ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਡੀ ਆਈ ਜੀ ਭੁੱਲਰ ਰਿਸ਼ਵਤ ਦੇ ਦੋਸ਼ ਹੇਠ ਗ੍ਰਿਫ਼ਤਾਰ

ਸੀ ਬੀ ਆੲੀ ਦੀਆਂ ਟੀਮਾਂ ਨੇ ਦੋ ਹਫ਼ਤੇ ਤੋਂ ਰੱਖੀ ਹੋੲੀ ਸੀ ਨਜ਼ਰ
Advertisement

ਸੀ ਬੀ ਆਈ ਨੇ ਰੂਪਨਗਰ ਰੇਂਜ ਦੇ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ ਅੱਜ ਇਥੇ ਸਥਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚਲੇ ਦਫ਼ਤਰ ਵਿਚੋਂ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਮੰਡੀ ਗੋਬਿੰਦਗੜ੍ਹ ਦੇ ਕਾਰੋਬਾਰੀ ਕੋਲੋਂ ਰਿਸ਼ਵਤ ਲੈਂਦਿਆਂ ਡੀ ਆਈ ਜੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੀ ਬੀ ਆਈ ਵੱਲੋਂ ਹਾਲੇ ਤੱਕ ਇਸ ਮਾਮਲੇ ਬਾਰੇ ਅਧਿਕਾਰਿਤ ਤੌਰ ’ਤੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਜਾਣਕਾਰੀ ਮੁਤਾਬਿਕ ਮੰਡੀ ਗੋਬਿੰਦਗੜ੍ਹ ਦੇ ਸਕਰੈਪ ਵਪਾਰੀ ਦੀ ਸ਼ਿਕਾਇਤ ਉੱਤੇ ਜਾਂਚ ਏਜੰਸੀ ਦੀਆਂ ਟੀਮਾਂ ਪਿਛਲੇ ਦੋ ਹਫ਼ਤਿਆਂ ਤੋਂ ਭੁੱਲਰ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖ ਰਹੀਆਂ ਸਨ। ਸੀ ਬੀ ਆਈ ਦੀਆਂ ਟੀਮਾਂ ਨੇ ਬਕਾਇਦਾ ਟਰੈਪ ਲਗਾ ਕੇ ਡੀ ਆਈ ਜੀ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਇਸ ਦੌਰਾਨ ਇੱਕ ਹੋਰ ਵਿਅਕਤੀ ਨੂੰ ਵੀ ਕਾਬੂ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਸੀ ਬੀ ਆਈ ਦੀਆਂ ਟੀਮਾਂ ਨੇ ਭੁੱਲਰ ਦੇ ਦਫ਼ਤਰ ਦੀ ਵੀ ਤਲਾਸ਼ੀ ਲਈ ਅਤੇ ਉਨ੍ਹਾਂ ਦੀਆਂ ਕਈ ਨਿੱਜੀ ਡਾਇਰੀਆਂ ਕਬਜ਼ੇ ਵਿਚ ਲਈਆਂ ਹਨ। ਉਨ੍ਹਾਂ ਦੇ ਰੂਪਨਗਰ ਸਥਿਤ ਦਫ਼ਤਰ, ਚੰਡੀਗੜ੍ਹ ਰਿਹਾਇਸ਼ ਅਤੇ ਹੋਰ ਟਿਕਾਣਿਆਂ ਉੱਤੇ ਵੀ ਛਾਪੇ ਮਾਰੇ ਹਨ। ਸੀ ਬੀ ਆਈ ਵੱਲੋਂ ਸਾਰੀ ਕਾਰਵਾਈ ਇੰਨੇ ਗੁਪਤ ਢੰਗ ਨਾਲ ਕੀਤੀ ਗਈ ਕਿ ਕਿਸੇ ਨੂੰ ਮਾਮਲੇ ਦੀ ਭਿਣਕ ਤੱਕ ਵੀ ਨਹੀਂ ਪਈ ਅਤੇ ਸਾਰੀ ਕਾਰਵਾਈ ਮੁਕੰਮਲ ਹੋਣ ਮਗਰੋਂ ਹੀ ਭੁੱਲਰ ਨੂੰ ਗ੍ਰਿਫ਼ਤਾਰ ਕਰਨ ਬਾਰੇ ਸੂਚਨਾ ਬਾਹਰ ਆਈ। ਡੀ ਆਈ ਜੀ ਦੀ ਗ੍ਰਿਫ਼ਤਾਰੀ ਮਗਰੋਂ ਮੁਹਾਲੀ ਪੁਲੀਸ ਵਿਚ ਹਲ-ਚਲ ਮਚ ਗਈ ਹੈ। ਕੋਈ ਵੀ ਅਧਿਕਾਰੀ ਇਸ ਮਾਮਲੇ ਬਾਰੇ ਕੁੱਝ ਵੀ ਕਹਿਣ ਲਈ ਤਿਆਰ ਨਹੀਂ ਹੈ। ਡੀ ਆਈ ਜੀ ਭੁੱਲਰ 2007 ਬੈਚ ਦੇ ਆਈ ਪੀ ਐੱਸ ਅਧਿਕਾਰੀ ਹਨ ਅਤੇ ਉਨ੍ਹਾਂ ਦੇ ਪਿਤਾ ਮਹਿਲ ਸਿੰਘ ਭੁੱਲਰ ਪੰਜਾਬ ਪੁਲੀਸ ਦੇ ਡੀ ਜੀ ਪੀ ਰਹਿ ਚੁੱਕੇ ਹਨ। ਉਨ੍ਹਾਂ ਨੂੰ ਪਿਛਲੇ ਸਾਲ 27 ਨਵੰਬਰ ਨੂੰ ਰੂਪਨਗਰ ਰੇਂਜ ਦਾ ਡੀ ਆਈ ਜੀ ਲਗਾਇਆ ਗਿਆ ਸੀ। ਪਤਾ ਲੱਗਿਆ ਹੈ ਕਿ ਸੀ ਬੀ ਆਈ ਭੁੱਲਰ ਨੂੰ ਭਲਕੇ ਮੁਹਾਲੀ ਸਥਿਤ ਸੀ ਬੀ ਆਈ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰ ਸਕਦੀ ਹੈ।

