‘ਵੋਟਰ ਅਧਿਕਾਰ ਯਾਤਰਾ’ ਰਾਹੀਂ ‘ਵੋਟ ਚੋਰੀ’ ਖ਼ਿਲਾਫ਼ ਸਿੱਧੀ ਜੰਗ: ਰਾਹੁਲ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ 17 ਅਗਸਤ ਨੂੰ ਉਹ ਆਪਣੀ ‘ਵੋਟਰ ਅਧਿਕਾਰ ਯਾਤਰਾ’ ਰਾਹੀਂ ਕਥਿਤ ‘ਵੋਟ ਚੋਰੀ’ ਖ਼ਿਲਾਫ਼ ਬਿਹਾਰ ਦੀ ਧਰਤੀ ਤੋਂ ਸਿੱਧੀ ਲੜਾਈ ਸ਼ੁਰੂ ਕਰਨਗੇ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਇਹ ਵੀ ਕਿਹਾ ਕਿ ਇਹ ਸਿਰਫ਼ ਇਕ ਚੋਣ ਮੁੱਦਾ ਨਹੀਂ ਬਲਕਿ ਲੋਕਤੰਤਰ, ਸੰਵਿਧਾਨ ਅਤੇ ‘ਇਕ ਵਿਅਕਤੀ, ਇਕ ਵੋਟ’ ਦੇ ਸਿਧਾਂਤ ਦੀ ਰੱਖਿਆ ਦੀ ਫੈਸਲਾਕੁਨ ਜੰਗ ਹੈ। ਰਾਹੁਲ ਨੇ ‘ਐਕਸ’ ਉੱਤੇ ਲਿਖਿਆ, ‘‘17 ਅਗਸਤ ਤੋਂ ‘ਵੋਟਰ ਅਧਿਕਾਰ ਯਾਤਰਾ’ ਦੇ ਨਾਲ ਅਸੀਂ ਬਿਹਾਰ ਦੀ ਧਰਤੀ ਤੋਂ ਵੋਟ ਚੋਰੀ ਖ਼ਿਲਾਫ਼ ਸਿੱਧੀ ਲੜਾਈ ਸ਼ੁਰੂ ਕਰ ਰਹੇ ਹਾਂ। ਇਹ ਸਿਰਫ਼ ਇਕ ਚੋਣ ਮੁੱਦਾ ਨਹੀਂ - ਇਹ ਲੋਕਤੰਤਰ, ਸੰਵਿਧਾਨ ਅਤੇ ‘ਇਕ ਵਿਅਕਤੀ, ਇਕ ਵੋਟ’ ਦੇ ਸਿਧਾਂਤ ਦੀ ਰੱਖਿਆ ਦੀ ਫੈਸਲਾਕੁਨ ਜੰਗ ਹੈ।’’ ਉਨ੍ਹਾਂ ਕਿਹਾ, ‘‘ਅਸੀਂ ਪੂਰੇ ਦੇਸ਼ ਵਿੱਚ ਸਾਫ਼-ਸੁਥਰੀ ਵੋਟਰ ਸੂਚੀ ਬਣਵਾ ਕੇ ਹੀ ਰਹਾਂਗੇ। ਨੌਜਵਾਨ, ਮਜ਼ਦੂਰ, ਕਿਸਾਨ - ਹਰੇਕ ਨਾਗਰਿਕ, ਉਠੋ ਅਤੇ ਇਸ ਜਨ ਅੰਦੋਲਨ ਨਾਲ ਜੁੜੋ।’’ ਰਾਹੁਲ ਗਾਂਧੀ ਨੇ ਕਿਹਾ, ‘‘ਇਸ ਵਾਰ, ਵੋਟ ਚੋਰਾਂ ਦੀ ਹਾਰ - ਜਨਤਾ ਦੀ ਜਿੱਤ, ਸੰਵਿਧਾਨ ਦੀ ਜਿੱਤ।’’ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ‘ਇੰਡੀਆ’ ਗੱਠਜੋੜ ਦੀਆਂ ਕਈ ਹੋਰ ਭਾਈਵਾਲ ਪਾਰਟੀਆਂ ਦੇ ਆਗੂ ਵੋਟਰ ਸੂਚੀ ਦੀ ਵਿਸ਼ੇਸ਼ ਵਿਆਪਕ ਸੁਧਾਈ (ਐੱਸਆਈਆਰ) ਅਤੇ ਕਥਿਤ ‘ਵੋਟ ਚੋਰੀ’ ਖ਼ਿਲਾਫ਼ 17 ਅਗਸਤ ਤੋਂ ‘ਵੋਟਰ ਅਧਿਕਾਰ ਯਾਤਰ’ ਸ਼ੁਰੂ ਕਰਨਗੇ। ਸਾਸਾਰਾਮ ਤੋਂ ਇਸ ਯਾਤਰਾ ਦੀ ਸ਼ੁਰੂਆਤ ਹੋਵੇਗੀ ਅਤੇ ਇਸ ਦੀ ਸਮਾਪਤੀ ਪਹਿਲੀ ਸਤੰਬਰ ਨੂੰ ਪਟਨਾ ਦੇ ਇਤਿਹਾਸਕ ਗਾਂਧੀ ਮੈਦਾਨ ਵਿੱਚ ‘ਵੋਟਰ ਅਧਿਕਾਰ ਰੈਲੀ’ ਦੇ ਨਾਲ ਹੋਵੇਗੀ। ਇਸ ਜਨ ਸਭਾ ਵਿੱਚ ‘ਇੰਡੀਆ’ ਗੱਠਜੋੜ ਦੇ ਕੌਮੀ ਪੱਧਰ ਦੇ ਆਗੂ ਸ਼ਾਮਲ ਹੋ ਸਕਦੇ ਹਨ। ਕਾਂਗਰਸ ਦੇ ਜਨਰਲ ਸਕੱਤਰ ਤੇ ਸੰਗਠਨ ਇੰਚਾਰਜ ਕੇਸੀ ਵੇਣੂਗੋਪਾਲ ਨੇ ਕਿਹਾ ਕਿ ਰਾਹੁਲ ਗਾਂਧੀ, ਆਰਜੇਡੀ ਆਗੂ ਤੇਜਸਵੀ ਯਾਦਵ ਅਤੇ ਮਹਾਗੱਠਜੋੜ ਦੇ ਆਗੂਆਂ ਨਾਲ ਮਿਲ ਕੇ ਸਾਰੇ ਬਿਹਾਰ ਵਿੱਚ ‘ਵੋਟਰ ਅਧਿਕਾਰ ਯਾਤਰਾ’ ਸ਼ੁਰੂ ਕਰਨਗੇ।
ਰਾਹੁਲ ਗਾਂਧੀ ਦੇ ਦੋਸ਼ਾਂ ਨੇ ਐੱਸਆਈਆਰ ਦੀ ਲੋੜ ਨੂੰ ਉਜਾਗਰ ਕੀਤਾ: ਭਾਜਪਾ
ਨਵੀਂ ਦਿੱਲੀ: ਕੇਂਦਰ ’ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੇ ਅੱਜ ਦਾਅਵਾ ਕੀਤਾ ਕਿ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਵੋਟਰ ਸੂਚੀ ਵਿੱਚ ਬੇਨੇਮੀਆਂ ਦੇ ਦੋਸ਼ ਲਗਾ ਕਿ ਇਕ ਤਰ੍ਹਾਂ ਚੋਣ ਕਮਿਸ਼ਨ ਵੱਲੋਂ ਕਰਵਾਈ ਜਾ ਰਹੀ ਵੋਟਰ ਸੂਚੀ ਦੀ ਵਿਸ਼ੇਸ਼ ਵਿਆਪਕ ਸੁਧਾਈ (ਐੱਸਆਈਆਰ) ਦਾ ਸਮਰਥਨ ਕੀਤਾ ਹੈ। ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਭਾਜਪਾ ਵੱਲੋਂ ਕਰਵਾਏ ਗਏ ਪੱਤਰਕਾਰ ਸੰਮੇਲਨ ਵਿੱਚ ਗਾਂਧੀ ਪਰਿਵਾਰ ’ਤੇ ਸੱਤਾ ਦੇ ਲਾਲਚ ਵਿੱਚ ਕਥਿਤ ਤੌਰ ’ਤੇ ਰਿਸ਼ਵਤ ਦੇਣ, ਦਬਾਅ ਪਾਉਣ ਅਤੇ ਇੱਥੋਂ ਤੱਕ ਕਿ ਉਨ੍ਹਾਂ ਬੈਲਟ ਪੇਪਰਾਂ ਨੂੰ ਨਸ਼ਟ ਕਰਨ ਦਾ ਦੋਸ਼ ਲਗਾਇਆ, ਜਿਨ੍ਹਾਂ ਬਾਰੇ ਮੰਨਿਆ ਜਾਂਦਾ ਸੀ ਕਿ ਕਾਂਗਰਸ ਉਮੀਦਵਾਰਾਂ ਖ਼ਿਲਾਫ਼ ਪਾਏ ਗਏ ਸਨ। ਪਾਰਟੀ ਨੇ ਗਾਂਧੀ ਪਰਿਵਾਰ ’ਤੇ ਚੋਣ ਪ੍ਰਕਿਰਿਆ ਨਾਲ ਛੇੜਛਾੜ ਕਰਨ ਦਾ ਦੋਸ਼ ਲਗਾਇਆ। -ਪੀਟੀਆਈ