ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਡੀ ਆਈ ਜੀ ਭੁੱਲਰ ਨੂੰ ਜੇਲ੍ਹ ਭੇਜਿਆ

ਜਾਂਚ ਏਜੰਸੀ ਨੇ ਅਦਾਲਤ ’ਚ ਪੇਸ਼ੀ ਦੌਰਾਨ ਨਹੀਂ ਮੰਗਿਆ ਰਿਮਾਂਡ
Advertisement

ਚੰਡੀਗੜ੍ਹ ਦੀ ਸੀ ਬੀ ਆਈ ਅਦਾਲਤ ਨੇ ਅੱਜ ਰੋਪੜ ਰੇਂਜ ਦੇ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ’ਚ 14 ਦਿਨਾਂ ਲਈ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ। ਜਾਂਚ ਏਜੰਸੀ ਨੇ ਸਖ਼ਤ ਪੁਲੀਸ ਪਹਿਰੇ ਹੇਠ ਆਈ ਪੀ ਐੱਸ ਅਧਿਕਾਰੀ ਹਰਚਰਨ ਸਿੰਘ ਭੁੱਲਰ ਅਤੇ ਸਹਿ ਦੋਸ਼ੀ ਕ੍ਰਿਸ਼ਨੂ ਸ਼ਾਰਦਾ ਨੂੰ ਸੀ ਬੀ ਆਈ ਅਦਾਲਤ ’ਚ ਪੇਸ਼ ਕੀਤਾ। ਇਸ ਤੋਂ ਪਹਿਲਾਂ ਭੁੱਲਰ ਦੀ ਸੈਕਟਰ 16 ਦੇ ਹਸਪਤਾਲ ’ਚ ਮੈਡੀਕਲ ਜਾਂਚ ਕਰਵਾਈ ਗਈ। ਏਜੰਸੀ ਨੇ ਅਦਾਲਤ ’ਚ ਭੁੱਲਰ ਦੇ ਰਿਮਾਂਡ ਦੀ ਮੰਗ ਨਹੀਂ ਕੀਤੀ ਅਤੇ ਇਸ ਮਾਮਲੇ ’ਚ ਮੁੱਢਲੀ ਪੁੱਛ-ਗਿੱਛ ਕੀਤੇ ਜਾਣ ਦੀ ਦਲੀਲ ਦਿੱਤੀ। ਭੁੱਲਰ ਤਰਫ਼ੋਂ ਪੇਸ਼ ਹੋਏ ਵਕੀਲ ਐੱਚ ਐੱਚ ਧਨੋਆ ਨੇ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ ਨੂੰ ਝੂਠੇ ਮਾਮਲੇ ’ਚ ਫਸਾਇਆ ਗਿਆ ਹੈ। ਧਨੋਆ ਦੀ ਅਪੀਲ ’ਤੇ ਅਦਾਲਤ ਨੇ ਭੁੱਲਰ ਨੂੰ ਲੋੜੀਂਦੀਆਂ ਦਵਾਈਆਂ ਵਗ਼ੈਰਾ ਮੁਹੱਈਆ ਕਰਾਏ ਜਾਣ ਦੇ ਹੁਕਮ ਦਿੱਤੇ। ਅਦਾਲਤ ਨੇ ਭੁੱਲਰ ਅਤੇ ਕ੍ਰਿਸ਼ਨੂ ਸ਼ਾਰਦਾ ਨੂੰ ਬੁੜੈਲ ਜੇਲ੍ਹ ਭੇਜਣ ਦੇ ਨਿਰਦੇਸ਼ ਦਿੱਤੇ। ਸੀ ਬੀ ਆਈ ਅਦਾਲਤ ਦੇ ਬਾਹਰ ਹਰਚਰਨ ਸਿੰਘ ਭੁੱਲਰ ਨੇ ਕਿਹਾ ਕਿ ਉਸ ਨੂੰ ਨਿਆਂ ਪ੍ਰਣਾਲੀ ’ਤੇ ਪੂਰਾ ਭਰੋਸਾ ਹੈ। ਇਸ ਦੌਰਾਨ ਸੀ ਬੀ ਆਈ ਨੇ ਕਰੀਬ 21 ਘੰਟਿਆਂ ਤੱਕ ਭੁੱਲਰ ਦੀ ਚੰਡੀਗੜ੍ਹ ਦੇ ਸੈਕਟਰ-40 