ਚੰਡੀਗੜ੍ਹ ਰਿਹਾਇਸ਼ ਤੋਂ 5 ਕਰੋੜ ਰੁਪਏ, ਡੇਢ ਕਿਲੋ ਸੋਨਾ ਤੇ 22 ਮਹਿੰਗੀਆਂ ਘੜੀਆਂ ਬਰਾਮਦ

ਚੰਡੀਗੜ੍ਹ (ਆਤਿਸ਼ ਗੁਪਤਾ): ਸੀ ਬੀ ਆਈ ਵੱਲੋਂ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਉਨ੍ਹਾਂ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਛਾਪਾ ਮਾਰਿਆ ਗਿਆ ਜਿਥੋਂ 5 ਕਰੋੜ ਰੁਪਏ ਨਕਦ, ਡੇਢ ਕਿਲੋ ਸੋਨਾ, 22 ਮਹਿੰਗੀਆਂ ਘੜੀਆਂ, ਮਹਿੰਗੀ ਸ਼ਰਾਬ ਦੀਆਂ 40 ਬੋਤਲਾਂ, ਦੋ ਮਹਿੰਗੀਆਂ ਗੱਡੀਆਂ ਦੀਆਂ ਚਾਬੀਆਂ ਅਤੇ ਪੰਜਾਬ ਵਿੱਚ ਕੁਝ ਜਾਇਦਾਦਾਂ ਦੇ ਕਾਗ਼ਜ਼ ਬਰਾਮਦ ਕੀਤੇ ਗਏ ਹਨ। ਮੰਡੀ ਗੋਬਿੰਦਗੜ੍ਹ ਦੇ ਸਕਰੈਪ ਕਾਰੋਬਾਰੀ ਆਕਾਸ਼ ਬੱਤਾ ਨੇ 11 ਅਕਤੂਬਰ ਨੂੰ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਖ਼ਿਲਾਫ਼ ਸ਼ਿਕਾਇਤ ਦਿੱਤੀ ਸੀ। ਉਸ ਨੇ ਦੋਸ਼ ਲਾਇਆ ਸੀ ਕਿ ਭੁੱਲਰ ਨੇ ਕਿਰਸ਼ਾਨੂੰ ਨਾਮ ਦੇ ਵਿਅਕਤੀ ਵੱਲੋਂ ਥਾਣਾ ਸਰਹਿੰਦ ਵਿੱਚ 2023 ਵਿੱਚ ਦਰਜ ਕੇਸ ਦਾ ਨਿਬੇੜਾ ਕਰਵਾਉਣ ਲਈ ‘ਸੇਵਾ-ਪਾਣੀ’ ਦੇ ਨਾਮ ’ਤੇ 28 ਲੱਖ ਰੁਪਏ ਮੰਗੇ ਸਨ। ਸੀ ਬੀ ਆਈ ਨੇ ਅੱਜ ਵਿਚੋਲੇ ਕਿਰਸ਼ਾਨੂੰ ਨੂੰ ਚੰਡੀਗੜ੍ਹ ਦੇ ਸੈਕਟਰ-21 ਵਿੱਚੋਂ 8 ਲੱਖ ਰੁਪਏ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਸੀ ਬੀ ਆਈ ਟੀਮ ਨੇ ਡੀ ਆਈ ਜੀ ਦੀ ਚੰਡੀਗੜ੍ਹ ਦੇ ਸੈਕਟਰ 40 ਸਥਿਤ ਰਿਹਾਇਸ਼ ’ਤੇ ਜਾਂਚ ਸ਼ੁਰੂ ਕੀਤੀ ਜਿਥੋਂ ਤਿੰਨ ਬੈੱਗ ਅਤੇ ਇਕ ਅਟੈਚੀ ਵਿੱਚੋਂ ਨਕਦੀ ਬਰਾਮਦ ਕੀਤੀ ਗਈ। ਸੀ ਬੀ ਆਈ ਨੇ ਹਰਚਰਨ ਭੁੱਲਰ ਦੇ ਸਮਰਾਲਾ ਫਾਰਮ ਹਾਊਸ ’ਤੇ ਵੀ ਛਾਪਾ ਮਾਰਿਆ ਹੈ। ਜ਼ਿਕਰਯੋਗ ਹੈ ਕਿ ਹਰਚਰਨ ਸਿੰਘ ਭੁੱਲਰ ਰੋਪੜ ਰੇਂਜ ਵਿੱਚ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਵਿੱਚ ਸ਼ਾਮਿਲ ਸਨ। ਉਨ੍ਹਾਂ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਵੀ ਕੀਤੀ ਸੀ ਜਿਸ ਨੇ ਨਸ਼ਾ ਤਸਕਰੀ ਦੇ ਦੋਸ਼ਾਂ ਵਿੱਚ ਅਕਾਲੀ ਆਗੂ ਬਿਕਰਮ ਮਜੀਠੀਆ ਤੋਂ ਪੁੱਛ-ਗਿੱਛ ਕੀਤੀ ਸੀ।

Advertisement

 

 

Advertisement
Show comments