ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਡੀ ਆਈ ਜੀ ਭੁੱਲਰ ਕੋਲ 16 ਕਰੋੜ ਦੀ ਅਚੱਲ ਸੰਪਤੀ

ਪਰਿਵਾਰ ਦੀ ਸਾਲਾਨਾ ਆਮਦਨ ਕਰੀਬ 38 ਲੱਖ ਰੁਪਏ
Advertisement

ਸੀ ਬੀ ਆਈ ਨੇ ਡੀ ਆਈ ਜੀ ਹਰਚਰਨ ਸਿੰਘ ਭੁੱਲਰ (ਹੁਣ ਮੁਅੱਤਲੀ ਅਧੀਨ) ਖ਼ਿਲਾਫ਼ ਸਰੋਤਾਂ ਤੋਂ ਵੱਧ ਆਮਦਨੀ ਦੇ ਕੇਸ ਦੀ ਤਿਆਰੀ ਵਿੱਢ ਲਈ ਹੈ। ਡੀ ਆਈ ਜੀ ਭੁੱਲਰ ਅਤੇ ਦਲਾਲ ਕ੍ਰਿਸ਼ਨੂ ਸ਼ਾਰਦਾ ਇਸ ਵੇਲੇ ਬੁੜੈਲ ਜੇਲ੍ਹ ’ਚ ਬੰਦ ਹਨ। ਸੀ ਬੀ ਆਈ ਨੇ ਭੁੱਲਰ ਦੀ ਰਿਹਾਇਸ਼ ਤੋਂ 7.5 ਕਰੋੜ ਦੀ ਨਕਦੀ, ਢਾਈ ਕਿੱਲੋ ਸੋਨਾ, 24 ਲਗਜ਼ਰੀ ਘੜੀਆਂ ਤੋਂ ਇਲਾਵਾ 50 ਦੇ ਕਰੀਬ ਸੰਪਤੀਆਂ ਦੇ ਦਸਤਾਵੇਜ਼ ਹਾਸਲ ਕੀਤੇ ਹਨ ਜਿਨ੍ਹਾਂ ’ਚ ਕਈ ਬੇਨਾਮੀ ਸੰਪਤੀਆਂ ਦੇ ਵੀ ਕਾਗ਼ਜ਼ ਹਨ। ਭੁੱਲਰ ਦੀ ਰਿਹਾਇਸ਼ ਆਦਿ ਤੋਂ ਸ਼ਰਾਬ ਮਿਲਣ ਦੇ ਮਾਮਲੇ ’ਚ ਆਬਕਾਰੀ ਐਕਟ ਤਹਿਤ ਵੱਖਰਾ ਮੁਕੱਦਮਾ ਦਰਜ ਕਰਾਇਆ ਗਿਆ ਹੈ।

ਸੂਤਰਾਂ ਅਨੁਸਾਰ ਸੀ ਬੀ ਆਈ ਤਰਫ਼ੋਂ ਹੁਣ ਭੁੱਲਰ ਦੇ ਘਰੋਂ ਮਿਲੀ ਨਕਦੀ ਅਤੇ ਸੰਪਤੀ ਦੀ ਛਾਣਬੀਣ ਕੀਤੀ ਜਾਵੇਗੀ ਅਤੇ ਉਸ ਦੀ ਕੁੱਲ ਆਮਦਨੀ ਅਤੇ ਖ਼ਰਚੇ ਦਾ ਮਿਲਾਣ ਕੀਤਾ ਜਾਵੇਗਾ। ਉਸ ਮਗਰੋਂ 2009 ਬੈਚ ਦੇ ਆਈ ਪੀ ਐੱਸ ਅਧਿਕਾਰੀ ਖ਼ਿਲਾਫ਼ ਸਰੋਤਾਂ ਤੋਂ ਵੱਧ ਆਮਦਨ ਦੇ ਨਵੇਂ ਕੇਸ ਦਾ ਮੁੱਢ ਬੱਝ ਸਕਦਾ ਹੈ। ਡੀ ਆਈ ਜੀ ਹਰਚਰਨ ਸਿੰਘ ਭੁੱਲਰ ਨੇ ਕੇਂਦਰ ਸਰਕਾਰ ਕੋਲ ਪਹਿਲੀ ਜਨਵਰੀ, 2025 ਤੱਕ ਦੀ ਪ੍ਰਾਪਰਟੀ ਰਿਟਰਨ ਭਰੀ ਸੀ। ਉਸ ਮੁਤਾਬਕ ਭੁੱਲਰ ਪਰਿਵਾਰ ਕੋਲ ਅੱਠ ਸੰਪਤੀਆਂ ਹਨ ਜਿਨ੍ਹਾਂ ਦਾ ਖ਼ੁਲਾਸਾ ਖ਼ੁਦ ਡੀ ਆਈ ਜੀ ਨੇ ਕੀਤਾ ਹੈ।

