ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲਾਮਿਸਾਲ ਬੌਧਿਕਤਾ ਅਤੇ ਬੇਮਿਸਾਲ ਹਲੀਮੀ ਵਾਲੇ ਇਨਸਾਨ ਡਾ. ਮਨਮੋਹਨ ਸਿੰਘ

ਬੜਾ ਘੱਟ ਬੋਲਣ ਵਾਲੀ ਸ਼ਖ਼ਸੀਅਤ, ਜਿਨ੍ਹਾਂ ਹਰ ਕਿਸੇ ਨੂੰ ਸੁਣਿਆ, ਉੱਚਿਆਂ ਨੂੰ ਵੀ ਤੇ ਨੀਵਿਆਂ ਨੂੰ ਵੀ ਅਤੇ ਆਪ ਖ਼ੁਦ ਫ਼ੈਸਲੇ ਲੈ ਕੇ ਬਹੁਤ ਹੀ ਗੁੰਝਲਦਾਰ ਮਸਲਿਆਂ ਨੂੰ ਨਜਿੱਠਿਆ
2012 ਵਿੱਚ, ਤਤਕਾਲੀ ਜੰਮੂ-ਕਸ਼ਮੀਰ ਦੇ ਰਾਜਪਾਲ ਐੱਨ.ਐੱਨ. ਵੋਹਰਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਸ਼੍ਰੀਨਗਰ ਦੇ ਦੌਰੇ ਮੌਕੇ ਸਵਾਗਤ ਕਰਦੇ ਹੋਏ।
Advertisement

ਐੱਨ. ਐੱਨ. ਵੋਹਰਾ 

27 ਦਸੰਬਰ, 2024

Advertisement

ਡਾਕਟਰ ਮਨਮੋਹਨ ਸਿੰਘ ਦਾ ਅਤਿ ਦੁਖਦਾਈ ਵਿਛੋੜਾ ਇੱਕ ਅਜਿਹੀ ਖ਼ਾਸ ਸਿਆਸੀ ਲੀਡਰਸ਼ਿਪ ਦੇ ਖ਼ਾਤਮੇ ਨੂੰ ਦਰਸਾਉਂਦਾ ਹੈ, ਜਿਹੜੀ ਲਾਸਾਨੀ ਬੌਧਿਕ ਸਮਰੱਥਾ, ਈਮਾਨਦਾਰੀ, ਪਾਰਦਰਸ਼ਤਾ ਅਤੇ ਬੇਮਿਸਾਲ ਨਿਮਰਤਾ ਨਾਲ ਲਬਰੇਜ਼ ਸੀ। ਬਹੁਤ ਘੱਟ ਬੋਲਣ ਵਾਲੀ ਇਸ ਵਿਲੱਖਣ ਸ਼ਖ਼ਸੀਅਤ ਨੇ ਸਭ ਨੂੰ ਸੁਣਿਆ, ਉੱਚਿਆਂ ਨੂੰ ਵੀ ਤੇ ਨੀਵਿਆਂ ਨੂੰ ਵੀ ਅਤੇ ਸਭ ਤੋਂ ਜਟਿਲ ਮੁੱਦਿਆਂ ਨੂੰ ਆਪਣੇ ਫੈਸਲਿਆਂ ਨਾਲ ਹੱਲ ਕੀਤਾ, ਜੋ ਕਿ ਦੇਸ਼ ਦੇ ਹਿੱਤ ਵਿੱਚ ਸਭ ਤੋਂ ਚੰਗੇ ਸਾਬਿਤ ਹੋਏ।

