ਡੀ ਆਈ ਜੀ ਭੁੱਲਰ ਕਾਂਡ: ਸਕਰੈਪ ਵਪਾਰੀ ਦੀ ਸ਼ਿਕਾਇਤ ਨੇ ਬੇਨਕਾਬ ਕੀਤਾ ਵੱਡੇ ਅਹੁਦਿਆਂ ਦਾ ਭ੍ਰਿਸ਼ਟਾਚਾਰ
ਫਤਹਿਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਦੇ ਸਕਰੈਪ ਡੀਲਰ ਆਕਾਸ਼ ਬੱਤਾ ਵੱਲੋਂ ਸੀ.ਬੀ.ਆਈ. ਕੋਲ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਸੀ। ਉਸ ਨੇ ਦੋਸ਼ ਲਾਇਆ ਕਿ ਡੀ.ਆਈ.ਜੀ. ਭੁੱਲਰ, ਕ੍ਰਿਸ਼ਨੂ ਸ਼ਾਰਦਾ ਨਾਮ ਦੇ ਇੱਕ ਵਿਚੋਲੇ ਰਾਹੀਂ ਉਸਦੇ ਕਾਰੋਬਾਰ ਨੂੰ ਪੁਲੀਸ ਦੀ ਦਖ਼ਲਅੰਦਾਜ਼ੀ ਤੋਂ ਬਚਾਉਣ ਲਈ ਮਹੀਨਾਵਾਰ ਰਿਸ਼ਵਤ (ਜਿਸ ਨੂੰ ‘ਸੇਵਾ-ਪਾਣੀ’ ਕਿਹਾ ਜਾਂਦਾ ਸੀ) ਦੀ ਮੰਗ ਕਰ ਰਹੇ ਸਨ।
ਬੱਤਾ ਨੇ ਦਾਅਵਾ ਕੀਤਾ ਕਿ 2023 ਵਿੱਚ ਸਰਹਿੰਦ ਵਿਖੇ ਉਸ ਦੇ ਖ਼ਿਲਾਫ਼ ਇੱਕ ਐਫ.ਆਈ.ਆਰ. ਦਰਜ ਕੀਤੀ ਗਈ ਸੀ, ਜਿਸ ਵਿੱਚ ਦੋਸ਼ ਸੀ ਕਿ ਉਸ ਨੇ ਆਪਣੇ ਕਾਰੋਬਾਰ ਵਿੱਚ ਜਾਅਲੀ ਬਿੱਲਾਂ ਦੀ ਵਰਤੋਂ ਕੀਤੀ ਸੀ। ਉਸ ਅਨੁਸਾਰ ਦੋਸ਼ ਝੂਠੇ ਸਨ ਅਤੇ ਪੈਸੇ ਕਢਵਾਉਣ ਲਈ ਦਬਾਅ ਬਣਾਉਣ ਵਾਸਤੇ ਵਰਤੇ ਜਾ ਰਹੇ ਸਨ।
ਦੋਸ਼: ਐਫ.ਆਈ.ਆਰ. ਦਾ ਨਿਬੇੜਾ ਕਰਨ ਲਈ 8 ਲੱਖ ਰੁਪਏ ਦੀ ਮੰਗ
ਸ਼ਿਕਾਇਤ ਅਨੁਸਾਰ ਡੀ.ਆਈ.ਜੀ. ਭੁੱਲਰ ਨੇ ਕਥਿਤ ਤੌਰ ’ਤੇ ਐਫ.ਆਈ.ਆਰ. ਦਾ ਨਿਬੇੜਾ ਕਰਨ ਲਈ 8 ਲੱਖ ਰੁਪਏ ਦੀ ਇਕਮੁਸ਼ਤ ਰਿਸ਼ਵਤ ਦੀ ਮੰਗ ਕੀਤੀ ਅਤੇ ਬਿਨਾਂ ਕਿਸੇ ਮੁਸ਼ਕਲ ਤੋਂ ਬੱਤਾ ਨੂੰ ਆਪਣਾ ਕਾਰੋਬਾਰ ਚਲਾਉਣ ਦੇਣ ਲਈ ਮਹੀਨਾਵਾਰ ਭੁਗਤਾਨ ’ਤੇ ਵੀ ਜ਼ੋਰ ਦਿੱਤਾ ਸੀ।
ਸੀ.ਬੀ.ਆਈ. ਨੇ ਇਨ੍ਹਾਂ ਦਾਅਵਿਆਂ ਦੀ ਗੁਪਤ ਤੌਰ ’ਤੇ ਤਸਦੀਕ ਸ਼ੁਰੂ ਕੀਤੀ ਜਿਸ ਦੌਰਾਨ ਕਥਿਤਵਿਚੋਲਾ ਭੁੱਲਰ ਲਈ ਪੈਸੇ ਲੈਂਦਾ ਫੜਿਆ ਗਿਆ।