ਵਿਚਲੀ ਕੋਠੀ ਆਦਿ ਦੀ ਤਲਾਸ਼ੀ ਲਈ। ਮੁੱਢਲੇ ਪੜਾਅ ’ਤੇ ਸਾਹਮਣੇ ਆਈ ਪੰਜ ਕਰੋੜ ਦੀ ਨਕਦੀ ਹੁਣ ਸੱਤ ਕਰੋੜ ਤੱਕ ਪੁੱਜ ਗਈ ਹੈ। ਚੇਤੇ ਰਹੇ ਕਿ 21 ਸਾਲ ਪਹਿਲਾਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਤਤਕਾਲੀ ਚੇਅਰਮੈਨ ਰਵੀ ਸਿੱਧੂ ਤੋਂ ਕਰੋੜਾਂ ਦੀ ਨਕਦ ਰਾਸ਼ੀ ਬਰਾਮਦ ਹੋਈ ਸੀ; ਕਰੋੜਾਂ ਦੀ ਨਕਦੀ ਦੀ ਬਰਾਮਦਗੀ ਵਾਲਾ ਇਹ ਦੂਜਾ ਹਾਈ ਪ੍ਰੋਫਾਈਲ ਮਾਮਲਾ ਹੈ। ਸੀ ਬੀ ਆਈ ਨੇ ਹੁਣ ਤੱਕ ਸੱਤ ਕਰੋੜ ਦੀ ਨਕਦੀ, ਡੇਢ ਕਿੱਲੋ ਸੋਨਾ ਜੋ ਹੁਣ ਢਾਈ ਕਿੱਲੋ ਤੱਕ ਪੁੱਜਣ ਦੇ ਚਰਚੇ, ਬੀ ਐੱਮ ਡਬਲਿਊ, ਔਡੀ ਕਾਰਾਂ ਦੀਆਂ ਚਾਬੀਆਂ, ਅਹਿਮ ਜਾਇਦਾਦਾਂ ਦੇ ਦਸਤਾਵੇਜ਼, 22 ਲਗਜ਼ਰੀ ਘੜੀਆਂ, 40 ਲਿਟਰ ਵਿਦੇਸ਼ੀ ਸ਼ਰਾਬ, ਡਬਲ ਬੈਰਲ ਬੰਦੂਕ, ਰਿਵਾਲਵਰ, ਪਿਸਤੌਲ, ਏਅਰ ਗੰਨ ਤੇ ਗੋਲਾ ਬਾਰੂਦ ਵੀ ਕਬਜ਼ੇ ’ਚ ਲਏ ਹਨ। ਸਮਰਾਲਾ ’ਚ ਇੱਕ ਫਾਰਮ ਹਾਊਸ ਦਾ ਵੀ ਪਤਾ ਲੱਗਾ ਹੈ। ਸੀ ਬੀ ਆਈ ਨੇ ਗੋਬਿੰਦਗੜ੍ਹ ਮੰਡੀ ਦੇ ਸਕਰੈਪ ਡੀਲਰ ਦੀ ਸ਼ਿਕਾਇਤ ’ਤੇ ਡੀ ਆਈ ਜੀ ਭੁੱਲਰ ਅਤੇ ਵਿਚੋਲਗੀ ਕਰਨ ਵਾਲੇ ਕ੍ਰਿਸ਼ਨੂ ਸ਼ਾਰਦਾ ’ਤੇ ਭਾਰਤੀ ਨਿਆਏ ਸੰਹਿਤਾ-2023 ਦੀ ਧਾਰਾ 61(2) ਅਤੇ ਭ੍ਰਿਸ਼ਟਾਚਾਰ ਰੋਕੂ ਐਕਟ-1988 ਦੀ ਧਾਰਾ 7 ਅਤੇ 7 ਏ ਤਹਿਤ ਕੇਸ ਦਰਜ ਕੀਤਾ ਸੀ। ਡੀਲਰ ਖ਼ਿਲਾਫ਼ ਅਕਤੂਬਰ 2023 ਦਾ ਕੋਈ ਪੁਰਾਣਾ ਕੇਸ ਦਰਜ ਸੀ ਜਿਸ ਦੇ ਨਿਬੇੜੇ ਨੂੰ ਲੈ ਕੇ ਅੱਠ ਲੱਖ ਦੀ ਰਿਸ਼ਵਤ ਲਈ ਗਈ; ਨਾਲ ਹੀ ਮਹੀਨਾਵਾਰ ‘ਸੇਵਾ ਪਾਣੀ’ ਦੀ ਮੰਗ ਕੀਤੀ ਗਈ। ਜਾਂਚ ਅਨੁਸਾਰ ਕੁੱਲ 28 ਲੱਖ ਦੀ ਰਿਸ਼ਵਤ ਮੰਗੀ ਗਈ ਸੀ। ਸੀ ਬੀ ਆਈ ਨੇ ਕ੍ਰਿਸ਼ਨੂ ਸ਼ਾਰਦਾ ਤੋਂ ਵੀ 21 ਲੱਖ ਬਰਾਮਦ ਕੀਤੇ ਹਨ।