ਡਾ. ਮਨਮੋਹਨ ਸਿੰਘ ਦੇ ਭਾਰਤ ਪਰਤਣ ਤੋਂ ਕਈ ਸਾਲਾਂ ਬਾਅਦ, ਮੈਨੂੰ ਆਪਣੇ ਉਸਤਾਦ ਵਜੋਂ ਅਰਥ ਸ਼ਾਸਤਰ ਦੇ ਇੱਕ ਬਹੁਤ ਹੀ ਉੱਘੇ ਪ੍ਰੋਫੈਸਰ ਤੋਂ ਸਿੱਖਣ ਦਾ ਸੁਭਾਗ ਪ੍ਰਾਪਤ ਹੋਇਆ, ਜਿਨ੍ਹਾਂ ਨਾਲ ਡਾ. ਮਨਮੋਹਨ ਸਿੰਘ ਨੇ ਆਕਸਫੋਰਡ ਯੂਨੀਵਰਸਿਟੀ ਵਿੱਚ ਡਾਕਟਰੇਟ ਕੀਤੀ ਸੀ।

ਡਾਕਟਰ ਲਿਟਲ ਅਤੇ ਉਨ੍ਹਾਂ ਦੀ ਜੀਵਨ ਸਾਥਣ ਕਦੇ ਵੀ ਇਹ ਆਖਦੇ ਨਹੀਂ ਥੱਕਦੇ ਸਨ ਕਿ ਡਾ. ਮਨਮੋਹਨ ਸਿੰਘ ਇੱਕ ਬੇਹੱਦ ਸ਼ਾਨਦਾਰ ਅਰਥਸ਼ਾਸ਼ਤਰੀ ਸਨ, ਜੋ ਉਸ ਯੂਨੀਵਰਸਿਟੀ ਵਿੱਚ ਪੜ੍ਹਾਈ ਕਰਨ ਵਾਲੇ ਸਭ ਤੋਂ ਵਧੀਆ ਵਿਦਵਾਨਾਂ ਵਿੱਚੋਂ ਇੱਕ ਸਨ। ਉਨ੍ਹਾਂ ਦਾ ਕੈਂਬ੍ਰਿਜ ਯੂਨੀਵਰਸਿਟੀ ਵਿੱਚ ਵੀ ਇਹੋ ਜਿਹਾ ਹੀ ਆਹਲਾ ਰੁਤਬਾ ਸੀ।

ਮੇਰੇ ਸਿਵਲ ਸੇਵਾਵਾਂ ਦੇ ਕਰੀਅਰ ਦੌਰਾਨ ਮੈਨੂੰ ਡਾ. ਮਨਮੋਹਨ ਸਿੰਘ ਨਾਲ ਕੰਮ ਕਰਨ ਦਾ ਸੁਭਾਗ ਮਿਲਿਆ, ਜਦੋਂ ਉਹ ਦੇਸ਼ ਦੇ ਵਿੱਤ ਮੰਤਰੀ ਸਨ ਅਤੇ ਇਹ ਦੇਸ਼ ਲਈ ਸਭ ਤੋਂ ਔਖਾ ਦੌਰ ਸੀ, ਕਿਉਂਕਿ ਉਸ ਸਮੇਂ ਦੇਸ਼ ਨੂੰ ਆਪਣਾ ਸੋਨਾ ਗਿਰਵੀ ਰੱਖਣ ਲਈ ਮਜਬੂਰ ਹੋਣਾ ਪਿਆ ਸੀ। ਮੈਂ ਲਗਾਤਾਰ ਰੱਖਿਆ ਅਤੇ ਗ੍ਰਹਿ ਸਕੱਤਰ ਦੇ ਤੌਰ ‘ਤੇ ਸੇਵਾ ਕੀਤੀ ਅਤੇ ਮੈਨੂੰ ਆਪਣੇ ਇਨ੍ਹਾਂ ਵਿਭਾਗਾਂ ਵਾਸਤੇ ਵਿੱਤੀ ਰਾਹਤ ਦੀ ਮੰਗ ਕਰਨ ਲਈ ਇਕ ਤਰ੍ਹਾਂ ਤਰਲੇ ਲੈਂਦਿਆਂ ਅਕਸਰ ਰੋਜ਼ਾਨਾ ਹੀ ਉਨ੍ਹਾਂ ਦੇ ਦਫਤਰ ਜਾਣਾ ਪੈਂਦਾ ਸੀ।

