੱਤਲ, ਵਿਭਾਗੀ ਜਾਂਚ ਸ਼ੁਰੂ
ਪ੍ਰਾਇਮਰੀ ਸਕੂਲ ਅਧਿਆਪਕਾ ਵੱਲੋਂ ਸਾਥੀ ਅਧਿਆਪਕਾਂ ਨਾਲ ਬਦਸਲੂਕੀ ਕੀਤੇ ਜਾਣ ਦੀ ਵੀਡੀਓ ਵਾਇਰਲ ਹੋਣ ਪਿੱਛੋਂ ਵਿਭਾਗ ਨੇ ਕੀਤੀ ਕਾਰਵਾਈ; ਬੀਤੇ ਸੋਮਵਾਰ ਦੀ ਘਟਨਾ
ਧਾਰ, 25 ਜੂਨ
ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਦੇ ਇੱਕ ਸਕੂਲ ਵਿੱਚ ਇੱਕ ਅਧਿਆਪਕਾ ਕਥਿਤ ਤੌਰ 'ਤੇ ਸ਼ਰਾਬੀ ਹਾਲਤ ਵਿੱਚ ਪਹੁੰਚੀ ਅਤੇ ਉਸ ਨੇ ਸਟਾਫ ਨਾਲ ਬਦਸਲੂਕੀ ਕੀਤੀ। ਇਸ ਕਾਰਨ ਅਧਿਕਾਰੀਆਂ ਨੇ ਉਸਨੂੰ ਮੁਅੱਤਲ ਕਰ ਦਿੱਤਾ ਅਤੇ ਮਾਮਲੇ ਦੀ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਹਨ। ਇਹ ਜਾਣਕਾਰੀ ਅਧਿਕਾਰੀਆਂ ਨੇ ਬੁੱਧਵਾਰ ਨੂੰ ਦਿੱਤੀ ਹੈ।
ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਸੋਮਵਾਰ ਨੂੰ ‘ਸ਼ਰਾਬੀ ਅਧਿਆਪਕਾ’ ਦੇ ਵਿਹਾਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਆਦਿਵਾਸੀ ਸਿੱਖਿਆ ਵਿਭਾਗ ਦੇ ਸਹਾਇਕ ਕਮਿਸ਼ਨਰ ਨਰੋਤਮ ਵਰਕੜੇ ਨੇ ਕਿਹਾ ਕਿ ਅਧਿਆਪਕਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਲਈ ਮਾਮਲੇ ਦੀ ਵਿਭਾਗੀ ਜਾਂਚ ਕੀਤੀ ਜਾਵੇਗੀ।
ਇਹ ਸਕੂਲ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 50 ਕਿਲੋਮੀਟਰ ਦੂਰ ਮਨਾਵਰ ਵਿਕਾਸ ਬਲਾਕ ਦੇ ਸਿੰਘਾਨਾ ਪਿੰਡ ਵਿੱਚ ਸਥਿਤ ਹੈ। ਵਰਕੜੇ ਨੇ ਕਿਹਾ ਕਿ ਮਨਾਵਰ ਬਲਾਕ ਵਿੱਚ ਇੱਕ ਏਕੀਕ੍ਰਿਤ ਸਕੂਲ ਕੰਪਲੈਕਸ ਹੈ, ਜਿੱਥੇ ਅਧਿਆਪਕਾ 23 ਜੂਨ ਨੂੰ ਸ਼ਰਾਬੀ ਹਾਲਤ ਵਿੱਚ ਆਈ ਸੀ ਅਤੇ ਉੱਥੇ ਕੰਮ ਕਰਨ ਵਾਲੇ ਮਜ਼ਦੂਰਾਂ ਅਤੇ ਸਟਾਫ ਨਾਲ ਵੀ ਦੁਰਵਿਵਹਾਰ ਕੀਤਾ।
ਵੀਡੀਓ ਵਾਇਰਲ ਹੋਣ ਤੋਂ ਬਾਅਦ, ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਮਨਾਵਰ ਬਲਾਕ ਰਿਸੋਰਸ ਕੋਆਰਡੀਨੇਟਰ (ਬੀਆਰਸੀ) ਕਿਸ਼ੋਰ ਕੁਮਾਰ ਨੂੰ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ, "ਅਸੀਂ ਵੀਡੀਓ ਦਾ ਨੋਟਿਸ ਲਿਆ ਅਤੇ ਜਾਂਚ ਕਰਨ ਲਈ ਬਲਾਕ ਸਿੱਖਿਆ ਅਧਿਕਾਰੀ ਅਤੇ ਬੀਆਰਸੀ ਦੀ ਇੱਕ ਸਾਂਝੀ ਟੀਮ ਬਣਾਈ।" -ਪੀਟੀਆਈ