 

Advertisement

ਰਾਜਪਾਲ ਨੇ ਪ੍ਰਸ਼ਾਸਨਿਕ ਢਾਂਚੇ ’ਤੇ ਸਵਾਲ ਚੁੱਕੇ

ਨਾਭਾ (ਮੋਹਿਤ ਸਿੰਗਲਾ): ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਦੀ ਰਿਸ਼ਵਤ ਲੈਣ ਦੇ ਦੋਸ਼ਾਂ ਹੇਠ ਹੋਈ ਗ੍ਰਿਫ਼ਤਾਰੀ ਨੂੰ ਲੈ ਕੇ ਸੂਬੇ ਦੇ ਪ੍ਰਸ਼ਾਸਨਿਕ ਢਾਂਚੇ ਬਾਬਤ ਚਿੰਤਾ ਜ਼ਾਹਿਰ ਕਰਦਿਆਂ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇੰਨਾ ਵੱਡਾ ਪ੍ਰਸ਼ਾਸਨਿਕ ਢਾਂਚਾ ਹੋਣ ਦੇ ਬਾਵਜੂਦ ਕਿਸੇ ਨੂੰ ਅਜਿਹੀਆਂ ਘਟਨਾਵਾਂ ਹੁੰਦੀਆਂ ਨਹੀਂ ਦਿਸ ਰਹੀਆਂ ਤਾਂ ਇਸ ਤੋਂ ਵੱਧ ਮੰਦਭਾਗੀ ਗੱਲ ਕੋਈ ਹੋਰ ਨਹੀਂ ਹੋ ਸਕਦੀ। ਪੰਜਾਬ ਪਬਲਿਕ ਸਕੂਲ ਨਾਭਾ ਦੇ ਸਾਲਾਨਾ ਸਮਾਗਮ ’ਚ ਪਹੁੰਚੇ ਰਾਜਪਾਲ ਕਟਾਰੀਆ ਨੇ ਕਿਹਾ ਕਿ ਜਿਸ ਮਾਤਰਾ ਵਿੱਚ ਪੁਲੀਸ ਅਧਿਕਾਰੀ ਕੋਲੋਂ ਨਕਦੀ ਤੇ ਹੋਰ ਵਸਤਾਂ ਬਰਾਮਦ ਹੋਈਆਂ ਹਨ, ਉਸ ਤੋਂ ਸਪੱਸ਼ਟ ਹੈ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੋਵੇਗੀ। ਇਸ ਘਟਨਾ ਨੂੰ ਬਾਹਰੋਂ ਆ ਕੇ ਸੀ ਬੀ ਆਈ ਨੇ ਬੇਪਰਦ ਕੀਤਾ ਹੈ ਅਤੇ ਸੂਬੇ ਦੇ ਵੱਡੇ ਪ੍ਰਸ਼ਾਸਨਿਕ ਢਾਂਚੇ ਨੂੰ ਇਹ ਦਿਖਾਈ ਨਾ ਦੇਣਾ ਚਿੰਤਾਜਨਕ ਹੈ। ਭ੍ਰਿਸ਼ਟਾਚਾਰ ਖ਼ਿਲਾਫ਼ ਬੋਲਣਾ ਸੌਖਾ ਹੈ ਪਰ ਉਸ ਨੂੰ ਸਿਖਰਲੇ ਪੱਧਰ ’ਤੇ ਰੋਕਣ ਲਈ ਉਪਰਾਲੇ ਵੀ ਕਰਨੇ ਪੈਣਗੇ।

ਵ੍ਹਟਸਐਪ ਕਾਲ ਬਣੀ ਗ੍ਰਿਫ਼ਤਾਰੀ ਦਾ ਆਧਾਰ

ਚੰਡੀਗੜ੍ਹ ਦੇ ਸੈਕਟਰ 9 ਡੀ ਤੋਂ 11 ਅਕਤੂਬਰ ਨੂੰ ਹੋਈ ਵ੍ਹਟਸਐਪ ਕਾਲ ਦੀ ਰਿਕਾਰਡਿੰਗ ਫੜੀ ਗਈ ਜਿਸ ਨਾਲ ਹਰਚਰਨ ਸਿੰਘ ਭੁੱਲਰ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਕੇਸ ਦਾ ਮੁੱਢ ਬੱਝ ਗਿਆ। ਇਸ ਕਾਲ ’ਚ ਭੁੱਲਰ ਇਹ ਆਖਦਾ ਸੁਣਿਆ ਗਿਆ ਕਿ ‘8 ਫੜਨੇ ਨੇ 8... ਚੱਲ ਜਿੰਨਾ ਦਿੰਦੈ, ਨਾਲੋ-ਨਾਲ ਫੜੀ ਚੱਲ, ਉਹਨੂੰ ਕਹਿ ਦੇ 8 ਕਰ ਦੇ ਪੂਰਾ।’ ਪਤਾ ਲੱਗਿਆ ਹੈ ਕਿ ਪੰਜਾਬ ਪੁਲੀਸ ਅੰਦਰ ਇਸ ਡੀ ਆਈ ਜੀ ਦੀ ਇੱਕ ਹੋਰ ਸੀਨੀਅਰ ਅਧਿਕਾਰੀ ਨਾਲ ਪੋਸਟਿੰਗ ਨੂੰ ਲੈ ਕੇ ਵੀ ਟਕਰਾਅ ਚੱਲ ਰਿਹਾ ਸੀ। ਜਾਣਕਾਰੀ ਮੁਤਾਬਿਕ ਡੀ ਆਈ ਜੀ ਨੇ ਸਕਰੈਪ ਡੀਲਰ ਨੂੰ ਇੱਕ ਵਾਰ ਆਪਣੇ ਦਫ਼ਤਰ ਵੀ ਸੱਦਿਆ ਸੀ।

ਕ੍ਰਿਸ਼ਨੂ ਕੁਨੈਕਸ਼ਨ: ਸੀਨੀਅਰ ਅਫਸਰਾਂ ਨੂੰ ਕਾਂਬਾ ਛਿੜਿਆ

ਚੰਡੀਗੜ੍ਹ: ਸੀ ਬੀ ਆਈ ਵੱਲੋਂ ਰੋਪੜ ਰੇਂਜ ਦੇ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਅਤੇ ਦਲਾਲ ਕ੍ਰਿਸ਼ਨੂ ਸ਼ਾਰਦਾ ਦੀ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰੀ ਨੇ ਸੱਤਾ ਦੇ ਗਲਿਆਰਿਆਂ ਨੂੰ ਕਾਂਬਾ ਛੇੜ ਦਿੱਤਾ ਹੈ। ਸੱਤਾਧਾਰੀ ਪਾਰਟੀ (ਆਪ) ਨੇ ਹਾਲੇ ਤੱਕ ਭੁੱਲਰ ਦੀ ਗ੍ਰਿਫ਼ਤਾਰੀ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ ਪਰ ਇਸ ਹਾਈ ਪ੍ਰੋਫਾਈਲ ਕੇਸ ਨੇ ਪ੍ਰਸ਼ਾਸਨਿਕ ਹਲਕਿਆਂ ਨੂੰ ਸੁੰਨ ਕਰ ਦਿੱਤਾ ਹੈ। ਸੀ ਬੀ ਆਈ ਵੱਲੋਂ ਕ੍ਰਿਸ਼ਨੂ ਤੋਂ ਪੁੱਛ-ਗਿੱਛ ਕੀਤੀ ਜਾ ਚੁੱਕੀ ਹੈ ਅਤੇ ਉਹ ਅਕਸਰ ਸਿਵਲ ਤੇ ਪੁਲੀਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਦੀ ਸੰਗਤ ’ਚ ਦੇਖਿਆ ਜਾਂਦਾ ਸੀ। ਸੀਨੀਅਰ ਆਈ ਏ ਐੱਸ ਅਤੇ ਆਈ ਪੀ ਐੱਸ ਅਫਸਰਾਂ ਨਾਲ ਉਸ ਦੀ ਨੇੜਤਾ ਦੇ ਚਰਚੇ ਹਨ। ਪੁਲੀਸ ਹੈੱਡਕੁਆਰਟਰ ਅਤੇ ਪੰਜਾਬ ਸਿਵਲ ਸਕੱਤਰੇਤ ’ਚ ਉਸ ਦੇ ਨਿਯਮਤ ਗੇੜੇ ਰਹਿੰਦੇ ਸਨ। ਸੀ ਬੀ ਆਈ ਹੁਣ ਉਨ੍ਹਾਂ ਅਫਸਰਾਂ ਦਾ ਪਤਾ ਲਾ ਰਹੀ ਹੈ ਜਿਨ੍ਹਾਂ ਦੀ ਕ੍ਰਿਸ਼ਨੂ ਸੰਗਤ ਮਾਣਦਾ ਰਿਹਾ ਹੈ।

Advertisement
Show comments