ਮੋਦੀ ਨੂੰ 75 ਸਾਲ ਮਗਰੋਂ ਰਿਟਾਇਰ ਹੋਣ ਦਾ ਸੁਝਾਅ ਨਹੀਂ ਦਿੱਤਾ: ਭਾਗਵਤ
ਰਾਸ਼ਟਰੀ ਸਵੈਮਸੇਵਕ ਸੰਘ (ਆਰ ਐੱਸ ਐੱਸ) ਦੇ ਮੁਖੀ ਮੋਹਨ ਭਾਗਵਤ ਨੇ ਅੱਜ ਕਿਹਾ ਕਿ ਇਸਲਾਮ ਦਾ ਭਾਰਤ ’ਚ ਹਮੇਸ਼ਾ ਸਥਾਨ ਰਹੇਗਾ। ਸੰਘ ਅਤੇ ਭਾਜਪਾ ’ਚ ਮਤਭੇਦ ਹੋਣ ਦੀਆਂ ਰਿਪੋਰਟਾਂ ਨਕਾਰਦਿਆਂ ਉਨ੍ਹਾਂ ਕਿਹਾ ਕਿ ਅਖੰਡ ਭਾਰਤ ਅਟੱਲ ਹਕੀਕਤ ਹੈ। ਕਰੀਬ ਢਾਈ ਘੰਟਿਆਂ ਤੱਕ ਚੱਲੇ ਸਵਾਲ-ਜਵਾਬ ਸੈਸ਼ਨ ਦੌਰਾਨ ਭਾਗਵਤ ਨੇ ਸਿਆਸਤਦਾਨਾਂ ਲਈ ਸੇਵਾਮੁਕਤੀ ਦੀ ਉਮਰ 75 ਸਾਲ ਕਰਨ, ਮਨੂਸਮ੍ਰਿਤੀ, ਮਸਨੂਈ ਬੌਧਿਕਤਾ, ਟੈਰਿਫ਼, ਜਾਤ-ਪਾਤ, ਸਿੱਖਿਆ, ਦੇਸ਼ਭਗਤੀ, ਵੰਡ, ਰਾਸ਼ਟਰੀ ਭਾਸ਼ਾ, ਮੁਸਲਮਾਨਾਂ ’ਤੇ ਹਮਲਿਆਂ ਅਤੇ ਗ਼ੈਰਕਾਨੂੰਨੀ ਪਰਵਾਸ ਆਦਿ ਅਹਿਮ ਮੁੱਦਿਆਂ ਦੇ ਜਵਾਬ ਦਿੱਤੇ। ਭਾਗਵਤ ਨੇ ਕਿਹਾ, ‘‘ਮੈਂ ਕਦੇ ਵੀ ਨਹੀਂ ਆਖਿਆ ਕਿ ਮੈਂ ਜਾਂ ਕੋਈ ਹੋਰ 75 ਸਾਲ ਮਗਰੋਂ ਰਿਟਾਇਰ ਹੋਣਾ ਚਾਹੀਦਾ ਹੈ।’’ ਇਸ ਬਿਆਨ ਨਾਲ ਉਨ੍ਹਾਂ ਇਨ੍ਹਾਂ ਕਿਆਸਾਂ ’ਤੇ ਵਿਰਾਮ ਲਗਾ ਦਿੱਤਾ ਕਿ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੁਝਾਅ ਦਿੱਤਾ ਸੀ ਕਿ ਉਹ ਸਤੰਬਰ ’ਚ 75 ਸਾਲ ਦੇ ਹੋਣ ਮਗਰੋਂ ਸਿਆਸਤ ਤੋਂ ਸੇਵਾਮੁਕਤ ਹੋ ਜਾਣਗੇ। ਉਨ੍ਹਾਂ ਕਿਹਾ, ‘‘ਸੰਘ ਸ਼ਾਖਾਵਾਂ ਅਤੇ ਭਾਜਪਾ ਸਰਕਾਰ ਚਲਾਉਣਾ ਜਾਣਦੀ ਹੈ। ਅਸੀਂ ਸਿਰਫ਼ ਇਕ-ਦੂਜੇ ਨੂੰ ਸੁਝਾਅ ਦਿੰਦੇ ਹਾਂ।’’ ਉਨ੍ਹਾਂ ਕਿਹਾ ਕਿ ਕਾਸ਼ੀ, ਮਥੁਰਾ ਅਤੇ ਅਯੁੱਧਿਆ ਨੂੰ ਛੱਡ ਕੇ ਕਿਸੇ ਹੋਰ ਮੰਦਰ ਜਾਂ ਸ਼ਿਵਲਿੰਗ ਨੂੰ ਲੱਭਣ ਦੀ ਲੋੜ ਨਹੀਂ ਹੈ। ਅਮਰੀਕਾ-ਭਾਰਤ ਟੈਰਿਫ਼ ਬਾਰੇ ਭਾਗਵਤ ਨੇ ਕਿਹਾ ਕਿ ਕੌਮਾਂਤਰੀ ਵਪਾਰ ਜ਼ਰੂਰੀ ਹੈ ਪਰ ਦਬਾਅ ਹੇਠ ਕਿਸੇ ਨਾਲ ਕੋਈ ਦੋਸਤੀ ਨਹੀਂ ਹੋ ਸਕਦੀ ਹੈ। ਸੰਘ ਨੂੰ ਸਵਦੇਸ਼ੀ ਅਤੇ ਆਤਮ-ਨਿਰਭਰ ’ਚ ਯਕੀਨ ਹੋਣ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ, ‘‘ਅਸੀਂ ਟਰੰਪ ਨਾਲ ਸਿੱਝਣ ਲਈ ਸਰਕਾਰ ਨੂੰ ਨਹੀਂ ਦੱਸਦੇ ਹਾਂ। ਉਹ ਇਹ ਬਾਖੂਬੀ ਜਾਣਦੇ ਹਨ ਅਤੇ ਅਸੀਂ ਸਰਕਾਰ ਦੀ ਪੂਰੀ ਹਮਾਇਤ ਕਰਾਂਗੇ।’’ ਸੰਘ ਮੁਖੀ ਨੇ ਕਿਹਾ ਕਿ ਇਹ ਆਖਣਾ ਗਲਤ ਹੈ ਕਿ ਆਰਐੱਸਐੱਸ ਨੇ ਵੰਡ ਦਾ ਵਿਰੋਧ ਨਹੀਂ ਕੀਤਾ ਸੀ। ਉਨ੍ਹਾਂ ਕਿਹਾ ਕਿ ਸੰਘ ਨੇ ਵੰਡ ਦਾ ਵਿਰੋਧ ਕੀਤਾ ਸੀ ਪਰ ਸੰਘ ਕੋਲ ਉਸ ਸਮੇਂ ਕੋਈ ਤਾਕਤ ਨਹੀਂ ਸੀ ਅਤੇ ਪੂਰਾ ਮੁਲਕ ਮਹਾਤਮਾ ਗਾਂਧੀ ਦੇ ਪਿੱਛੇ ਲੱਗਿਆ ਹੋਇਆ ਸੀ। ਸੰਘ ਅਤੇ ਭਾਜਪਾ ਵਿਚਾਲੇ ਕੋਈ ਮਤਭੇਦ ਨਾ ਹੋਣ ਦਾ ਦਾਅਵਾ ਕਰਦਿਆਂ ਭਾਗਵਤ ਨੇ ਕਿਹਾ ਕਿ ਕੇਂਦਰ ਅਤੇ ਸੂਬਿਆਂ ’ਚ ਭਾਜਪਾ ਸਰਕਾਰ ਚਲਾ ਰਹੀ ਹੈ। ਭਾਜਪਾ ਪ੍ਰਧਾਨ ਦੀ ਚੋਣ ਦਾ ਫ਼ੈਸਲਾ ਸੰਘ ਵੱਲੋਂ ਕੀਤੇ ਜਾਣ ਦੇ ਦਾਅਵੇ ਨੂੰ ਰੱਦ ਕਰਦਿਆਂ ਸੰਘ ਮੁਖੀ ਨੇ ਕਿਹਾ ਕਿ ਉਹ ਅਜਿਹੇ ਫ਼ੈਸਲੇ ਨਹੀਂ ਲੈਂਦੇ ਹਨ ਅਤੇ ਜੇ ਉਹ ਭਾਜਪਾ ਪ੍ਰਧਾਨ ਜਾਂ ਮੰਤਰੀ ਤੈਅ ਕਰਦੇ ਹੁੰਦੇ ਤਾਂ ਹੁਣ ਤੱਕ ਭਾਜਪਾ ਦੇ ਨਵੇਂ ਪ੍ਰਧਾਨ ਦੇ ਨਾਮ ਨੂੰ ਇੰਨਾ ਸਮਾਂ ਨਹੀਂ ਲੱਗਣਾ ਸੀ। ਆਰਐੱਸਐੱਸ ਮੁਖੀ ਮੋਹਨ ਭਾਗਵਤ ਨੇ ਤਿੰਨ ਬੱਚਿਆਂ ਅਤੇ ਤਿੰਨ ਭਾਸ਼ਾਵਾਂ ਦੀ ਜਾਣਕਾਰੀ ਹੋਣ ਦੀ ਵਕਾਲਤ ਕੀਤੀ ਹੈ। ਉਨ੍ਹਾਂ ਕਿਹਾ ਕਿ ਅਬਾਦੀ ਕੰਟਰੋਲ ਹੇਠ ਰੱਖਣ ਅਤੇ ਸੱਭਿਅਤਾ ਬਚਾ ਕੇ ਰੱਖਣ ਲਈ ਸਾਰੇ ਭਾਰਤੀ ਪਰਿਵਾਰਾਂ ’ਚ ਤਿੰਨ ਬੱਚੇ ਹੋਣੇ ਚਾਹੀਦੇ ਹਨ। ਭਾਗਵਤ ਨੇ ਕਿਹਾ ਕਿ ਹਰੇਕ ਭਾਰਤੀ ਨੂੰ ਮਾਂ ਬੋਲੀ, ਸੂਬੇ ਦੀ ਭਾਸ਼ਾ ਅਤੇ ਇਕ ਸਾਂਝੀ ਭਾਸ਼ਾ ਸਿੱਖਣ ਦੀ ਲੋੜ ਹੈ। -ਪੀਟੀਆਈ