ਡੇਰਾ ਮੁਖੀ ਨੂੰ 14ਵੀਂ ਵਾਰ ਮਿਲੀ ਪੈਰੋਲ
ਜਬਰ ਜਨਾਹ ਤੇ ਕਤਲ ਕੇਸ ’ਚ ਰੋਹਤਕ ਦੀ ਸੁਨਾਰੀਆ ਜੇਲ੍ਹ ’ਚ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ 14ਵੀਂ ਵਾਰ ਪੈਰੋਲ ਮਿਲੀ ਹੈ। ਉਸ ਨੂੰ 40 ਦਿਨ ਦੀ ਛੁੱਟੀ ਦਿੱਤੀ ਗਈ ਹੈ ਤੇ ਉਹ ਇਹ ਸਮਾਂ ਡੇਰੇ ’ਚ ਹੀ ਗੁਜ਼ਾਰੇਗਾ। ਡੇਰਾ ਮੁਖੀ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਅੱਜ ਸਵੇਰੇ ਕਰੀਬ ਸਾਢੇ ਅੱਠ ਵਜੇ ਡੇਰਾ ਸਿਰਸਾ ਪਹੁੰਚ ਗਿਆ। ਡੇਰੇ ਪਹੁੰਚਣ ’ਤੇ ਉਸ ਨੇ ਆਪਣਾ ਵੀਡੀਓ ਸੰਦੇਸ਼ ਡੇਰਾ ਪ੍ਰੇਮੀਆਂ ਨੂੰ ਜਾਰੀ ਕੀਤਾ ਹੈ। ਡੇਰਾ ਮੁਖੀ ਨੂੰ ਵੱਖ ਵੱਖ ਤਰ੍ਹਾਂ ਦੀਆਂ ਚੋਣਾਂ ਦੌਰਾਨ ਹੀ ਪੈਰੋਲ ਮਿਲਦੀ ਰਹੀ ਹੈ। ਉਹ ਸਾਧਵੀਆਂ ਦੇ ਜਬਰ-ਜਨਾਹ ਤੋਂ ਇਲਾਵਾ ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਮਾਮਲੇ ’ਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ 20 ਸਾਲ ਦੀ ਕੈਦ ਕੱਟ ਰਿਹਾ ਹੈ। ਉਹ ਇਸ ਤੋਂ ਪਹਿਲਾਂ ਇਸ ਸਾਲ 9 ਅਪਰੈਲ ਨੂੰ 21 ਦਿਨ ਦੀ ਪੈਰੋਲ ’ਤੇ ਆਇਆ ਸੀ। ਡੇਰਾ ਸਿਰਸਾ ਮੁਖੀ ਐਤਕੀਂ 15 ਅਗਸਤ ਨੂੰ ਆਪਣਾ 58ਵਾਂ ਜਨਮ ਦਿਨ ਜੇਲ੍ਹ ਤੋਂ ਬਾਹਰ ਮਨਾਏਗਾ। ਹਾਲਾਂਕਿ ਉਸ ਨੂੰ ਡੇਰੇ ਵਿੱਚ ਭੀੜ ਇਕੱਠੀ ਕਰਨ ਦੀ ਇਜਾਜ਼ਤ ਨਹੀਂ ਹੈ ਪਰ ਉਹ ਵੀਡੀਓ ਰਾਹੀਂ ਡੇਰਾ ਪ੍ਰੇਮੀਆਂ ਨੂੰ ਸੰਬੋਧਨ ਕਰ ਸਕਦਾ ਹੈ। ਡੇਰੇ ਦੇ ਬੁਲਾਰੇ ਰਾਜਿੰਦਰ ਖੁਰਾਣਾ ਨੇ ਦੱਸਿਆ ਹੈ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਕਾਨੂੰਨ ਮੁਤਾਬਕ ਹੀ ਪੈਰੋਲ ਮਿਲੀ ਹੈ। ਅਗਸਤ 2017 ਵਿੱਚ ਡੇਰਾ ਮੁਖੀ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਹੁਣ ਤੱਕ 14 ਵਾਰ ਪੈਰੋਲ ਮਿਲ ਚੁਕੀ ਹੈ। ਡੇਰਾ ਮੁਖੀ ਨੂੰ ਪਹਿਲੀ ਵਾਰ 24 ਅਕਤੂਬਰ 2020 ਨੂੰ ਆਪਣੀ ਮਾਂ ਨੂੰ ਹਸਪਤਾਲ ’ਚ ਮਿਲਣ ਲਈ ਇਕ ਦਿਨ ਦੀ ਪੈਰੋਲ ਮਿਲੀ ਸੀ।