Advertisement

‘ਪੰਜਾਬੀ ਟ੍ਰਿਬਿਊਨ’ ਕੋਲ ਮੌਜੂਦ ਰਿਟਰਨ ਦੀ ਕਾਪੀ ਅਨੁਸਾਰ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਦੀ ਪ੍ਰਤੀ ਮਹੀਨਾ ਮੌਜੂਦਾ ਬੇਸਿਕ ਤਨਖ਼ਾਹ 2,16,600 ਰੁਪਏ ਹੈ ਜੋ 58 ਫ਼ੀਸਦੀ ਡੀ ਏ ਨਾਲ 3.20 ਲੱਖ ਦੇ ਕਰੀਬ ਪ੍ਰਤੀ ਮਹੀਨਾ ਬਣ ਜਾਂਦੀ ਹੈ। ਤਨਖ਼ਾਹ ’ਚੋਂ ਕਰੀਬ 30 ਫ਼ੀਸਦੀ ਹਿੱਸਾ ਆਮਦਨ ਕਰ ’ਚ ਚਲਾ ਜਾਂਦਾ ਹੈ। ਆਮਦਨ ਕਰ ਦੇਣ ਮਗਰੋਂ ਸਾਲਾਨਾ ਤਨਖ਼ਾਹ ਕਰੀਬ 27 ਲੱਖ ਰੁਪਏ ਬਣਦੀ ਹੈ। ਡੀ ਆਈ ਜੀ ਨੇ ਬਾਕੀ ਸਰੋਤਾਂ ਤੋਂ ਸਾਲਾਨਾ ਆਮਦਨ 11.44 ਲੱਖ ਰੁਪਏ ਹੋਣ ਦੀ ਜਾਣਕਾਰੀ ਨਸ਼ਰ ਕੀਤੀ ਹੈ। ਇਸ ਤਰੀਕੇ ਨਾਲ ਕੁੱਲ ਆਮਦਨ ਕਰੀਬ 38.44 ਲੱਖ ਰੁਪਏ ਸਾਲਾਨਾ ਬਣਦੀ ਹੈ।

ਉਧਰ ਸੀ ਬੀ ਆਈ ਨੇ ਭੁੱਲਰ ਦੀ ਰਿਹਾਇਸ਼ ਆਦਿ ਤੋਂ 7.50 ਕਰੋੜ ਦੀ ਨਕਦੀ ਫੜੀ ਹੈ। ਪ੍ਰਾਪਰਟੀ ਰਿਟਰਨ ਅਨੁਸਾਰ ਭੁੱਲਰ ਕੋਲ ਜਲੰਧਰ ਦੇ ਕੋਟ ਕਲਾਂ ’ਚ ਛੇ ਕਨਾਲ ਦਾ ਫਾਰਮ ਹਾਊਸ ਹੈ ਜਿਸ ਦੀ ਉਨ੍ਹਾਂ ਬਾਜ਼ਾਰੀ ਕੀਮਤ ਦੋ ਕਰੋੜ ਰੁਪਏ ਦੱਸੀ ਹੈ। ਇਹ ਸੰਪਤੀ ਉਨ੍ਹਾਂ ਨੂੰ ਆਪਣੇ ਪਿਤਾ ਮਹਿਲ ਸਿੰਘ ਭੁੱਲਰ ਤੋਂ 6 ਅਗਸਤ, 1993 ’ਚ ਵਿਰਾਸਤ ’ਚ ਮਿਲੀ। ਚੰਡੀਗੜ੍ਹ ਦੇ ਸੈਕਟਰ-39 ਬੀ ’ਚ ਸਾਲ 1999 ’ਚ ਖ਼ਰੀਦੇ ਗਏ ਫਲੈਟ ਦੀ ਮੌਜੂਦਾ ਕੀਮਤ ਕਰੀਬ ਡੇਢ ਕਰੋੜ ਰੁਪਏ ਹੈ ਅਤੇ ਇਹ ਫਲੈਟ ਪਰਿਵਾਰ ਨੇ 1999 ’ਚ ਛੇ ਲੱਖ ਰੁਪਏ ’ਚ ਖ਼ਰੀਦਿਆ ਸੀ। ਲੁਧਿਆਣਾ ਦੇ ਪਿੰਡ ਇਯਾਲੀ ਖ਼ੁਰਦ ਵਿਚਲੀ 3 ਕਨਾਲ 18 ਮਰਲੇ ਜ਼ਮੀਨ ਦੀ ਕੀਮਤ 2.10 ਕਰੋੜ ਰੁਪਏ ਹੈ ਜੋ ਭੁੱਲਰ ਪਰਿਵਾਰ ਨੇ 2005 ’ਚ 7.35 ਲੱਖ ਰੁਪਏ ’ਚ ਖ਼ਰੀਦੀ ਸੀ।