ਸਬੂਤਾਂ ਦੇ ਆਧਾਰ ’ਤੇ ਸੀ.ਬੀ.ਆਈ. ਨੇ ਡੀ.ਆਈ.ਜੀ. ਭੁੱਲਰ ਨੂੰ ਉਸ ਦੇ ਮੁਹਾਲੀ ਦਫ਼ਤਰ ਤੋਂ ਗ੍ਰਿਫ਼ਤਾਰ ਕਰ ਲਿਆ ਅਤੇ ਕਥਿਤ ਵਿਚੋਲੇ ਕ੍ਰਿਸ਼ਨੂ ਨੂੰ ਵੀ ਹਿਰਾਸਤ ਵਿੱਚ ਲੈ ਲਿਆ।
ਸੀਬੀਆਈ ਦੀ ਰੇਡ ਦੌਰਾਨ ਵੱਡੀ ਬਰਾਮਦਗੀ
ਸੀਬੀਆਈ ਨੇ ਕਾਰਵਾਈ ਦੌਰਾਨ ਡੀ ਆਈ ਜੀ ਭੁੱਲਰ ਦੇ ਚੰਡੀਗੜ੍ਹ ਸਥਿਤ ਘਰੋਂ 7.50 ਕਰੋੜ ਰੁਪਏ ਨਕਦ ਬਰਾਮਦ ਕੀਤੇ। ਇਸ ਤੋਂ ਇਲਾਵਾ 2.5 ਕਿਲੋ ਸੋਨੇ ਦੇ ਗਹਿਣੇ, ਰੋਲੈਕਸ ਅਤੇ ਰਾਡੋ ਸਮੇਤ 26 ਮਹਿੰਗੀਆਂ ਘੜੀਆਂ, 50 ਤੋਂ ਵੱਧ ਜਾਇਦਾਦਾਂ ਨਾਲ ਸਬੰਧਤ ਦਸਤਾਵੇਜ਼, ਅਸਲਾ, ਆਲੀਸ਼ਾਨ ਵਾਹਨਾਂ ਦੀਆਂ ਚਾਬੀਆਂ, ਵਿਦੇਸ਼ੀ ਸ਼ਰਾਬ, ਅਤੇ ਲਾਕਰ ਦੀਆਂ ਚਾਬੀਆਂ ਵੀ ਬਰਾਮਦ ਕੀਤੀਆਂ।
ਭੁੱਲਰ ਦੇ ਸਮਰਾਲਾ ਫਾਰਮ ਹਾਊਸ ਤੋਂ ਹੋਰ ਨਕਦੀ, ਸ਼ਰਾਬ ਤੋੋਂ ਇਲਾਵਾ ਵਿਚੋਲੇ ਕ੍ਰਿਸ਼ਨੂ ਤੋਂ 21 ਲੱਖ ਰੁਪਏ ਜ਼ਬਤ ਕੀਤੇ ਗਏ।
ਅਦਾਲਤੀ ਕਾਰਵਾਈ
ਭੁੱਲਰ ਅਤੇ ਕ੍ਰਿਸ਼ਨੂ ਦੋਵਾਂ ਨੂੰ ਸ਼ੁੱਕਰਵਾਰ ਨੂੰ ਸੀ.ਬੀ.ਆਈ. ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਭੁੱਲਰ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਅਦਾਲਤੀ ਕਾਰਵਾਈ ’ਤੇ ਭਰੋਸਾ ਹੈ।
ਸਿਆਸੀ ਪ੍ਰਤੀਕਰਮ
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਹੈਰਾਨੀ ਪ੍ਰਗਟ ਕਰਦੇ ਹੋਏ ਇਸਨੂੰ ਮੰਦਭਾਗਾ ਕਰਾਰ ਦਿੱਤਾ। ਉਨ੍ਹਾਂ ਇਸ ਮਾਮਲੇ ’ਚ ਪ੍ਰਸ਼ਾਸਨਿਕ ਢਾਂਚੇ ਦੀ ਅਸਫਲਤਾ ਦੀ ਆਲੋਚਨਾ ਕੀਤੀ ਅਤੇ ਕਿਹਾ, “ਇਹ ਸਭ ਕੁਝ ਇੱਕ ਦਿਨ ਵਿੱਚ ਨਹੀਂ ਹੋਇਆ, ਸਾਨੂੰ ਸਿਸਟਮ ਦੀ ਪੜਚੋਲ ਕਰਨੀ ਚਾਹੀਦੀ ਹੈ।”