ਨੇਪਾਲ, ਲੰਕਾ ਤੇ ਬੰਗਲਾਦੇਸ਼ ’ਚ ਅਸ਼ਾਂਤੀ ਲਈ ਸਰਕਾਰਾਂ ਤੇ ਸਮਾਜ ’ਚ ਦੂਰੀ ਜ਼ਿੰਮੇਵਾਰ: ਭਾਗਵਤ
ਆਰ ਐੱਸ ਐੱਸ ਮੁਖੀ ਮੋਹਨ ਭਾਗਵਤ ਨੇ ਭਾਰਤ ਦੇ ਗੁਆਂਢੀ ਮੁਲਕਾਂ ’ਚ ਉਪਜੀ ਅਸ਼ਾਂਤੀ ਲਈ ਸਰਕਾਰਾਂ ਅਤੇ ਸਮਾਜ ’ਚ ਦੂਰੀ ਤੇ ਕਾਬਿਲ ਪ੍ਰਸ਼ਾਸਕਾਂ ਦੀ ਘਾਟ ਨੂੰ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਸੁਚੇਤ ਕੀਤਾ ਕਿ ਭਾਰਤ ਵਿੱਚ ਵੀ ਅਜਿਹੀ ਅਸਥਿਰਤਾ ਪੈਦਾ ਕਰਨ ਲਈ ਕੁਝ ਤਾਕਤਾਂ ਮੁਲਕ ਦੇ ਅੰਦਰ ਤੇ ਬਾਹਰ ਕੰਮ ਕਰ ਰਹੀਆਂ ਹਨ। ਉਨ੍ਹਾਂ ‘ਸਵਦੇਸ਼ੀ’ (ਘਰੇਲੂ ਸਰੋਤਾਂ ਦੀ ਵਰਤੋਂ) ਅਤੇ ‘ਸਵਾਵਲੰਭਨ’ (ਸਵੈ-ਨਿਰਭਰਤਾ) ਦੀ ਵਕਾਲਤ ਕਰਦਿਆਂ ਜ਼ੋਰ ਦਿੱਤਾ ਕਿ ਕੌਮਾਂਤਰੀ ਵਪਾਰ ਤੇ ਆਰਥਿਕ ਸਬੰਧ ਭਾਰਤ ਦੀਆਂ ਸ਼ਰਤਾਂ ’ਤੇ ਹੋਣੇ ਚਾਹੀਦੇ ਹਨ, ਨਾ ਕਿ ਕਿਸੇ ਮਜਬੂਰੀ ਕਾਰਨ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਅਮਰੀਕੀ ਟੈਰਿਫ ਭਾਰਤ ਲਈ ਕਿਸੇ ਤਰ੍ਹਾਂ ਦੀ ਚੁਣੌਤੀ ਨਹੀਂ ਬਣਨਗੇ। ਇੱਥੇ ਰੇਸ਼ਮਬਾਗ਼ ਵਿੱਚ ਸਾਲਾਨਾ ਦਸਹਿਰਾ ਰੈਲੀ ਮੌਕੇ ਸ੍ਰੀ ਭਾਗਵਤ ਨੇ ਕਿਹਾ ਕਿ ਪਹਿਲਗਾਮ ਦਹਿਸ਼ਤੀ ਹਮਲੇ ਮਗਰੋਂ ਦੂਜੇ ਮੁਲਕਾਂ ਦੀਆਂ ਪ੍ਰਤੀਕਿਰਿਆਵਾਂ ਤੋਂ ਭਾਰਤ ਪ੍ਰਤੀ ਉਨ੍ਹਾਂ ਦੀ ਦੋਸਤੀ ਦੀ ਪਰਖ ਹੋਈ। ਇਸ ਮੌਕੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਪੁੱਜੇ, ਜਦਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵੀ ਹਾਜ਼ਰ ਸਨ।
ਇਸ ਮੌਕੇ ਸ੍ਰੀ ਭਾਗਵਤ ਨੇ ਅੱਜ 2 ਅਕਤੂਬਰ ਮੌਕੇ ਮਹਾਤਮਾ ਗਾਂਧੀ ਅਤੇ ਲਾਲ ਬਹਾਦੁਰ ਸ਼ਾਸਤਰੀ ਨੂੰ ਉਨ੍ਹਾਂ ਦੇ ਜਨਮ ਦਿਹਾੜੇ ਮੌਕੇ ਸ਼ਰਧਾਂਜਲੀਆਂ ਭੇਟ ਕੀਤੀਆਂ। ਉਨ੍ਹਾਂ ਕਿਹਾ ਕਿ ਹਿੰਦੂ ਸਮਾਜ ਦੀ ਸ਼ਕਤੀ ਤੇ ਚਰਿੱਤਰ ਏਕਤਾ ਦੀ ਗਾਰੰਟੀ ਦਿੰਦੇ ਹਨ।
ਭਾਗਵਤ ਦਾ ਭਾਸ਼ਣ ਪ੍ਰੇਰਨਾਦਾਇਕ: ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਜੈਦਸ਼ਮੀ ਮੌਕੇ ਆਰਐੱਸਐੱਸ ਮੁਖੀ ਮੋਹਨ ਭਾਗਵਤ ਵੱਲੋਂ ਦਿੱਤੇ ਭਾਸ਼ਣ ਨੂੰ ਪ੍ਰੇਰਨਾਦਾਇਕ ਦੱਸਿਆ। ਉਨ੍ਹਾਂ ਕਿਹਾ ਕਿ ਸ੍ਰੀ ਭਾਗਵਤ ਨੇ ਭਾਰਤ ਵੱਲੋਂ ਨਵੇਂ ਮੁਕਾਮ ਹਾਸਲ ਕਰਨ ਲਈ ਇਸ ’ਚ ਮੌਜੂਦ ਕੁਦਰਤੀ ਸਮਰੱਥਾ ਬਾਰੇ ਦੱਸਿਆ।
ਆਲਮੀ ਸਮੱਸਿਆਵਾਂ ਦੇ ਹੱਲ ਭਾਰਤੀ ਦਰਸ਼ਨ ’ਚੋਂ ਲੱਭ ਰਿਹੈ ਵਿਸ਼ਵ
ਨਾਗਪੁਰ: ਆਰ ਐੱਸ ਐੱਸ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਵਿਸ਼ਵ ਵੱਖ-ਵੱਖ ਸਮੱਸਿਆਵਾਂ ਦੇ ਹੱਲ ਭਾਰਤੀ ਵਿਚਾਰਧਾਰਾ ’ਚੋਂ ਲੱਭ ਰਿਹਾ ਹੈ ਜਦਕਿ ਭਾਰਤੀ ਵਿਦਵਾਨ ਮੌਜੂਦਾ ਆਲਮੀ ਢਾਂਚਿਆਂ ਮੁਤਾਬਕ ਚੱਲਣ ਦੀ ਬਜਾਇ ਮੁਲਕ ਦੇ ਵਿਸ਼ਵ ਦ੍ਰਿਸ਼ਟੀਕੋਣ ਤੋਂ ਤਿਆਰ ਵਿਕਾਸ ਮਾਡਲਾਂ ਮੁਤਾਬਕ ਕੰਮ ਕਰ ਰਹੇ ਹਨ।