Disha Salian case: ਦਿਸ਼ਾ ਸਾਲਿਆਨ ਦੀ ਮੌਤ ਦੇ ਮਾਮਲੇ ’ਚ ਅਦਿੱਤਿਆ ਠਾਕਰੇ ਅਤੇ ਹੋਰਾਂ ਵਿਰੁੱਧ ਐਫਆਈਆਰ ਦੀ ਮੰਗ
ਮੁੰਬਈ, 25 ਮਾਰਚ
Disha Salian case: ਸਾਬਕਾ ਸੈਲੀਬ੍ਰਿਟੀ ਮੈਨੇਜਰ ਦਿਸ਼ਾ ਸਾਲਿਅਨ (celebrity manager Disha Salian) ਦੇ ਪਿਤਾ ਸਤੀਸ਼ ਸਾਲਿਅਨ ਨੇ ਮੰਗਲਵਾਰ ਨੂੰ ਜੁਆਇੰਟ ਪੁਲੀਸ ਕਮਿਸ਼ਨਰ ਨੂੰ ਸ਼ਿਕਾਇਤ ਦੇ ਕੇ ਸ਼ਿਵ ਸੈਨਾ (ਯੂਬੀਟੀ) ਦੇ ਵਿਧਾਇਕ ਆਦਿੱਤਿਆ ਠਾਕਰੇ (Shiv Sena (UBT) MLA Aaditya Thackeray) ਅਤੇ ਹੋਰਾਂ ਵਿਰੁੱਧ ਆਪਣੀ ਧੀ ਦੀ ਮੌਤ ਦੇ ਮਾਮਲੇ ਵਿੱਚ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਆਦਿੱਤਿਆ ਠਾਕਰੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਉੂਧਵ ਠਾਕਰੇ ਦੇ ਪੁੱਤਰ ਤੇ ਸੂਬੇ ਦੇ ਸਾਬਕਾ ਮੰਤਰੀ ਹਨ।
ਸਤੀਸ਼ ਸਾਲਿਆਨ ਨੇ ਆਪਣੀ ਧੀ ਦਿਸ਼ਾ ਸਾਲਿਆਨ ਦੀ ਜੂਨ 2020 ਵਿੱਚ ਹੋਈ ਮੌਤ ਦੇ ਮਾਮਲੇ ਦੀ ਨਵੇਂ ਸਿਰਿਉਂ ਜਾਂਚ ਦੀ ਮੰਗ ਕਰਦਿਆਂ ਕੁਝ ਦਿਨ ਪਹਿਲਾਂ ਬੰਬੇ ਹਾਈ ਕੋਰਟ ਦਾ ਬੂਹਾ ਖੜਕਾਇਆ ਸੀ। ਇਸ ਤੋਂ ਬਾਅਦ ਅੱਜ ਉਹ ਆਪਣੇ ਵਕੀਲ ਦੇ ਨਾਲ ਦੱਖਣੀ ਮੁੰਬਈ ਵਿੱਚ ਸੰਯੁਕਤ ਪੁਲੀਸ ਕਮਿਸ਼ਨਰ (ਅਪਰਾਧ) ਦੇ ਦਫ਼ਤਰ ਪੁੱਜੇ।
ਹਾਈ ਕੋਰਟ ਵਿਚ ਦਾਇਰ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ‘ਦਿਸ਼ਾ ਦਾ ਬਲਾਤਕਾਰ ਪਿੱਛੋਂ ਕਤਲ ਕੀਤਾ ਗਿਆ ਸੀ ਅਤੇ ਇਸ ਮਾਮਲੇ ਵਿਚ ਕੁਝ ਰਸੂਖ਼ਵਾਨਾਂ ਨੂੰ ਬਚਾਉਣ ਲਈ ਰਫ਼ਾ-ਦਫ਼ਾ ਕਰਨ ਵਾਸਤੇ ਸਿਆਸੀ ਪ੍ਰਭਾਵ ਦੀ ਵਰਤੋਂ ਕੀਤੀ ਗਈ’’। ਪਟੀਸ਼ਨ ਵਿੱਚ ਅਦਿੱਤਿਆ ਠਾਕਰੇ ਖ਼ਿਲਾਫ਼ ਐਫਆਈਆਰ ਦਰਜ ਕਰਨ ਅਤੇ ਜਾਂਚ ਸੀਬੀਆਈ ਨੂੰ ਸੌਂਪਣ ਦੀ ਮੰਗ ਕੀਤੀ ਗਈ ਸੀ।
ਇਸ ਪਟੀਸ਼ਨ 'ਤੇ ਅਪਰੈਲ ਮਹੀਨੇ ਦੇ ਪਹਿਲੇ ਹਫ਼ਤੇ ਸੁਣਵਾਈ ਹੋਵੇਗੀ। ਅਦਿੱਤਿਆ ਠਾਕਰੇ ਨੇ ਕਿਹਾ ਸੀ ਕਿ ਉਹ ਦੋਸ਼ਾਂ ਦਾ ਜਵਾਬ ਅਦਾਲਤ ਵਿਚ ਦੇਣਗੇ।
ਗ਼ੌਰਤਲਬ ਹੈ ਕਿ ਦਿਸ਼ਾ ਸਾਲਿਆਨ ਬਾਲੀਵੁੱਡ ਸਿਤਾਰੇ ਸੁਸ਼ਾਂਤ ਰਾਜਪੂਤ ਦੀ ਮੈਨੇਜਰ ਸੀ। ਦਿਸ਼ਾ ਦੀ ਮੌਤ 8 ਜੂਨ, 2020 ਨੂੰ ਉਪਨਗਰ ਮਲਾਡ ਵਿੱਚ ਇੱਕ ਰਿਹਾਇਸ਼ੀ ਇਮਾਰਤ ਦੀ 14ਵੀਂ ਮੰਜ਼ਿਲ ਤੋਂ ਡਿੱਗਣ ਕਰਾਨ ਹੋਈ ਸੀ। ਇਹ ਘਟਨਾ ਰਾਜਪੂਤ ਵੱਲੋਂ ਬਾਂਦਰਾ ਸਥਿਤ ਆਪਣੇ ਅਪਾਰਟਮੈਂਟ ਵਿੱਚ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਏ ਜਾਣ ਤੋਂ ਛੇ ਦਿਨਾਂ ਬਾਅਦ ਵਾਪਰੀ ਸੀ। -ਪੀਟੀਆਈ