ਧੌਲੀਗੰਗਾ ਪ੍ਰਾਜੈਕਟ: ਜ਼ਮੀਨ ਖਿਸਕਣ ਕਾਰਨ 11 NHPC ਕਾਮੇ ਸੁਰੰਗ ’ਚ ਫਸੇ, ਅੱਠ ਨੂੰ ਬਚਾਇਆ
ਉਤਰਾਖੰਡ ਦੇ ਪਿਥੌਰਾਗੜ੍ਹ ਵਿੱਚ ਧੌਲੀਗੰਗਾ ਪਾਵਰ ਪ੍ਰਾਜੈਕਟ ਦੇ ਕੰਮ ਦੌਰਾਨ ਜ਼ਮੀਨ ਖਿਸਕਣ ਕਾਰਨ ਆਮ ਅਤੇ ਐਮਰਜੈਂਸੀ ਸੁਰੰਗਾਂ ਬੰਦ ਹੋ ਗਈਆਂ, ਜਿਸ ਕਾਰਨ ਨੈਸ਼ਨਲ ਹਾਈਡ੍ਰੋਇਲੈੱਕਟ੍ਰਿਕ ਪਾਵਰ ਕਾਰਪੋਰੇਸ਼ਨ ਲਿਮਟਿਡ (NHPC) ਦੇ 11 ਕਾਮੇ ਇੱਕ ਪਾਵਰ ਹਾਊਸ ਦੇ ਅੰਦਰ ਫਸ ਗਏ। ਜਦੋਂ ਕਿ ਅੱਠ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ।
ਧਾਰਚੁਲਾ ਦੇ ਡਿਪਟੀ ਜ਼ਿਲ੍ਹਾ ਮੈਜਿਸਟ੍ਰੇਟ ਜਤਿੰਦਰ ਵਰਮਾ ਨੇ ਕਿਹਾ ਕਿ ਮਲਬਾ ਹਟਾਉਣ ਲਈ ਮਸ਼ੀਨਾਂ ਲਗਾਈਆਂ ਗਈਆਂ ਹਨ ਅਤੇ ਸ਼ਾਮ ਤੱਕ ਰਸਤਾ ਸਾਫ਼ ਕਰ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਸਾਰੇ ਵਰਕਰ ਬਾਹਰ ਆ ਸਕਣਗੇ।
ਜ਼ਿਲ੍ਹੇ ਵਿੱਚ ਧਾਰਚੁਲਾ ਨੇੜੇ ਈਲਾਗੜ੍ਹ ਖੇਤਰ ਵਿੱਚ ਧੌਲੀਗੰਗਾ ਪਾਵਰ ਪ੍ਰਾਜੈਕਟ ਦੀਆਂ ਆਮ ਅਤੇ ਐਮਰਜੈਂਸੀ ਸੁਰੰਗਾਂ ਵੱਲ ਜਾਣ ਵਾਲਾ ਰਾਹ ਭਾਰੀ ਬਾਰਿਸ਼ ਮਗਰੋਂ ਜ਼ਮੀਨ ਖਿਸਕਣ ਕਾਰਨ ਬੰਦ ਹੋ ਗਿਆ ਸੀ।
ਉਨ੍ਹਾਂ ਕਿਹਾ ਕਿ ਮਲਬਾ ਲਗਾਤਾਰ ਡਿੱਗਣ ਦੇ ਬਾਵਜੂਦ ਸਰਹੱਦੀ ਸੜਕ ਸੰਗਠਨ ਦੀਆਂ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਰਾਹ ਸਾਫ਼ ਕਰਨ ਦਾ ਕੰਮ ਜਾਰੀ ਹੈ।
ਵਰਮਾ ਨੇ ਕਿਹਾ ਕਿ ਸਾਰੇ ਵਰਕਰ ਸੁਰੱਖਿਅਤ ਹਨ ਅਤੇ ਪਾਵਰ ਹਾਊਸ ਤੱਕ ਜਾਣ ਦਾ ਰਾਹ ਖੁੱਲ੍ਹਣ ਤੋਂ ਬਾਅਦ ਉਹ ਬਾਹਰ ਆ ਜਾਣਗੇ।
ਉਨ੍ਹਾਂ ਕਿਹਾ ਕਿ ਬਿਜਲੀ ਪ੍ਰਾਜੈਕਟ ਤੋਂ ਬਿਜਲੀ ਉਤਪਾਦਨ ਆਮ ਵਾਂਗ ਜਾਰੀ ਹੈ।
