Air India ਨੇ 3 ਅਧਿਕਾਰੀਆਂ ਨੂੰ ਖ਼ਾਮੀਆਂ ਕਾਰਨ ਕਰੂ ਰੋਸਟਰਿੰਗ ਸਬੰਧੀ ਜ਼ਿੰਮੇਵਾਰੀਆਂ ਤੋਂ ਹਟਾਇਆ
ਮੁੰਬਈ, 21 ਜੂਨ
ਦੇਸ਼ ਦੇ ਹਵਾਬਾਜ਼ੀ ਸੁਰੱਖਿਆ ਨਿਗਰਾਨੀ ਅਦਾਰੇ DGCA ਨੇ ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰ ਇੰਡੀਆ (Tata Group-owned Air India) ਨੂੰ ਹਦਾਇਤ ਦਿੱਤੀ ਹੈ ਕਿ ਉਹ ਆਪਣੇ ਤਿੰਨ ਅਧਿਕਾਰੀਆਂ ਨੂੰ ਗੰਭੀਰ ਸੁਰੱਖਿਆ ਖਾਮੀਆਂ ਕਾਰਨ ਕਰੂ ਸ਼ਡਿਊਲਿੰਗ ਅਤੇ ਰੋਸਟਰਿੰਗ ਨਾਲ ਸਬੰਧਤ ਸਾਰੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਤੋਂ ਹਟਾ ਦੇਵੇ। ਅਜਿਹੇ ਅਧਿਕਾਰੀਆਂ ਵਿਚ ਇੱਕ ਡਿਵੀਜ਼ਨਲ ਵਾਈਸ ਪ੍ਰੈਜ਼ੀਡੈਂਟ ਵੀ ਸ਼ਾਮਲ ਹੈ।
ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (Directorate General of Civil Aviation - DGCA) ਨੇ ਆਪਣੇ 20 ਜੂਨ ਦੇ ਹੁਕਮ ਵਿੱਚ ਏਅਰਲਾਈਨ ਨੂੰ ਬਿਨਾਂ ਦੇਰੀ ਕੀਤੇ ਇਨ੍ਹਾਂ ਤਿੰਨ ਅਧਿਕਾਰੀਆਂ ਵਿਰੁੱਧ ਕਾਰਵਾਈ ਸ਼ੁਰੂ ਕਰਨ ਦੀ ਹਦਾਇਤ ਵੀ ਦਿੱਤੀ ਸੀ। ਦੂਜੇ ਪਾਸੇ ਏਅਰ ਇੰਡੀਆ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਨੇ ਰੈਗੂਲੇਟਰ ਦੀਆਂ ਹਦਾਇਤਾਂ ਨੂੰ ਮੰਨ ਲਿਆ ਹੈ ਅਤੇ ਹੁਕਮਾਂ ਨੂੰ ਲਾਗੂ ਕਰ ਦਿੱਤਾ ਹੈ।
ਏਅਰਲਾਈਨ ਨੇ ਸ਼ਨਿੱਚਰਵਾਰ ਨੂੰ ਆਪਣੇ ਬਿਆਨ ਵਿੱਚ ਕਿਹਾ, ‘‘ਇਸ ਦੌਰਾਨ ਕੰਪਨੀ ਦੇ ਮੁੱਖ ਸੰਚਾਲਨ ਅਧਿਕਾਰੀ (Chief Operations Officer) ਏਕੀਕ੍ਰਿਤ ਸੰਚਾਲਨ ਕੰਟਰੋਲ ਕੇਂਦਰ (IOCC) ਦੀ ਸਿੱਧੀ ਨਿਗਰਾਨੀ ਕਰਨਗੇ। ਏਅਰ ਇੰਡੀਆ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਸੁਰੱਖਿਆ ਪ੍ਰੋਟੋਕੋਲ ਅਤੇ ਮਿਆਰੀ ਅਭਿਆਸਾਂ ਦੀ ਪੂਰੀ ਪਾਲਣਾ ਹੋਵੇ।” -ਪੀਟੀਆਈ