ਵਿਭਿੰਨਤਾ ਏਕਤਾ ਦਾ ਸਰੋਤ, ਹਿੰਦੂ ਰਾਸ਼ਟਰ ਦਾ ਮਤਲਬ ਕਿਸੇ ਨੂੰ ਬਾਹਰ ਕੱਢਣਾ ਨਹੀਂ: Mohan Bhagwat
ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਦੇਸ਼ ਨੂੰ ਇਕਜੁਟਤਾ ਦਾ ਸੁਨੇਹਾ ਦਿੰਦਿਆਂ ਵਿਭਿੰਨਤਾ ਨੂੰ ਏਕਤਾ ਦਾ ਸਰੋਤ ਕਰਾਰ ਦਿੱਤਾ ਅਤੇ ਆਖਿਆ ਕਿ ਵਿਚਾਰਾਂ ਦਾ ਵੱਖਰੇਵਾ ਹੋਣਾ ‘ਕੋਈ ਗੁਨਾਹ ਨਹੀਂ’ ਹੈ।
ਇਥੇ ਅਹਿਮ ਸ਼ਖਸੀਅਤਾਂ ਵਿਦੇਸ਼ੀ ਡਿਪਲੋਮੈਟਾਂ ਤੇ ਹੋਰਨਾਂ ਸਾਹਮਣੇ ਦਿੱਤੇ ਅਹਿਮ ਭਾਸ਼ਣ ’ਚ RSS chief Mohan Bhagwat ਨੇ ਜ਼ੋਰ ਦੇ ਕੇ ਆਖਿਆ ਕਿ ਭਾਰਤੀ ਲੋਕ, ਭਾਵੇਂ ਉਨ੍ਹਾ ਦਾ ਧਰਮ ਕੋਈ ਵੀ ਹੋਵੇ, ਆਪਣੇ ਪੁਰਖਿਆਂ ਦੀਆਂ ਸਾਂਝੀਆਂ ਪਰੰਪਰਾਵਾਂ ਨੇ ਇਕੱਠੇ ਬੰਨ੍ਹੇ ਹੋਏ ਹਨ ਅਤੇ ਅਣਵੰਡੇ ਭਾਰਤ ਵਿੱਚ 40,000 ਸਾਲਾਂ ਤੋਂ ਰਹਿਣ ਵਾਲੇ ਲੋਕਾਂ ਦਾ ਡੀਐੱਨਏ ਇੱਕੋ ਜਿਹਾ ਹੈ।
ਭਾਗਵਤ ਨੇ ਕਿਹਾ ਕਿ ਆਰਐੱਸਐੱਸ ਦਾ ਮੰਨਣਾ ਹੈ ਕਿ ‘ਇੱਕਜੁਟ ਹੋਣ ਲਈ ਸਾਨੂੰ uniformity ਦੀ ਲੋੜ ਨਹੀਂ ਹੈ। ਇੱਥੇ ਵਿਗਿਆਨ ਭਵਨ ਵਿੱਚ ‘ਆਰਐੱਸਐੱਸ ਦੀ 100 ਸਾਲਾ ਯਾਤਰਾ: ਨਵੇਂ ਦਿਸਹੱਦੇ’ ਨਾਮ ਦੇ ਸਮਾਗਮ ਦੌਰਾਨ ਉਨ੍ਹਾਂ ਨੇ ਹਿੰਦੂਆਂ ਨੂੰ ਭੂਗੋਲ ਅਤੇ ਪਰੰਪਰਾਵਾਂ ਦੇ ਵਿਸ਼ਾਲ ਦਾਇਰੇ ਵਜੋਂ ਪਰਿਭਾਸ਼ਿਤ ਕੀਤਾ ਅਤੇ ਕਿਹਾ ਕਿ ਕੁਝ ਲੋਕਾਂ ਨੂੰ ਪਤਾ ਹੈ ਕਿ ਉਹ ਹਿੰਦੂ ਹਨ ਪਰ ਉਹ ਮੰਨਦੇ ਨਹੀਂ, ਜਦਕਿ ਕੁੱਝ ਇਸ ਬਾਰੇ ਜਾਣਦੇ ਹੀ ਨਹੀਂ ਹਨ। ਸਮਾਗਮ ਦੌਰਾਨ ਸਰੋਤਿਆਂ ’ਚ ਅਮਰੀਕਾ ਤੋਂ ਇਲਾਵਾ ਯੂਰੋਪ ਤੇ ਏਸ਼ੀਆ ਦੇ 25 ਤੋਂ ਵੱਧ ਮੁਲਕਾਂ ਦੇ ਸਫ਼ੀਰ ਸ਼ਾਮਲ ਸਨ।
