ਡਿਜੀਟਲ ਗ੍ਰਿਫ਼ਤਾਰੀ: ਬੰਗਲੂਰੂ ਦੀ ਮਹਿਲਾ ਸਾਫ਼ਟਵੇਅਰ ਇੰਜਨੀਅਰ ਨਾਲ 31.83 ਕਰੋੜ ਦੀ ਠੱਗੀ
ਬੰਗਲੂਰੂ ਦੀ 57 ਸਾਲਾ ਮਹਿਲਾ ਨੂੰ ਕਥਿਤ ‘ਡਿਜੀਟਲ ਅਰੈਸਟ’ ਘੁਟਾਲੇ ਵਿਚ 32 ਕਰੋੜ ਰੁਪਏ ਦਾ ਚੂਨਾ ਲੱਗਾ ਹੈ। ਪੁਲੀਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਲਸਾਜ਼ਾਂ ਨੇ ਸੀਬੀਆਈ ਅਧਿਕਾਰੀ ਬਣ ਕੇ ਸਕਾਈਪ ਜ਼ਰੀਏ ਮਹਿਲਾ ’ਤੇ ਲਗਾਤਾਰ ਨਿਗਰਾਨੀ ਰੱਖ ਕੇ ਉਸ ਨੂੰ ‘ਡਿਜੀਟਲ ਅਰੈਸਟ’ ਦੀ ਹਾਲਤ ਵਿਚ ਰੱਖਿਆ ਤੇ ਉਸ ਦੀ ਦਹਿਸ਼ਤ ਦਾ ਲਾਹਾ ਲੈ ਕੇ ਉਸ ਤੋਂ ਸਾਰੀ ਵਿੱਤੀ ਜਾਣਕਾਰੀ ਹਾਸਲ ਕੀਤੀ ਤੇ 187 ਬੈਂਕ ਟਰਾਂਜ਼ੈਕਸ਼ਨਾਂ ਲਈ ਦਬਾਅ ਪਾਇਆ।
ਸ਼ਹਿਰ ਦੇ ਇੰਦਰਾਨਗਰ ਦੀ ਸਾਫ਼ਟਵੇਅਰ ਇੰਜਨੀਅਰ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਅਖੀਰ ਵਿਚ ‘ਕਲੀਅਰੈਂਸ ਲੈਟਰ’ ਮਿਲਣ ਤੱਕ ਜਾਲਸਾਜ਼ਾਂ ਨੇ ਉਸ ਨੂੰ ਛੇ ਮਹੀਨਿਆਂ ਤੋਂ ਵੱਧ ਸਮੇਂ ਤੱਕ ‘ਡਿਜੀਟਲ ਗ੍ਰਿਫਤਾਰੀ’ ਦੇ ਧੋਖੇ ਵਿਚ ਰੱਖਿਆ। ਇਸ ਦੀ ਸ਼ੁਰੂਆਤ 15 ਸਤੰਬਰ 2024 ਨੂੰ ਇਕ ਵਿਅਕਤੀ ਦੇ ਫੋਨ ਨਾਲ ਹੋਈ, ਜਿਸ ਨੇ ਡੀਐੱਚਐੱਲ ਅੰਧੇਰੀ ਤੋਂ ਹੋਣ ਦਾ ਦਾਅਵਾ ਕਰਦ ਹੋਏ ਦੋਸ਼ ਲਗਾਇਆ ਕਿ ਉਸ ਦੇ ਨਾਮ ਤੋਂ ਬੁੱਕ ਕੀਤੇ ਗਏ ਪਾਰਸਲ ਵਿਚ ਕਰੈਡਿਟ ਕਾਰਡ, ਪਾਸਪੋਰਟ ਤੇ ‘ਐੱਮਡੀਐੱਮਏ’ ਹਨ ਤੇ ਉਸ ਦੀ ਸ਼ਨਾਖਤ ਦੀ ਦੁਰਵਰਤੋਂ ਕੀਤੀ ਗਈ ਹੈ। MMDA ਇੱਕ ਤਰ੍ਹਾਂ ਦਾ ਨਸ਼ੀਲਾ ਪਦਾਰਥ ਹੈ।
