ਹਰ ਕਸ਼ਮੀਰੀ ਮੁਸਲਮਾਨ ’ਤੇ ਸ਼ੱਕ ਨਾ ਕਰੋ: ਉਮਰ
ਦਿੱਲੀ ਧਮਾਕੇ ਮਾਮਲੇ ਵਿੱਚ ਜਾਂਚ ਏਜੰਸੀਆਂ ਵੱਲੋਂ ਜੰਮੂ ਕਸ਼ਮੀਰ ਵਿੱਚ ਜੰਗੀ ਪੱਧਰ ’ਤੇ ਪੜਤਾਲ ਕਰਨ ਮਗਰੋਂ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਪੀ ਡੀ ਪੀ ਦੇ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਆਮ ਲੋਕਾਂ ਦੇ ਹੱਕ ਵਿੱਚ ਆਵਾਜ਼ ਉਠਾਈ ਹੈ। ਸ੍ਰੀ ਅਬਦੁੱਲਾ ਨੇ ਕਿਹਾ ਕਿ ਜਾਂਚ ਏਜੰਸੀਆਂ ਕਸ਼ਮੀਰ ਦੇ ਹਰ ਮੁਸਲਮਾਨ ਨੂੰ ਸ਼ੱਕ ਦੀ ਨਜ਼ਰ ਨਾਲ ਨਾ ਦੇਖਣ। ਉਨ੍ਹਾਂ ਦਿੱਲੀ ਧਮਾਕੇ ਵਿੱਚ ਸ਼ਾਮਲ ਸਾਰੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ, ਪਰ ਨਾਲ ਹੀ ਅਪੀਲ ਕੀਤੀ ਕਿ ਮਾਮਲੇ ਵਿੱਚ ਮਾਸੂਮ ਲੋਕਾਂ ਨੂੰ ਨਾ ਘਸੀਟਿਆ ਜਾਵੇ। ਉਨ੍ਹਾਂ ਕੱਲ੍ਹ ਕੇਂਦਰੀ ਗ੍ਰਹਿ ਮੰਤਰੀ ਨਾਲ ਉੱਤਰੀ ਜ਼ੋਨ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਵੀ ਇਹ ਮਾਮਲਾ ਚੁੱਕਿਆ ਸੀ। ਇਸ ਦੌਰਾਨ ਉਨ੍ਹਾਂ ਗ੍ਰਹਿ ਮੰਤਰੀ ਨੂੰ ਕਿਹਾ ਕਿ ਜਾਂਚ ਏਜੰਸੀਆਂ ਨੂੰ ਇਸ ਮਾਮਲੇ ਵਿੱਚ ਹਰ ਕਸ਼ਮੀਰੀ ਮੁਸਲਮਾਨ ਨੂੰ ਸ਼ੱਕ ਦੇ ਘੇਰੇ ਵਿੱਚ ਨਹੀਂ ਲਿਆਉਣਾ ਚਾਹੀਦਾ। ਮੁੱਖ ਮੰਤਰੀ ਨੇ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਇੱਥੇ ਹਸਪਤਾਲ ’ਚ ਨੌਗਾਮ ਥਾਣੇ ’ਚ ਧਮਾਕੇ ਕਾਰਨ ਹੋਏ ਜ਼ਖਮੀਆਂ ਦਾ ਹਾਲ-ਚਾਲ ਪੁੱਛਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਨ ਮੌਕੇ ਕੀਤਾ। ਦੂਜੇ ਪਾਸੇ ਪੀ ਡੀ ਪੀ ਦੇ ਮੁਖੀ ਮਹਿਬੂਬਾ ਮੁਫ਼ਤੀ ਨੇ ਵੀ ਜਾਂਚ ਏਜੰਸੀਆਂ ਵੱਲੋਂ ਕਸ਼ਮੀਰ ਵਿੱਚ ਵਿਆਪਕ ਛਾਪਿਆਂ ਮਗਰੋਂ ਕਿਹਾ ਕਿ ਕਿਸੇ ਦੂਜੇ ਦੀ ਗ਼ਲਤੀ ਲਈ ਬੇਕਸੂਰ ਲੋਕਾਂ ਨੂੰ, ਆਮ ਲੋਕਾਂ ਨੂੰ ਸਮੂਹਿਕ ਤੌਰ ’ਤੇ ਸਜ਼ਾ ਨਹੀਂ ਦਿੱਤੀ ਜਾ ਸਦਕੀ। ਬੀਬੀ ਮਹਿਬੂਬਾ ਨੇ ਖ਼ਦਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਜੇ ਅਜਿਹੇ ਹਾਲਾਤ ਰਹੇ ਤਾਂ ਆਉਣ ਵਾਲਾ ਸਮਾਂ ਕਸ਼ਮੀਰ ਲਈ ਭਿਆਨਕ ਹੋ ਸਕਦਾ ਹੈ। ਜੇਕਰ ਕੋਈ ਦੋੋਸ਼ੀ ਹੈ ਤਾਂ ਉਸ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ, ਪਰ ਜਾਂਚ ਦੌਰਾਨ ਆਮ ਲੋਕਾਂ ਨਾਲ ਦੁਰਵਿਹਾਰ ਨਹੀਂ ਕੀਤਾ ਜਾਣਾ ਚਾਹੀਦਾ।