ਡਾ. ਮਨਮੋਹਨ ਸਿੰਘ ਨੂੰ ਦੇਸ਼ ਦੇ ਹਿੱਤਾਂ ਪ੍ਰਤੀ ਡੂੰਘੀ ਵਚਨਬੱਧਤਾ ਲਈ ਹਮੇਸ਼ਾ ਚੇਤੇ ਕੀਤਾ ਜਾਵੇਗਾ। 1990ਵਿਆਂ ਦੀ ਸ਼ੁਰੂਆਤ ਵਿਚ ਤਤਕਾਲੀ ਪ੍ਰਧਾਨ ਮੰਤਰੀ ਪੀਵੀ ਨਰਸਿਮਹਾ ਰਾਓ ਦੀ ਅਗਵਾਈ ਅਧੀਨ ਭਾਰਤ ਦੇ ਆਰਥਿਕ ਸੁਧਾਰਾਂ ਦੇ ਪਿਤਾਮਾ ਵਜੋਂ ਅਤੇ ਪ੍ਰਧਾਨ ਮੰਤਰੀ ਵਜੋਂ ਭਾਰਤ ਦੀ ਉੱਦਮੀ ਭਾਵਨਾ ਨੂੰ ਹੁਲਾਰਾ ਦੇਣ ਦੀ ਡਾ. ਮਨਮੋਹਨ ਸਿੰਘ ਦੀ ਕੋਸ਼ਿਸ਼ - ਅਖੌਤੀ ‘ਜਨੂੰਨੀ ਰੂਹ’ – ਹੀ ਉਹ ਕਮਾਲ ਸੀ, ਜਿਸ ਸਦਕਾ ਭਾਰਤ 2008 ਦੇ ਆਲਮੀ ਸੰਕਟ ਦੇ ਮਾੜੇ ਪ੍ਰਭਾਵ ਤੋਂ ਬਚਿਆ ਰਿਹਾ। ਉਨ੍ਹਾਂ ਨੇ ਆਪਣੀ ਹੀ ਪਾਰਟੀ ਦੇ ਵਿਰੋਧ ਦੇ ਬਾਵਜੂਦ ਅਮਰੀਕਾ ਨਾਲ ਗ਼ੈਰ-ਫ਼ੌਜੀ ਪਰਮਾਣੂ ਇਕਰਾਰਨਾਮੇ ਉਤੇ ਦਸਤਖ਼ਤ ਕੀਤੇ, ਜਿਸ ਸਦਕਾ ਭਾਰਤ ਕੌਮਾਂਤਰੀ ਪੱਧਰ ’ਤੇ ਇਕ ਜ਼ਿੰਮੇਵਾਰ ਤਾਕਤ ਵਜੋਂ ਉੱਭਰਿਆ।

ਭਾਰਤ ਦੇ ਆਂਢ-ਗੁਆਂਢ ਦੇ ਦੇਸ਼ਾਂ ਨਾਲ ਸਬੰਧਾਂ ਨੂੰ ਸੁਧਾਰਨ ਲਈ ਉਨ੍ਹਾਂ ਦਾ ਸਮਰਪਣ ਬੇਮਿਸਾਲ ਸੀ; 2008 ਦੇ ਮੁੰਬਈ ਹਮਲੇ ਦੇ ਬਾਵਜੂਦ ਪਾਕਿਸਤਾਨ ਨਾਲ ਲੋਕਾਂ ਦੇ ਪੱਧਰ ਤੱਕ ਸਬੰਧ ਬਿਹਤਰ ਹੋਏ ਅਤੇ ਨਾਲ ਹੀ ਉਨ੍ਹਾਂ ਮੁੰਬਈ ਹਮਲੇ ਲਈ ਪਾਕਿਸਤਾਨ ਦੀ ਫੌਜ ਵਿਵਸਥਾ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਉਣ ਵਿਚ ਵੀ ਕੋਈ ਝਿਜਕ ਨਾ ਦਿਖਾਈ।

