ਧਨਖੜ ਪਿਛਲੇ 100 ਦਿਨਾਂ ਤੋਂ ਪੂਰੀ ਤਰ੍ਹਾਂ ‘ਖਾਮੋਸ਼’, ਰਸਮੀ ਵਿਦਾਇਗੀ ਸਮਾਗਮ ਵੀ ਨਹੀਂ ਹੋਇਆ: ਕਾਂਗਰਸ
ਕਾਂਗਰਸ ਨੇ ਅੱਜ ਕਿਹਾ ਕਿ ਸਾਬਕਾ ਰਾਸ਼ਟਰਪਤੀ ਜਗਦੀਪ ਧਨਖੜ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਪਿਛਲੇ 100 ਦਿਨਾਂ ਤੋਂ ‘ਪੂਰੀ ਤਰ੍ਹਾਂ ਖਾਮੋਸ਼’ ਹਨ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਧਨਖੜ ਆਪਣੇ ਤੋਂ ਪਹਿਲੇ ਉਪ ਰਾਸ਼ਟਰਪਤੀਆਂ ਵਾਂਗ ਘੱਟੋ ਘੱਟ ਵਿਦਾਇਗੀ ਸਮਾਗਮਦੇ ਹੱਕਦਾਰ ਸਨ। ਰਮੇਸ਼ ਨੇ ਕਿਹਾ ਕਿ ਅੱਜ ਤੋਂ ਠੀਕ 100 ਦਿਨ ਪਹਿਲਾਂ ਭਾਰਤ ਦੇ ਸਿਆਸੀ ਇਤਿਹਾਸ ਦੀ ਇਕ ਅਸਧਾਰਨ ਘਟਨਾ ਵਾਪਰੀ ਸੀ।
ਰਮੇਸ਼ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਅਚਾਨਕ ਅਤੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ 21 ਜੁਲਾਈ ਦੀ ਦੇਰ ਰਾਤ ਨੂੰ ਭਾਰਤ ਦੇ ਉਪ ਰਾਸ਼ਟਰਪਤੀ ਸ੍ਰੀ ਜਗਦੀਪ ਧਨਖੜ ਨੇ ਅਸਤੀਫਾ ਦੇ ਦਿੱਤਾ। ਇਹ ਸਪੱਸ਼ਟ ਸੀ ਕਿ ਉਨ੍ਹਾਂ ਨੂੰ ਅਜਿਹਾ ਕਰਨ ਲਈ ਮਜਬੂਰ ਕੀਤਾ ਗਿਆ ਸੀ, ਭਾਵੇਂ ਕਿ ਉਹ ਦਿਨ-ਰਾਤ ਪ੍ਰਧਾਨ ਮੰਤਰੀ ਦੇ ਗੁਣ ਗਾਉਂਦੇ ਰਹੇ ਸਨ।’’
ਕਾਂਗਰਸ ਆਗੂ ਨੇ ਕਿਹਾ ਕਿ ਪਿਛਲੇ 100 ਦਿਨਾਂ ਤੋਂ, ਸਾਬਕਾ ਉਪ ਰਾਸ਼ਟਰਪਤੀ ਜੋ ਰੋਜ਼ਾਨਾ ਸੁਰਖੀਆਂ ਵਿੱਚ ਰਹਿੰਦੇ ਸਨ, ਪੂਰੀ ਤਰ੍ਹਾਂ ‘ਖਾਮੋਸ਼, ਅਣਦੇਖੇ ਅਤੇ ਅਣਸੁਣੇ’ ਰਹੇ ਹਨ। ਰਮੇਸ਼ ਨੇ ਕਿਹਾ ਕਿ ਰਾਜ ਸਭਾ ਦੇ ਚੇਅਰਮੈਨ ਵਜੋਂ, ਸਾਬਕਾ ਉਪ ਰਾਸ਼ਟਰਪਤੀ ਵਿਰੋਧੀ ਧਿਰ ਦੇ ਚੰਗੇ ਦੋਸਤ ਨਹੀਂ ਸਨ। ਉਨ੍ਹਾਂ ਕਿਹਾ, ‘‘ਉਹ ਲਗਾਤਾਰ ਅਤੇ ਬੇਇਨਸਾਫ਼ੀ ਨਾਲ ਵਿਰੋਧੀ ਧਿਰ ਦੀ ਖਿਚਾਈ ਕਰਦੇ ਸਨ। ਫਿਰ ਵੀ ਜਮਹੂਰੀ ਰਵਾਇਤਾਂ ਮੁਤਾਬਕ, ਵਿਰੋਧੀ ਧਿਰ ਇਹ ਕਹਿ ਰਹੀ ਹੈ ਕਿ ਉਹ ਘੱਟੋ ਘੱਟ ਇੱਕ ਵਿਦਾਇਗੀ ਸਮਾਗਮ ਦੇ ਹੱਕਦਾਰ ਹਨ ਜਿਵੇਂ ਕਿ ਉਨ੍ਹਾਂ ਤੋਂ ਪਹਿਲੇ ਉਪ ਰਾਸ਼ਟਰਪਤੀ ਨੂੰ ਮਿਲਦੀ ਰਹੀ ਹੈ। ਪਰ ਅਜਿਹਾ ਨਹੀਂ ਹੋਇਆ।’’
