ਭੁੱਲਰ ਖ਼ਿਲਾਫ਼ ਸਰੋਤਾਂ ਤੋਂ ਵੱਧ ਜਾਇਦਾਦ ਦਾ ਕੇਸ
ਆਤਿਸ਼ ਗੁਪਤਾ
ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਵੱਲੋਂ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਦੇ ਸਾਬਕਾ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਵਿਰੁੱਧ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਸਬੰਧੀ ਇਕ ਹੋਰ ਕੇਸ ਦਰਜ ਕੀਤਾ ਹੈ। ਸੀ ਬੀ ਆਈ ਦੀ ਚੰਡੀਗੜ੍ਹ ਬ੍ਰਾਂਚ ਨੇ ਇੰਸਪੈਕਟਰ ਸੋਨਲ ਮਿਸ਼ਰਾ ਦੀ ਸ਼ਿਕਾਇਤ ’ਤੇ ਇਹ ਕੇਸ ਦਰਜ ਕੀਤਾ ਹੈ। ਸੀ ਬੀ ਆਈ ਨੇ ਇਸ ਮਾਮਲੇ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੀ ਬੀ ਆਈ ਨੇ 16 ਅਕਤੂਬਰ ਨੂੰ ਮੰਡੀ ਗੋਬਿੰਦਗੜ੍ਹ ਵਿੱਚ ਰਹਿਣ ਵਾਲੇ ਸਕਰੈਪ ਡੀਲਰ ਅਕਾਸ਼ ਬੱਤਾ ਤੋਂ ‘ਸੇਵਾ ਪਾਣੀ’ ਦੇ ਨਾਮ ’ਤੇ 5 ਲੱਖ ਰੁਪਏ ਲੈਂਦਿਆਂ ਕ੍ਰਿਸ਼ਨੂੰ ਸ਼ਾਰਦਾ ਨੂੰ ਚੰਡੀਗੜ੍ਹ ਤੋਂ ਰੰਗੇ ਹੱਥੀਂ ਕਾਬੂ ਕੀਤਾ ਸੀ। ਉਸ ਨੇ ਬੱਤਾ ਦਾ ਪੁਰਾਣਾ ਕੇਸ ਨਿਬੇੜਨ ਲਈ ਹਰਚਰਨ ਸਿੰਘ ਭੁੱਲਰ ਦੇ ਨਾਮ ’ਤੇ ਇਹ ਰਕਮ ਲਈ ਸੀ। ਇਸ ਮਗਰੋਂ ਸੀ ਬੀ ਆਈ ਨੇ ਭੁੱਲਰ ਨੂੰ 16 ਅਕਤੂਬਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਉਸ ਦੀ ਚੰਡੀਗੜ੍ਹ ਦੇ ਸੈਕਟਰ-40 ਸਥਿਤ ਰਿਹਾਇਸ਼ ’ਤੇ ਛਾਪਾ ਮਾਰਿਆ ਸੀ। ਛਾਪੇ ਦੌਰਾਨ ਸੀ ਬੀ ਆਈ ਨੂੰ 7.36 ਕਰੋੜ ਰੁਪਏ ਨਕਦ ਅਤੇ ਭੁੱਲਰ ਦੇ ਬੈੱਡਰੂਮ ਵਿੱਚੋਂ 2.32 ਕਰੋੜ ਰੁਪਏ ਦੇ ਢਾਈ ਕਿੱਲੋ ਦੇ ਕਰੀਬ ਸੋਨੇ ਤੇ ਚਾਂਦੀ ਦੇ ਗਹਿਣੇ ਮਿਲੇ ਸਨ। ਸੀ ਬੀ ਆਈ ਨੇ ਘਰ ’ਚੋਂ 26 ਮਹਿੰਗੀ ਘੜੀਆਂ, 2.95 ਕਰੋੜ ਰੁਪਏ ਦੀਆਂ 5 ਗੱਡੀਆਂ ਅਤੇ ਜਾਇਦਾਦਾਂ ਦੇ ਦਸਤਾਵੇਜ਼ ਬਰਾਮਦ ਕੀਤੇ ਸਨ। ਜਾਂਚ ਏਜੰਸੀ ਨੂੰ ਭੁੱਲਰ ਦੀ ਮੁਹਾਲੀ, ਹੁਸ਼ਿਆਰਪੁਰ ਅਤੇ ਲੁਧਿਆਣਾ ਵਿੱਚ 150 ਏਕੜ ਦੇ ਕਰੀਬ ਖੇਤੀਬਾੜੀ ਜ਼ਮੀਨ ਅਤੇ ਹੋਰ ਵਪਾਰਕ ਜਾਇਦਾਦਾਂ ਦਾ ਪਤਾ ਚੱਲਿਆ ਸੀ।
ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਹਰਚਰਨ ਭੁੱਲਰ ਨੇ ਵਿੱਤੀ ਵਰ੍ਹੇ 2024-25 ਦੀ ਸਾਲਾਨਾ ਇਨਕਮ ਟੈਕਸ ਰਿਟਰਨ ਵਿੱਚ 45.95 ਲੱਖ ਰੁਪਏ ਦਾ ਬਿਉਰਾ ਦਿੱਤਾ ਹੈ ਜਿਸ ਵਿੱਚੋਂ 13.82 ਲੱਖ ਰੁਪਏ ਟੈਕਸ ਅਦਾ ਕੀਤਾ। ਇਹ ਵੀ ਪਤਾ ਲੱਗਾ ਹੈ ਕਿ ਸਾਬਕਾ ਡੀ ਆਈ ਜੀ ਦੇ ਘਰੋਂ ਬਰਾਮਦ ਨਕਦੀ, ਗਹਿਣੇ ਅਤੇ ਹੋਰ ਜਾਇਦਾਦਾਂ ਉਸ ਦੀ ਆਮਦਨ ਦੇ ਸਰੋਤਾਂ ਨਾਲੋਂ ਕਈ ਗੁਣਾ ਵੱਧ ਹੈ।
ਵਿਦੇਸ਼ਾਂ ਵਿੱਚ ਜਾਇਦਾਦ ਦੀ ਕੀਤੀ ਜਾਵੇਗੀ ਜਾਂਚ
ਸੀ ਬੀ ਆਈ ਨੂੰ ਸਾਬਕਾ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਦੇ ਘਰ, ਫਾਰਮ ਹਾਊਸ ਅਤੇ ਹੋਰ ਥਾਵਾਂ ’ਤੇ ਛਾਪੇ ਦੌਰਾਨ ਵਿਦੇਸ਼ਾਂ ਵਿੱਚ ਕਈ ਜਾਇਦਾਦਾਂ ਹੋਣ ਦੀ ਸੂਹ ਲੱਗੀ ਹੈ। ਸੀ ਬੀ ਆਈ ਵੱਲੋਂ ਉਕਤ ਮਾਮਲੇ ਦੀ ਜਾਂਚ ਦੌਰਾਨ ਹਰਚਰਨ ਭੁੱਲਰ ਦੇ ਭਾਰਤ ਤੇ ਵਿਦੇਸ਼ਾਂ ਵਿੱਚ ਹੋਰ ਜਾਇਦਾਦਾਂ ਅਤੇ ਸੰਪਤੀਆਂ ਦੇ ਵੇਰਵਿਆਂ ਦੀ ਜਾਂਚ ਕੀਤੀ ਜਾਵੇਗੀ।
ਦਲਾਲ ਕ੍ਰਿਸ਼ਨੂੰ ਦਾ 9 ਦਿਨ ਦਾ ਰਿਮਾਂਡ
ਚੰਡੀਗੜ੍ਹ ਸਥਿਤ ਸੀ ਬੀ ਆਈ ਦੀ ਵਿਸ਼ੇਸ਼ ਅਦਾਲਤ ਨੇ ਭ੍ਰਿਸ਼ਟਾਚਾਰ ਮਾਮਲੇ ਵਿੱਚ ਸਾਬਕਾ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਨਾਲ ਗ੍ਰਿਫ਼ਤਾਰ ਕੀਤੇ ਗਏ ਦਲਾਲ ਕ੍ਰਿਸ਼ਨੂੰ ਸ਼ਾਰਦਾ ਨੂੰ 9 ਦਿਨਾ ਰਿਮਾਂਡ ’ਤੇ ਭੇਜ ਦਿੱਤਾ ਹੈ। ਸੀ ਬੀ ਆਈ ਨੂੰ ਉਕਤ ਮਾਮਲੇ ਵਿੱਚ 10 ਦਿਨਾਂ ਦੀ ਜਾਂਚ ਦੌਰਾਨ ਕਈ ਤਰ੍ਹਾਂ ਦੇ ਖੁਲਾਸੇ ਹੋਏ ਹਨ। ਇਸੇ ਲਈ ਸੀ ਬੀ ਆਈ ਨੇ 27 ਅਕਤੂਬਰ ਨੂੰ ਚੰਡੀਗੜ੍ਹ ਸਥਿਤ ਸੀ ਬੀ ਆਈ ਦੀ ਵਿਸ਼ੇਸ਼ ਅਦਾਲਤ ਵਿੱਚ ਅਰਜ਼ੀ ਦਾਇਰ ਕਰਦਿਆਂ ਕ੍ਰਿਸ਼ਨੂੰ ਸ਼ਾਰਦਾ ਦਾ 12 ਦਿਨਾਂ ਦਾ ਰਿਮਾਂਡ ਦੇਣ ਦੀ ਮੰਗ ਕੀਤੀ ਸੀ। ਬੀਤੇ ਦਿਨੀਂ ਕ੍ਰਿਸ਼ਨੂੰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ’ਚ ਪੇਸ਼ ਕੀਤਾ ਗਿਆ ਸੀ। ਮਾਮਲੇ ਦੀ ਅੱਜ ਸੁਣਵਾਈ ਦੌਰਾਨ ਕ੍ਰਿਸ਼ਨੂੰ ਅਦਾਲਤ ਵਿੱਚ ਹਾਜ਼ਰ ਸੀ।