2012 ਵਿੱਚ, ਤਤਕਾਲੀ ਜੰਮੂ-ਕਸ਼ਮੀਰ ਦੇ ਰਾਜਪਾਲ ਐੱਨ.ਐੱਨ. ਵੋਹਰਾ ਅਤੇ ਜੰਮੂ-ਕਸ਼ਮੀਰ ਦੇ ਤਤਕਾਲੀ ਮੁੱਖ ਮੰਤਰੀ ਉਮਰ ਅਬਦੁੱਲਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਸ਼੍ਰੀਨਗਰ ਦੇ ਦੌਰੇ ਮੌਕੇ ਸਵਾਗਤ ਕਰਦੇ ਹੋਏ।

ਮੈਨੂੰ ਡਾ. ਸਿੰਘ ਨਾਲ ਮੁੜ ਸੇਵਾ ਕਰਨ ਦਾ ਉਦੋਂ ਸੁਭਾਗ ਮਿਲਿਆ ਜਦੋਂ ਉਹ ਪ੍ਰਧਾਨ ਮੰਤਰੀ ਸਨ ਅਤੇ ਮੈਨੂੰ ਜੰਮੂ-ਕਸ਼ਮੀਰ ਦਾ ਰਾਜਪਾਲ ਨਿਯੁਕਤ ਕੀਤਾ। ਡਾ. ਮਨਮੋਹਨ ਸਿੰਘ ਪਹਿਲਾਂ ਇੱਕ ਸਿਵਲ ਸੇਵਕ ਵਜੋਂ ਅਤੇ ਬਾਅਦ ਵਿੱਚ ਇੱਕ ਕੇਂਦਰੀ ਮੰਤਰੀ ਅਤੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਆਪਣੇ ਲੰਬੇ ਅਤੇ ਵਿਲੱਖਣ ਕਰੀਅਰ ਦੌਰਾਨ ਕਿਸੇ ਵੀ ਤਰ੍ਹਾਂ ਦੇ ਪ੍ਰਚਾਰ ਦੀ ਤਵੱਕੋ ਕੀਤੇ ਬਿਨਾਂ ਹਮੇਸ਼ਾ ਨੈਤਿਕ ਮਾਰਗ ਉਤੇ ਚੱਲਣ ਲਈ ਇੱਕ ਚੱਟਾਨ ਵਾਂਗ ਡਟੇ ਰਹੇ। ਭਾਵੇਂ ਇਸ ਲਈ ਉਨ੍ਹਾਂ ਨੂੰ ਉਸੇ ਸਿਆਸੀ ਪਾਰਟੀ ਵਿਚ ਹੀ ਮੁਸ਼ਕਲ ਦਾ ਸਾਹਮਣਾ ਕਿਉਂ ਨਾ ਕਰਨਾ ਪਿਆ ਹੋਵੇ, ਜਿਸ ਦੀ ਉਹ ਖ਼ੁਦ ਨੁਮਾਇੰਦਗੀ ਕਰਦੇ ਸਨ।

ਡਾ. ਮਨਮੋਹਨ ਸਿੰਘ ਆਉਣ ਵਾਲੇ ਕਈ ਦਹਾਕਿਆਂ ਤੱਕ ਹਮੇਸ਼ਾ ਸਤਿਕਾਰ ਨਾਲ ਯਾਦ ਕੀਤੇ ਜਾਂਦੇ ਰਹਿਣਗੇ।

ਮੇਰੀ ਪਤਨੀ ਅਤੇ ਮੈਂ ਇਸ ਅਥਾਹ ਦੁੱਖ ਦੀ ਘੜੀ ਵਿਚ ਸ੍ਰੀਮਤੀ ਗੁਰਸ਼ਰਨ ਕੌਰ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦੇ ਹਾਂ ਅਤੇ ਦੁਆ ਕਰਦੇ ਹਾਂ ਕਿ ਰੱਬ ਉਨ੍ਹਾਂ ਨੂੰ ਇਸ ਅਸਹਿ ਘਾਟੇ ਨੂੰ ਸਹਿਣ ਦਾ ਬਲ ਬਖ਼ਸ਼ੇ।

 

Advertisement
Show comments