ਔਰਤ ਦੇ ਜਵਾਬ ਦੇਣ ਤੋਂ ਪਹਿਲਾਂ, ਕਾਲ ਉਨ੍ਹਾਂ ਵਿਅਕਤੀਆਂ ਨੂੰ ਟ੍ਰਾਂਸਫਰ ਕਰ ਦਿੱਤੀ ਗਈ ਜੋ ਆਪਣੇ ਆਪ ਨੂੰ CBI ਅਧਿਕਾਰੀ ਹੋਣ ਦਾ ਦਾਅਵਾ ਕਰਦੇ ਸਨ। ਇਨ੍ਹਾਂ ਅਖੌਤੀ ਅਧਿਕਾਰੀਆਂ ਨੇ ਉਸ ਨੂੰ ਧਮਕੀ ਦਿੱਤੀ ਅਤੇ ਦਾਅਵਾ ਕੀਤਾ ਕਿ ‘ਸਾਰੇ ਸਬੂਤ ਉਸ ਦੇ ਖਿਲਾਫ਼’ ਹਨ। ਔਰਤ ਨੂੰ ਦੋ ਸਕਾਈਪ ਆਈਡੀ ਬਣਾਉਣ ਅਤੇ ਵੀਡੀਓ ’ਤੇ ਰਹਿਣ ਲਈ ਕਿਹਾ ਗਿਆ ਸੀ।
ਮੋਹਿਤ ਹਾਂਡਾ ਨਾਮ ਦੇ ਇੱਕ ਵਿਅਕਤੀ ਨੇ ਦੋ ਦਿਨ ਉਸ ਦੀ ਨਿਗਰਾਨੀ ਕੀਤੀ। ਇਸ ਮਗਰੋਂ ਰਾਹੁਲ ਯਾਦਵ ਨੇ ਇੱਕ ਹਫ਼ਤੇ ਲਈ ਨਜ਼ਰ ਰੱਖੀ। ਇੱਕ ਹੋਰ ਜਾਲਸਾਜ਼ ਪ੍ਰਦੀਪ ਸਿੰਘ ਨੇ ਖ਼ੁਦ ਨੂੰ ਸੀਨੀਅਰ ਸੀਬੀਆਈ ਅਧਿਕਾਰੀ ਵਜੋਂ ਪੇਸ਼ ਕੀਤਾ ਅਤੇ ਉਸ ਨੂੰ ਆਪਣੀ ਬੇਗੁਨਾਹੀ ਸਾਬਤ ਕਰਨ ਲਈ ਦਬਾਅ ਪਾਇਆ। ਉਮਾ ਰਾਣੀ ਨੇ 24 ਸਤੰਬਰ ਤੋਂ 22 ਅਕਤੂਬਰ ਤੱਕ ਆਪਣੇ ਵਿੱਤੀ ਵੇਰਵੇ ਸਾਂਝੇ ਕੀਤੇ ਅਤੇ ਵੱਡੀ ਰਕਮ ਟ੍ਰਾਂਸਫਰ ਕੀਤੀ। ਉਨ੍ਹਾਂ ਨੇ 24 ਅਕਤੂਬਰ ਤੋਂ 3 ਨਵੰਬਰ ਦੇ ਵਿਚਕਾਰ 2 ਕਰੋੜ ਦੀ ਕਥਿਤ ਸੁਰੱਖਿਆ ਰਕਮ ਜਮ੍ਹਾਂ ਕਰਵਾਈ, ਜਿਸ ਤੋਂ ਬਾਅਦ "ਟੈਕਸਾਂ" ਲਈ ਹੋਰ ਭੁਗਤਾਨ ਕੀਤੇ ਗਏ।
ਪੀੜਤ ਨੂੰ ਕਥਿਤ ਤੌਰ ’ਤੇ 1 ਦਸੰਬਰ ਨੂੰ "ਕਲੀਅਰੈਂਸ ਲੈਟਰ" ਮਿਲਿਆ, ਪਰ ਤਣਾਅ ਕਰਕੇ ਉਹ ਗੰਭੀਰ ਰੂਪ ਵਿੱਚ ਬਿਮਾਰ ਹੋ ਗਈ ਅਤੇ ਉਸ ਨੂੰ ਠੀਕ ਹੋਣ ਵਿੱਚ ਇੱਕ ਮਹੀਨਾ ਲੱਗ ਗਿਆ। ਦਸੰਬਰ ਤੋਂ ਬਾਅਦ ਜਾਲਸਾਜ਼ਾਂ ਨੇ ਪ੍ਰੋਸੈਸਿੰਗ ਫੀਸ ਦੀ ਮੰਗ ਕੀਤੀ ਅਤੇ ਫਰਵਰੀ ਅਤੇ ਫਿਰ ਮਾਰਚ ਤੱਕ ਰਿਫੰਡ ਵਿੱਚ ਵਾਰ-ਵਾਰ ਦੇਰੀ ਕੀਤੀ। 26 ਮਾਰਚ, 2025 ਨੂੰ ਸਾਰੇ ਸੰਚਾਰ ਬੰਦ ਹੋ ਗਏ। ਪੀੜਤਾ ਨੇ ਕਿਹਾ, ‘‘"ਮੇਰੇ ਨਾਲ 187 ਲੈਣ-ਦੇਣ ਰਾਹੀਂ ਕਰੀਬ 31.83 ਕਰੋੜ ਦੀ ਧੋਖਾਧੜੀ ਕੀਤੀ ਗਈ, ਜੋ ਮੈਂ ਜਮ੍ਹਾਂ ਕਰਵਾਈ ਸੀ।’’