ਭਾਗਵਤ ਨੇ ਕਿਹਾ ਕਿ ਇਸ ਸਮਾਗਮ ਦਾ ਵਿਸ਼ਾ ਭੂਗੋਲਿਕ ਨਹੀਂ, ਸਗੋਂ ‘ਭਾਰਤ ਮਾਤਾ’ ਪ੍ਰਤੀ ਸ਼ਰਧਾ ਅਤੇ ਪੁਰਖਿਆ ਦੀ ਪਰੰਪਰਾ ਹੈ, ਜੋ ਸਭ ਲਈ ਸਾਂਝੀ ਹੈ। ਉਨ੍ਹਾਂ ਕਿਹਾ, ‘ਸਾਡਾ ਡੀਐੱਨਏ ਵੀ ਇੱਕੋ ਜਿਹਾ ਹੈ... ਸਦਭਾਵਨਾ ਨਾਲ ਰਹਿਣਾ ਸਾਡਾ ਸੱਭਿਆਚਾਰ ਹੈ।’ ਆਰਐੱਸਐੱਸ ਮੁਖੀ ਨੇ ਕਿਹਾ ਕਿ ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਭਾਰਤ ਉਹ ਸਥਾਨ ਹਾਸਲ ਨਹੀਂ ਕਰ ਸਕਿਆ, ਜਿਸ ਦਾ ਇਹ ਹੱਕਦਾਰ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਆਰਐੱਸਐੱਸ ਦਾ ਉਦੇਸ਼ ਦੇਸ਼ ਨੂੰ ‘ਵਿਸ਼ਵਗੁਰੂ’ ਬਣਾਉਣਾ ਹੈ ਅਤੇ ਦੁਨੀਆ ਵਿੱਚ ਭਾਰਤ ਦੇ ਯੋਗਦਾਨ ਦਾ ਸਮਾਂ ਆ ਗਿਆ ਹੈ।
ਉਨ੍ਹਾਂ ਨੇ ਦੇਸ਼ ਦੇ ਵਿਕਾਸ ਲਈ ਸਮਾਜਿਕ ਤਬਦੀਲੀ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ, ‘ਜੇ ਅਸੀਂ ਦੇਸ਼ ਨੂੰ ਉੱਪਰ ਚੁੱਕਣਾ ਹੈ, ਤਾਂ ਇਹ ਕੰਮ ਕਿਸੇ ਇੱਕ ਦੇ ਉਪਰ ਛੱਡਣ ਨਾਲ ਨਹੀਂ ਹੋਵੇਗਾ। ਹਰ ਕਿਸੇ ਨੂੰ ਆਪਣੀ ਭੂਮਿਕਾ ਨਿਭਾਉਣੀ ਪਵੇਗੀ।’ ਉਨ੍ਹਾਂ ਕਿਹਾ ਕਿ ਸਿਆਸਤਦਾਨਾਂ, ਸਰਕਾਰਾਂ ਅਤੇ ਸਿਆਸੀ ਪਾਰਟੀਆਂ ਦਾ ਕੰਮ ਇਸ ਪ੍ਰਕਿਰਿਆ ਵਿੱਚ ਸਹਾਇਤਾ ਕਰਨਾ ਹੈ।