ਮੁਹਾਲੀ ਦੇ ਸੈਕਟਰ-90 ’ਚ ਚੰਡੀਗੜ੍ਹ ਓਵਰਸੀਜ਼ ਕੋਆਪਰੇਟਿਵ ਸੁਸਾਇਟੀ ’ਚ ਸਾਲ 2005 ’ਚ 20 ਲੱਖ ਰੁਪਏ ਦਾ ਫਲੈਟ ਖ਼ਰੀਦਿਆ ਗਿਆ ਜਿਸ ਦੀ ਬਾਜ਼ਾਰੀ ਕੀਮਤ ਨਹੀਂ ਦੱਸੀ ਗਈ ਹੈ। ਇਸ ਫਲੈਟ ਦਾ ਹਾਲੇ ਕਬਜ਼ਾ ਨਹੀਂ ਮਿਲਿਆ ਹੈ ਕਿਉਂਕਿ ਕੇਸ ਜ਼ਿਲ੍ਹਾ ਖਪਤਕਾਰ ਫੋਰਮ ਚੰਡੀਗੜ੍ਹ ’ਚ ਬਕਾਇਆ ਹੈ।

ਰਿਟਰਨ ਅਨੁਸਾਰ ਭੁੱਲਰ ਪਰਿਵਾਰ ਦੀ ਚੰਡੀਗੜ੍ਹ ਦੇ ਸੈਕਟਰ-40 ਬੀ ਵਿਚਲੀ 528 ਗਜ਼ ਦੀ ਕੋਠੀ ਦੀ ਮੌਜੂਦਾ ਕੀਮਤ ਪੰਜ ਕਰੋੜ ਰੁਪਏ ਦੱਸੀ ਗਈ ਹੈ ਜੋ ਸਾਲ 2008 ’ਚ 1.32 ਕਰੋੜ ’ਚ ਖ਼ਰੀਦੀ ਗਈ ਸੀ। ਇਸੇ ਤਰ੍ਹਾਂ ਕਪੂਰਥਲਾ ਦੇ ਪਿੰਡ ਖਾਜੁਰਾਲਾ ’ਚ ਪੰਜ ਕਨਾਲ ਜ਼ਮੀਨ ਤਬਾਦਲੇ ’ਚ 2014 ’ਚ ਮਿਲੀ ਜਿਸ ਦੀ ਮੌਜੂਦਾ ਕੀਮਤ 60 ਲੱਖ ਰੁਪਏ ਦੱਸੀ ਗਈ ਹੈ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮੰਡ ਸ਼ੇਰੀਆਂ ’ਚ ਕਰੀਬ 15 ਏਕੜ ਜ਼ਮੀਨ (ਤਬਾਦਲੇ ਰਾਹੀਂ) ਦੀ ਮੌਜੂਦਾ ਕੀਮਤ 3 ਕਰੋੜ ਰੁਪਏ ਦੱਸੀ ਗਈ ਹੈ। ਭੁੱਲਰ ਪਰਿਵਾਰ ਨੇ ਸਾਲ 2023 ’ਚ ਨਿਊ ਚੰਡੀਗੜ੍ਹ ’ਚ ਓਮੈਕਸ ਡਿਵੈਲਪਰ ਤੋਂ 1041.87 ਗਜ਼ ਦਾ ਪਲਾਟ ਕਰੀਬ 1.60 ਕਰੋੜ ’ਚ ਖ਼ਰੀਦਿਆ ਹੈ। ਰਿਟਰਨ ’ਚ ਭੁੱਲਰ ਨੇ ਸਭ ਸੰਪਤੀਆਂ ਤੋਂ ਸਾਲਾਨਾ ਆਮਦਨ 11.44 ਲੱਖ ਰੁਪਏ ਦੱਸੀ ਹੈ। ਇਹ ਸਿਰਫ਼ ਅਚੱਲ ਸੰਪਤੀ ਹੈ। ਸੀ ਬੀ ਆਈ ਵੱਲੋਂ ਬਰਾਮਦ ਕੀਤੇ ਢਾਈ ਕਿੱਲੋ ਸੋਨੇ, ਘੜੀਆਂ, ਗੱਡੀਆਂ ਆਦਿ ਦੀ ਕੀਮਤ ਇਸ ਤੋਂ ਵੱਖਰੀ ਹੈ।

Advertisement
Show comments