ਧਨਖੜ ਨੇ ਸਾਬਕਾ ਵਿਧਾਇਕ ਵਜੋਂ ਪੈਨਸ਼ਨ ਲਈ ਅਰਜ਼ੀ ਦਿੱਤੀ
ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਰਾਜਸਥਾਨ ਵਿਧਾਨ ਸਭਾ ਵਿੱਚ ਸਾਬਕਾ ਵਿਧਾਇਕ ਵਜੋਂ ਪੈਨਸ਼ਨ ਲਈ ਅਰਜ਼ੀ ਦਿੱਤੀ ਹੈ। ਧਨਖੜ 1993 ਤੋਂ 1998 ਤੱਕ ਕਿਸ਼ਨਗੜ੍ਹ ਵਿਧਾਨ ਸਭਾ ਸੀਟ ਤੋਂ ਕਾਂਗਰਸ ਵਿਧਾਇਕ ਸਨ। ਉਹ ਜੁਲਾਈ 2019 ਤੱਕ ਸਾਬਕਾ ਵਿਧਾਇਕ ਵਜੋਂ ਪੈਨਸ਼ਨ ਲੈ ਰਹੇ ਸਨ। ਧਨਖੜ ਨੂੰ ਪੱਛਮੀ ਬੰਗਾਲ ਦਾ ਰਾਜਪਾਲ ਨਿਯੁਕਤ ਕੀਤੇ ਜਾਣ ਤੋਂ ਬਾਅਦ ਇਹ ਪੈਨਸ਼ਨ ਬੰਦ ਕਰ ਦਿੱਤੀ ਗਈ ਸੀ। 21 ਜੁਲਾਈ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਉਨ੍ਹਾਂ ਨੇ ਰਾਜਸਥਾਨ ਵਿਧਾਨ ਸਭਾ ਸਕੱਤਰੇਤ ਨੂੰ ਸਾਬਕਾ ਵਿਧਾਇਕ ਵਜੋਂ ਪੈਨਸ਼ਨ ਬਹਾਲ ਕਰਨ ਲਈ ਨਵੇਂ ਸਿਰੇ ਤੋਂ ਅਰਜ਼ੀ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਕੱਤਰੇਤ ਨੇ ਇਸ ਅਰਜ਼ੀ ’ਤੇ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਰਾਜਸਥਾਨ ਵਿੱਚ ਸਾਬਕਾ ਵਿਧਾਇਕ ਲਈ ਇੱਕ ਕਾਰਜਕਾਲ ਦੀ ਪੈਨਸ਼ਨ 35,000 ਰੁਪਏ ਪ੍ਰਤੀ ਮਹੀਨਾ ਤੋਂ ਸ਼ੁਰੂ ਹੁੰਦੀ ਹੈ ਅਤੇ ਵਾਧੂ ਕਾਰਜਕਾਲ ਤੇ ਉਮਰ ਦੇ ਨਾਲ ਵਧਦੀ ਹੈ। ਅਧਿਕਾਰੀਆਂ ਅਨੁਸਾਰ 74 ਸਾਲਾ ਧਨਖੜ ਸਾਬਕਾ ਵਿਧਾਇਕ ਵਜੋਂ 42,000 ਰੁਪਏ ਪ੍ਰਤੀ ਮਹੀਨਾ ਦੇ ਹੱਕਦਾਰ ਹਨ।